ਬਾਜਵਾ ਪਰਿਵਾਰ ਵਲੋਂ ਨੌਕਰੀ ਛੱਡਣ ’ਤੇ ਬੋਲੇ ਦਾਦੂਵਾਲ, ਬਾਕੀ ਲੀਡਰਾਂ ਨੂੰ ਵੀ ਦਿੱਤੀ ਨਸੀਹਤ

06/28/2021 2:08:02 PM

ਤਲਵੰਡੀ ਸਾਬੋ (ਮਨੀਸ਼) : ਗੁਰਦਾਸਪੁਰ ਕਾਦੀਆਂ ਦੇ ਬਾਜਵਾ ਪਰਿਵਾਰ ਵਲੋਂ ਆਪਣੇ ਪੁੱਤਰ ਲਈ ਤਰਸ ਦੇ ਅਧਾਰ ’ਤੇ ਪੰਜਾਬ ਸਰਕਾਰ ਵਲੋਂ ਡੀ. ਐੱਸ. ਪੀ. ਦੀ ਦਿੱਤੀ ਨੌਕਰੀ ਦਾ ਤਿਆਗ ਕਰਕੇ ਇੱਕ ਚੰਗੀ ਪਿਰਤ ਪਾਈ ਗਈ ਹੈ। ਹੁਣ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਵੀ ਇਸ ’ਤੇ ਅਮਲ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਪ੍ਰੈੱਸਨੋਟ ਰਾਹੀਂ ਮੀਡੀਆ ਨਾਲ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਮੈਂਬਰ ਰਾਜ ਨੂੰਸਭਾ ਅਤੇ ਵਿਧਾਇਕ ਕਾਦੀਆਂ ਫਤਹਿਜੰਗ ਸਿੰਘ ਬਾਜਵਾ ਲੰਬੇ ਸਮੇਂ ਤੋਂ ਸਾਰਾ ਪਰਿਵਾਰ ਰਾਜਨੀਤੀ ਵਿੱਚ ਹੈ। ਉਨ੍ਹਾਂ ਦੇ ਪਿਤਾ ਸਤਨਾਮ ਸਿੰਘ ਬਾਜਵਾ ਪੰਜਾਬ ਸਰਕਾਰ ਵਿੱਚ ਮੰਤਰੀ ਰਹੇ ਹਨ। ਸਤਨਾਮ ਸਿੰਘ ਬਾਜਵਾ ਦੇ ਹੋਏ ਕਤਲ ਨੂੰ ਆਧਾਰ ਬਣਾਕੇ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਤਨਾਮ ਸਿੰਘ ਬਾਜਵਾ ਦੇ ਪੋਤਰੇ ਅਰਜੁਨ ਸਿੰਘ ਬਾਜਵਾ ਸਪੁੱਤਰ (ਫਤਹਿਜੰਗ ਸਿੰਘ ਬਾਜਵਾ) ਨੂੰ ਤਰਸ ਦੇ ਆਧਾਰ ’ਤੇ ਪੰਜਾਬ ਪੁਲਸ ’ਚ ਡੀ. ਐੱਸ. ਪੀ. ਦੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਸੀ। ਇੱਕ ਹੋਰ ਵਿਧਾਇਕ ਦੇ ਪੁੱਤਰ ਨੂੰ ਵੀ ਇਹ ਨੌਕਰੀ ਦਿੱਤੀ ਗਈ, ਜਿਸ ਦੀ ਪੂਰੇ ਪੰਜਾਬ ’ਚ ਚਰਚਾ ਹੋਈ। ਭਾਂਵੇ ਕਿ ਅਰਜਨ ਸਿੰਘ ਬਾਜਵਾ ਉੱਚ ਵਿੱਦਿਆ ਪ੍ਰਾਪਤ ਇਸ ਨੌਕਰੀ ਦੇ ਪੂਰੀ ਤਰ੍ਹਾਂ ਕਾਬਲ ਨੌਜਵਾਨ ਸੀ ਪਰ ਬਾਜਵਾ ਪਰਿਵਾਰ ਨੇ ਇਸ ਨੌਕਰੀ ’ਤੇ ਉੱਠੇ ਸਵਾਲਾਂ ਤੋਂ ਬਾਅਦ ਇਸ ਨੌਕਰੀ ਦਾ ਤਿਆਗ ਕਰ ਦਿੱਤਾ ਹੈ। ਮੈਂ ਸਮਝਦਾ ਬਾਜਵਾ ਪਰਿਵਾਰ ਨੇ ਇਸ ਨੌਕਰੀ ਦਾ ਤਿਆਗ ਕਰਕੇ ਇੱਕ ਚੰਗੀ ਪਿਰਤ ਪਾਈ ਹੈ। ਹੁਣ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਦੇ ਪੁੱਤ, ਪੋਤੇ, ਭੈਣ, ਭਰਾ ਜਾਂ ਜੀਜੇ ਸਾਲੇ ਸਿਰਫ਼ ਰਿਸ਼ਤੇਦਾਰੀਆਂ ਕਰਕੇ ਹੀ ਸਰਕਾਰ ਦੀਆਂ ਸਰਕਾਰੀ ਪੋਸਟਾਂ ਐੱਮ. ਐੱਲ. ਏ., ਐੱਮ. ਪੀ., ਮੰਤਰੀ, ਚੇਅਰਮੈਨ ਬਣਦੇ ਹਨ, ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਅਹੁਦਿਆਂ ਦਾ ਤਿਆਗ ਕੀਤਾ ਜਾਵੇ।

ਇਹ ਵੀ ਪੜ੍ਹੋ : ਵਿਦੇਸ਼ ’ਚ ਪੜ੍ਹਾਈ ਲਈ ਤਿਆਰ 50 ਹਜ਼ਾਰ ਵਿਦਿਆਰਥੀਆਂ ਲਈ ਰਾਹਤ ਲਿਆਇਆ ਕੈਪਟਨ ਦਾ ਫੈਸਲਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਡੋਲਦੀ ਸਿਆਸੀ ਬੇੜੀ ਨੂੰ ਥੰਮੀ ਦੇਣ ਵਾਸਤੇ ਸਾਰਾ ਪੰਜਾਬ ਛੱਡਕੇ ਵਿਧਾਇਕਾਂ ਨੂੰ ਆਪਣੇ ਪੱਲੜੇ ’ਚ ਰੱਖਣ ਵਾਸਤੇ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਇਹ ਨੌਕਰੀ ਦਿੱਤੀ ਸੀ ਪਰ ਬਾਜਵਾ ਪਰਿਵਾਰ ਨੇ ਇਹ ਤਿਆਗ ਕਰਕੇ ਚੰਗੀ ਗੱਲ ਕੀਤੀ ਹੈ। ਦੇਸ਼ ਪੰਜਾਬ ’ਚ ਮਾੜੀ ਪਿਰਤ ਬਾਦਲ ਪਰਿਵਾਰ ਵਲੋਂ ਪਾਈ ਗਈ ਬਾਦਲ ਪਰਿਵਾਰ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਐੱਮ. ਪੀ., ਵਿਧਾਇਕ ਫਿਰ ਉੱਪ ਮੁੱਖ ਮੰਤਰੀ, ਭਤੀਜਾ ਵਿਧਾਇਕ, ਫਿਰ ਖਜ਼ਾਨਾ ਮੰਤਰੀ, ਭਰਾ ਐੱਮ. ਪੀ., ਨੂੰਹ ਐੱਮ. ਪੀ., ਜਵਾਈ ਵਿਧਾਇਕ ਫਿਰ ਮੰਤਰੀ, ਪੁੱਤਰ ਦਾ ਸਾਲਾ ਵਿਧਾਇਕ ਫਿਰ ਮੰਤਰੀ, ਰਸੋਈ ’ਚ ਕੰਮ ਕਰਨ ਵਾਲੇ ਰਸੋਈਏ ਚੇਅਰਮੈਨ, ਡਰਾਈਵਰ ਵੀ ਚੇਅਰਮੈਨ ਲਾ ਦਿੱਤੇ ਜਾਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰ ਹੁੰਦਿਆਂ ਆਪਣੀ ਸਾਲੇਹਾਰ ਨੂੰ ਟਰੱਕ ਯੂਨੀਅਨ ਭੁੱਚੋ ਦੀ ਚੇਅਰਮੈਨ ਲਗਾ ਦਿੱਤਾ ਸੀ। ਸ਼ਾਇਦ ਪੰਜਾਬ ’ਚ ਪਹਿਲੀ ਵਾਰ ਕਿਸੇ ਟਰੱਕ ਯੂਨੀਅਨ ਦੀ ਔਰਤ ਚੇਅਰਮੈਨ ਸੀ, ਕਾਂਗਰਸ ’ਚ ਵੀ ਇਹੀ ਘਾਲਾ ਮਾਲਾ ਹੈ, ਜਿਸ ਦੇ ਨਾਲ ਆਮ ਲੋਕਾਂ ਦੇ ਹੱਕ ’ਤੇ ਡਾਕਾ ਵੱਜਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਆਮ ਲੋਕਾਂ ਦੇ ਵਾਸਤੇ ਵੀ ਕੋਈ ਸਿਆਸਤ ਜਾਂ ਸਰਕਾਰੀ ਦਫ਼ਤਰ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਮੈਂ ਸੰਗਤਾਂ ਵਿੱਚ ਵਿਚਰਦੇ ਵੇਖਦਾ ਹਾਂ ਕਿ ਬਹੁਤ ਸਾਰੇ ਪੜ੍ਹਾਈ ਦੇ ਵਿੱਚ ਕਾਬਲ ਹਾਲਾਤ ਤੋਂ ਪੀੜਤ ਅਤੇ ਖਿਡਾਰੀ ਕੁੜੀਆਂ-ਮੁੰਡੇ ਸਿਫ਼ਾਰਸ਼ ਬਿਨਾਂ ਨੌਕਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਲੀਡਰਾਂ ਦੇ ਰਿਸ਼ਤੇਦਾਰ ਜਾਂ ਸਿਫ਼ਾਰਸ਼ੀ ਨਲਾਇਕ ਵੀ ਅਫ਼ਸਰਸ਼ਾਹੀ ਅਤੇ ਚੇਅਰਮੈਨੀਆਂ ਤੱਕ ਪੁੱਜ ਜਾਂਦੇ ਹਨ, ਜਿਸ ਕਾਰਨ ਨਿਰਾਸ਼ ਹੋ ਕੇ ਆਮ ਲੋਕਾਂ ਦੇ ਬੱਚੇ ਬੱਚੀਆਂ ਨਸ਼ਿਆਂ ਦੀ ਗ੍ਰਿਫਤ ਵਿਚ ਆ ਜਾਂਦੇ ਹਨ।

ਇਹ ਵੀ ਪੜ੍ਹੋ : ਕਾਂਗਰਸ ਦੇ ਕਲੇਸ਼ ਦਰਮਿਆਨ ਖੁੱਲ੍ਹ ਕੇ ਬੋਲੇ ਜਾਖੜ, ਕੁੰਵਰ ਵਿਜੇ ਪ੍ਰਤਾਪ ’ਤੇ ਵੀ ਦਿੱਤਾ ਵੱਡਾ ਬਿਆਨ

ਉਨ੍ਹਾਂ ਦੇ ਮਨ ਵਿੱਚ ਇੱਕ ਗੱਲ ਘਰ ਕਰ ਚੁੱਕੀ ਹੈ ਕਿ ਉਹ ਦੇਸ਼ ਪੰਜਾਬ ਦੇ ਵਿੱਚ ਆਪਣਾ ਭਵਿੱਖ ਨਹੀਂ ਬਣਾ ਸਕਦੇ ਅਤੇ ਫਿਰ ਬਾਹਰਵੀਂ ਕਲਾਸ ਤੋਂ ਬਾਅਦ ਆਈਲੈਟਸ ਕਰਕੇ ਵਿਦੇਸ਼ਾਂ ’ਚ ਆਪਣੇ ਭਵਿੱਖ ਰੋਜ਼ੀ ਰੋਟੀ ਦੀ ਭਾਲ ਲਈ ਨਿਕਲ ਜਾਂਦੇ ਹਨ। ਉੱਚ ਵਿੱਦਿਆ ਲਈ ਕਿਸੇ ਵੀ ਮੁਲਕ ਵਿੱਚ ਜਾਣਾ ਮਾੜੀ ਗੱਲ ਨਹੀਂ ਹੈ ਪਰ ਪੰਜਾਬ ਦੇ ਵਿੱਚ ਵਾਪਰ ਰਹੇ ਹਾਲਾਤ ਦੇ ਕਾਰਣ ਬੱਚੇ-ਬੱਚੀਆਂ ਵਿਦੇਸ਼ ਵਿੱਚ ਹੀ ਸੈੱਟ ਹੋ ਜਾਂਦੇ ਹਨ ਅਤੇ ਮੁੜ ਕੇ ਦੇਸ਼ ਪੰਜਾਬ ਵਿੱਚ ਆ ਕੇ ਕੁਝ ਕਰਨਾ ਚੰਗਾ ਨਹੀਂ ਸਮਝਦੇ, ਜਿਸ ਦੇ ਨਾਲ ਦੇਸ਼ ਖ਼ਾਲੀ ਹੋ ਰਿਹਾ ਹੈ। ਪਾਰਟੀ ਚਾਹੇ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਜਾਂ ਬੀ. ਜੇ. ਪੀ. ਹੋਵੇ, ਹੁਣ ਚਾਹੀਦਾ ਹੈ ਕਿ ਸਿਆਸੀ ਰਿਸ਼ਤੇਦਾਰੀਆਂ ਜਾਂ ਸ਼ਿਫਾਰਸਾਂ ਕਰਕੇ ਨਹੀਂ, ਕਾਬਲੀਅਤ ਯੋਗਤਾ ਦੇ ਆਧਾਰ ’ਤੇ ਹੀ ਕਿਸੇ ਨੂੰ ਨੌਕਰੀ ਅਤੇ ਸਿਆਸਤ ਵਿਚ ਅਹੁਦਾ ਦਿੱਤਾ ਜਾਵੇ, ਜਿਸ ਨਾਲ ਦੇਸ਼ ਪੰਜਾਬ ਦਾ ਭਲਾ ਹੋਵੇ ਅਤੇ ਆਮ ਲੋਕਾਂ ਦਾ ਅਮਨ ਕਾਨੂੰਨ ਸਰਕਾਰਾਂ ਸੰਵਿਧਾਨ ਉੱਪਰ ਭਰੋਸਾ ਬੱਝ ਸਕੇ। ਜਥੇਦਾਰ ਦਾਦੂਵਾਲ ਨੇ ਅਖੀਰ ’ਚ ਕਿਹਾ ਕਿ ਜੇ ਅਸੀਂ ਕਿਸੇ ਦੇ ਗਲਤ ਕੰਮ ਦਾ ਵਿਰੋਧ ਕਰਦੇ ਹਾਂ ਤਾਂ ਚੰਗੇ ਕੰਮ ਦੀ ਸ਼ਲਾਘਾ ਵੀ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਮੁੱਖ ਸਕੱਤਰ ਵਲੋਂ ਡੈਲਟਾ ਪਲੱਸ ਦੇ ਫੈਲਾਅ ਨੂੰ ਰੋਕਣ ਲਈ ਟੈਸਟਿੰਗ ਦੇ ਹੁਕਮ ਜਾਰੀ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News