ਡੀ. ਸੀ. ਦਫਤਰ ਕਰਮਚਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ

09/07/2017 2:27:28 AM

ਕਪੂਰਥਲਾ,  (ਮਲਹੋਤਰਾ, ਭੂਸ਼ਣ)-  ਅੱਜ ਜ਼ਿਲਾ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਦੇ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਚੀਮਾ ਅਤੇ ਜਨਰਲ ਸੈਕਟਰੀ ਰਜਵਾਨ ਖਾਨ ਦੀ ਅਗਵਾਈ ਵਿਚ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਦੇ ਸਮੂਹ ਸਟਾਫ ਵੱਲੋਂ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨ ਦੀਆਂ ਜਿਥੇ ਕਾਪੀਆਂ ਸਾੜੀਆਂ ਗਈਆਂ, ਉਥੇ ਹੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਵੀ ਕੀਤੀ ਗਈ।
ਡੀ. ਸੀ. ਦਫਤਰ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ 1 ਜਨਵਰੀ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕਰਨ ਸਬੰਧੀ ਨੋਟੀਫਿਕੇਸ਼ਨ ਨੰਬਰ-3 15 ਜਨਵਰੀ, 2015 ਤੇ ਨੋਟੀਫਿਕੇਸ਼ਨ ਨੰਬਰ-4 12 ਜੂਨ, 2017 ਜੋ ਜਾਰੀ ਕੀਤੇ ਗਏ ਹਨ, ਉਹ ਮੁਲਾਜ਼ਮ ਮਾਰੂ ਨੋਟੀਫਿਕੇਸ਼ਨ ਹਨ, ਜਿਨ੍ਹਾਂ ਨੂੰ ਲੈ ਕੇ ਸਮੂਹ ਕਰਮਚਾਰੀਆਂ ਵੱਲੋਂ ਗੇਟ ਰੈਲੀ ਕਰ ਕੇ ਇਨ੍ਹਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਮੱਦਾਂ ਅਧੀਨ 562 ਪੋਸਟਾਂ ਮਨਜ਼ੂਰ ਕਰ ਲਈਆਂ ਗਈਆਂ ਸਨ ਪਰ ਇਸ ਦੀ ਪ੍ਰਵਾਨਗੀ ਮੰਤਰੀ ਮੰਡਲ ਵੱਲੋਂ ਅਜੇ ਤੱਕ ਪਾਸ ਨਹੀਂ ਕੀਤੀ ਗਈ ਅਤੇ ਨਾਲ ਹੀ ਪੁਰਾਣੀ ਪੈਨਸ਼ਨ 1 ਜਨਵਰੀ 2004 ਤੋਂ ਬਹਾਲ ਕੀਤੀ ਗਈ ਹੈ ਅਤੇ ਨਾ ਹੀ ਕਰਮਚਾਰੀਆਂ ਨੂੰ ਪਦਉੱਨਤੀ ਸਕੇਲ ਦਿੱਤੇ ਗਏ ਹਨ। ਨਵੀਂ ਸਰਕਾਰ ਵੱਲੋਂ ਚੋਣਾਂ ਮੌਕੇ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਕਿ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕਰਮਚਾਰੀਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਸਮੂਹ ਕਰਮਚਾਰੀ ਯੂਨੀਅਨ ਦਫਤਰ ਡਿਪਟੀ ਕਮਿਸ਼ਨਰ ਕਪੂਰਥਲਾ, ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਫਗਵਾੜਾ, ਐੱਸ. ਡੀ. ਐੱਮ. ਦਫਤਰ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ, ਭੁਲੱਥ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ, ਭੁਲੱਥ, ਢਿੱਲਵਾਂ, ਤਲਵੰਡੀ ਚੌਧਰੀਆਂ ਵੱਲੋਂ ਉਪਰੋਕਤ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਨੂੰ ਸਾੜਿਆ ਗਿਆ ਹੈ ਅਤੇ ਗੇਟ ਰੈਲੀ ਕੀਤੀ ਗਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੂਬਾ ਬਾਡੀ ਨਾਲ ਤਾਲਮੇਲ ਕਰ ਕੇ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। 
ਇਸ ਗੇਟ ਰੈਲੀ ਵਿਚ ਸਤਬੀਰ ਸਿੰਘ ਚੰਦੀ ਪ੍ਰਧਾਨ ਪੀ. ਐੱਸ. ਐੱਮ. ਯੂ., ਤੇਜਵੰਤ ਸਿੰਘ ਆਹਲੂਵਾਲੀਆ ਜ਼ੋਨਲ ਸਕੱਤਰ ਪੰਜਾਬ, ਸੰਗਤ ਰਾਮ ਜ਼ਿਲਾ ਪ੍ਰਧਾਨ ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਕਪੂਰਥਲਾ, ਮਨਿੰਦਰ ਸਿੰਘ ਪੀ. ਟੀ. ਆਈ. ਯੂਨੀਅਨ, ਨਰਿੰਦਰ ਸਿੰਘ ਪ੍ਰਧਾਨ ਸੀ. ਪੀ. ਐੱਫ. ਯੂਨੀਅਨ ਕਪੂਰਥਲਾ, ਮੇਜਰ ਸਿੰਘ ਪ੍ਰਧਾਨ ਸੀ. ਪੀ. ਐੱਫ. ਪੀ. ਡਬਲਯੂ. ਡੀ. ਕਪੂਰਥਲਾ, ਬਲਬੀਰ ਸਿੰਘ ਆਲਮਗੀਰ ਮੁੱਖ ਸਲਾਹਕਾਰ ਸੀ. ਪੀ. ਐੱਫ. ਕਰਮਚਾਰੀ ਯੂਨੀਅਨ, ਚਰਨਜੀਤ ਸਿੰਘ ਅਤੇ ਪਰਮਜੀਤ ਸਿੰਘ ਕੈਸ਼ੀਅਰ, ਕੁਲਵਿੰਦਰ ਸਿੰਘ ਆਦਿ ਅਹੁਦੇਦਾਰਾਂ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਨੇ ਗੇਟ ਰੈਲੀ ਵਿਚ ਸ਼ਮੂਲੀਅਤ ਕਰਦੇ ਹੋਏ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਕਪੂਰਥਲਾ ਨੂੰ ਸਹਿਯੋਗ ਦਿੱਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਮੁਲਾਜ਼ਮ ਏਕਤਾ ਦਾ ਸਬੂਤ ਦਿੱਤਾ। ਇਸ ਮੌਕੇ ਦਵਿੰਦਰ ਸਿੰਘ ਆਹੂਜਾ, ਨਿਸ਼ਾ ਤਲਵਾੜ, ਦਲਜੀਤ ਕੌਰ, ਹਰਪ੍ਰੀਤ ਸਿੰਘ ਸੰਧੂ, ਬਲਵੰਤ ਸਿੰਘ, ਅਸ਼ਵਨੀ ਕੁਮਾਰ ਤੋਂ ਇਲਾਵਾ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਕਪੂਰਥਲਾ ਦੇ ਸਮੂਹ ਅਹੁਦੇਦਾਰ ਤੇ ਸਾਰਾ ਸਟਾਫ ਹਾਜ਼ਰ ਸੀ। 


Related News