ਜੇਕਰ ਡੀ. ਸੀ. ਦਫਤਰ ਵਿਚ ਕਰਵਾਉਣਾ ਹੈ ਕੰਮ ਤਾਂ ਨਾ ਕਰੋ ਸਮੇਂ ਦੀ ਪ੍ਰਵਾਹ

04/17/2018 1:26:47 PM

ਮੋਹਾਲੀ (ਰਾਣਾ)-ਜੇਕਰ ਤੁਸੀਂ ਡੀ. ਸੀ. ਦਫਤਰ ਵਿਚ ਆਪਣਾ ਕੋਈ ਕੰਮ ਕਰਵਾਉਣ ਲਈ ਜਾਣਾ ਹੈ ਤਾਂ ਪੂਰਾ ਸਮਾਂ ਕੱਢ ਕੇ ਜਾਓ ਕਿਉਂਕਿ ਉਥੇ ਨਾ ਤਾਂ ਲਾਈਨ ਦੀ ਸਹੂਲਤ ਹੈ ਅਤੇ ਜ਼ਿਆਦਾਤਰ ਕਰਮਚਾਰੀ ਆਪਣੀ ਸੀਟ 'ਤੇ ਹੀ ਨਹੀਂ ਮਿਲਦੇ, ਜਦੋਂਕਿ ਡੀ. ਸੀ. ਗੁਰਪ੍ਰੀਤ ਕੌਰ ਸਪਰਾ ਦਾ ਦਫਤਰ ਉਸ ਦੇ ਉਪਰ ਪਹਿਲੀ ਮੰਜ਼ਿਲ 'ਤੇ ਹੈ ਫਿਰ ਵੀ ਉਥੇ ਦਾ ਇਹ ਹਾਲ ਹੈ । ਇਸ ਦੇ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਰਮਚਾਰੀਆਂ ਨੂੰ ਡੀ . ਸੀ. ਦਾ ਕਿੰਨਾ ਡਰ ਹੈ ।  
ਨੰਬਰ ਲਾ ਦੋ ਸਰ ਜਲਦੀ ਜਾਣਾ ਹੈ : ਸੋਮਵਾਰ ਨੂੰ ਸੈਕਟਰ-76 ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਡੀ. ਸੀ. ਦਫਤਰ ਦੀ ਗਰਾਊਂਡ ਫਲੋਰ ਵਿਚ ਰਾਮ ਸਿੰਘ ਨਾਮ ਦਾ ਸ਼ਖਸ ਟ੍ਰੈਫਿਕ ਚਲਾਨ ਭੁਗਤਣ ਲਈ ਆਇਆ ਹੋਇਆ ਸੀ । ਰਾਮ ਸਿੰਘ ਚਲਾਨ ਛੋਟੀ ਚਿੱਠੀ 'ਤੇ ਨੰਬਰ ਲਵਾਉਣ ਲਈ ਚਲਾਨ ਨੂੰ ਲੈ ਕੇ ਸੀਟ 'ਤੇ ਬੈਠੇ ਵਿਅਕਤੀ ਨੂੰ ਬੋਲਦਾ ਰਿਹਾ ਪਰ ਉਹ ਤਾਂ ਫੋਨ ਵਿਚ ਇੰਨਾ ਵਿਅਸਤ ਸੀ ਕਿ ਉਨ੍ਹਾਂ ਨੂੰ ਉਸ ਦੀ ਆਵਾਜ਼ ਸੁਣਾਈ ਹੀ ਨਹੀਂ ਦੇ ਰਹੀ ਸੀ, ਜਦੋਂਕਿ ਉਸ ਨੇ ਕਿਹਾ ਵੀ ਕਿ ਸਰ ਉਸ ਨੂੰ ਜ਼ਰੂਰੀ ਕੰਮ ਹੈ ਉਸ ਨੇ ਜਲਦੀ ਜਾਣਾ ਹੈ, ਰਾਮ ਸਿੰਘ ਤੋਂ ਇਲਾਵਾ ਵੀ ਕਈ ਲੋਕ ਲਾਈਨ ਵਿਚ ਖੜ੍ਹੇ ਸਨ। ਉਨ੍ਹਾਂ ਆਵਾਜ਼ ਲਗਾਈ, ਪਹਿਲਾਂ ਤਾਂ ਉਹ ਕਾਫੀ ਦੇਰ ਤਕ ਸੀਟ 'ਤੇ ਬੈਠਾ ਹੀ ਫੋਨ ਸੁਣਦਾ ਰਿਹਾ, ਉਸ ਤੋਂ ਬਾਅਦ ਉਹ ਫੋਨ ਸੁਣਦਾ ਹੋਇਆ ਸੀਟ ਤੋਂ ਉੱਠ ਕੇ ਸਾਈਡ 'ਤੇ ਜਾ ਕੇ ਫੋਨ ਸੁਣਨ ਲੱਗਾ ।  
ਨਹੀਂ ਦਿਖੀ ਕੋਈ ਲਾਈਨ : ਡੀ. ਸੀ. ਦਫਤਰ ਦੇ ਅੰਦਰ ਵੱਖ-ਵੱਖ ਕਈ ਕਾਊਂਟਰ ਹਨ, ਜਿਥੇ ਵੱਖ-ਵੱਖ ਵਿਭਾਗ ਦੇ ਕੰਮ ਕੀਤੇ ਜਾਂਦੇ ਹਨ। ਲਾਈਨਾਂ ਵਿਚ ਖੜ੍ਹੇ ਹੋਣ ਦੀ ਬਜਾਏ ਜ਼ਿਆਦਾਤਰ ਲੋਕ ਇਕ-ਦੂਜੇ ਤੋਂ ਪਹਿਲਾਂ ਆਪਣੇ ਫੋਰਮ ਦਿੰਦੇ ਹੋਏ ਨਜ਼ਰ ਆਏ । ਜਿਸ ਦੀ ਥੋੜ੍ਹੀ ਬਹੁਤ ਜਾਣ-ਪਹਿਚਾਣ ਸੀ, ਉਹ ਅੰਦਰ ਤੋਂ ਜਾ ਕੇ ਆਪਣਾ ਕੰਮ ਕਰਵਾ ਕੇ ਚਲਾ ਵੀ ਜਾਂਦਾ ਸੀ ।  
ਆਰ. ਸੀ. ਲੈਣ ਵਾਲਾ ਰੂਮ ਕਈ ਘੰਟੇ ਤਕ ਦਿਖਿਆ ਖਾਲੀ : ਜਾਣਕਾਰੀ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਦੋ ਦਿਨ ਛੁੱਟੀ ਹੋਣ ਕਾਰਨ ਲੋਕ ਸੋਮਵਾਰ ਨੂੰ ਦਫਤਰ ਵਿਚ ਜਾ ਕੇ ਸਵੇਰੇ 9 ਵਜੇ ਹੀ ਖੜ੍ਹੇ ਹੋ ਜਾਂਦੇ ਹਨ । ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਆਰ. ਸੀ. ਲੈਣੀ ਸੀ ਉਹ ਕਮਰਾ ਨੰਬਰ 103 ਦੇ ਬਾਹਰ ਖੜ੍ਹੇ ਰਹੇ ਪਰ ਕਮਰੇ ਦੇ ਅੰਦਰ ਕੋਈ ਨਹੀਂ ਸੀ । ਕਈ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਵੀ ਉਥੇ ਕੋਈ ਨਹੀਂ ਆਇਆ, ਜਿਸ ਦੇ ਬਾਅਦ ਕਈ ਲੋਕ ਤਾਂ ਨਿਰਾਸ਼ ਹੋ ਕੇ ਘਰ ਨੂੰ ਪਰਤ ਗਏ ਤੇ ਕਈ ਇੰਤਜ਼ਾਰ ਕਰਦੇ ਰਹੇ ।  
 


Related News