ਡੀ. ਸੀ. ਪੀ. ਗੁਰਮੀਤ ਸਿੰਘ ਪਹੁੰਚੇ ਗੈਂਗਸਟਰ ਬਾਵਾ ਦੇ ਘਰ

02/13/2018 6:49:52 AM

ਜਲੰਧਰ, (ਸ਼ੋਰੀ)- ਸੰਗੀਨ ਅਤੇ ਵੱਖ-ਵੱਖ ਮਾਮਲਿਆਂ 'ਚ ਪੁਲਸ ਨੂੰ ਲੋੜੀਂਦੇ ਗੈਂਗਸਟਰਾਂ ਨੂੰ ਮੁੱਖ ਧਾਰਾ 'ਚ ਸ਼ਾਮਲ ਕਰਨ ਲਈ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਦੇ ਹੁਕਮਾਂ 'ਤੇ ਚੱਲਦੇ ਅੱਜ ਡੀ. ਸੀ. ਪੀ. ਗੁਰਮੀਤ ਸਿੰਘ, ਏ. ਸੀ. ਪੀ. ਵੈਸਟ ਬਲਵਿੰਦਰ ਸਿੰਘ ਪੁਲਸ ਜਵਾਨਾਂ ਸਮੇਤ ਬਸਤੀ ਬਾਵਾ ਖੇਲ ਦੇ ਰਾਜ ਨਗਰ ਸਥਿਤ ਗੈਂਗਸਟਰ ਦਲਜੀਤ ਸਿੰਘ ਭਾਣਾ ਦੇ ਨਾਲ ਗੈਂਗਸਟਰ ਗੁਰਬਾਜ ਸਿੰਘ ਉਰਫ ਬਾਵਾ ਦੇ ਘਰ ਪਹੁੰਚੇ।
ਪੁਲਸ ਨੂੰ ਦੇਖ ਕੇ ਇਲਾਕੇ ਦੇ ਲੋਕ ਹੈਰਾਨ ਹੋ ਕੇ ਇਕੱਠੇ ਹੋਣ ਲੱਗੇ, ਲੋਕ ਸਮਝਣ ਲੱਗੇ ਕਿ ਪੁਲਸ ਇਥੇ ਛਾਪੇਮਾਰੀ ਕਰਨ ਆਈ ਹੈ ਪਰ ਪੁਲਸ ਉਸ ਦੇ ਘਰ ਛਾਪੇਮਾਰੀ ਕਰਨ ਨਹੀਂ, ਬਲਕਿ ਗੈਂਗਸਟਰ ਬਾਵਾ ਦੇ ਪਰਿਵਾਰ ਵਾਲਿਆਂ ਨੂੰ ਬੇਨਤੀ ਕਰਨ ਪਹੁੰਚੀ ਸੀ ਕਿ ਬਾਵਾ ਨੂੰ ਮੁੱਖ ਧਾਰਾ (ਆਮ ਨਾਗਰਿਕ ਬਣਨ ਬਾਰੇ ਪ੍ਰੇਰਿਤ ਕਰਨਾ) 'ਚ ਸ਼ਾਮਲ ਕੀਤਾ ਜਾਵੇ। ਪੁਲਸ ਅਧਿਕਾਰੀਆਂ ਦੇ ਨਾਲ ਇਲਾਕੇ ਦੇ ਪਤਵੰਤੇ ਵੀ ਸਨ।
ਡੀ. ਸੀ. ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਗੈਂਗਸਟਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਪਰਾਧ ਦੀ ਦੁਨੀਆ ਦੀ ਦਲ-ਦਲ 'ਚ ਫਸਣ ਤੋਂ ਬਾਅਦ ਉਹ ਆਪਣੇ ਪਰਿਵਾਰ ਤੇ ਸਮਾਜ ਤੋਂ ਦੂਰ ਹੋ ਕੇ ਹਰ ਰੋਜ਼ ਡਰ-ਡਰ ਕੇ ਜੀਵਨ ਬਿਤਾਉਂਦੇ ਹਨ। ਪੁਲਸ ਅਤੇ ਗੈਂਗਸਟਰਾਂ ਦਾ ਕਈ ਵਾਰ ਮੁਕਾਬਲਾ ਵੀ ਹੁੰਦਾ ਹੈ। ਜਿਸ ਦਾ ਨਤੀਜਾ ਕਈ ਵਾਰ ਤਾਂ ਇਹ ਹੁੰਦਾ ਹੈ ਕਿ ਗੈਂਗਸਟਰਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਚਾਹੁੰਦੀ ਹੈ ਕਿ ਗੈਂਗਸਟਰ ਅਪਰਾਧ ਦੀ ਦੁਨੀਆ ਤੋਂ ਬਾਹਰ ਆ ਕੇ ਸਰੰਡਰ ਕਰੇ ਅਤੇ ਬਾਅਦ ਵਿਚ ਆਮ ਵਿਅਕਤੀ ਦੀ ਤਰ੍ਹਾਂ ਜੀਵਨ ਬਿਤਾਏ। ਇਕ ਸਵਾਲ ਦੇ ਜਵਾਬ 'ਚ ਡੀ. ਸੀ. ਪੀ. ਗੁਰਮੀਤ ਸਿੰਘ ਤੇ ਏ. ਸੀ. ਪੀ. ਬਲਵਿੰਦਰ ਸਿੰਘ ਨੇ ਦੱਸਿਆ ਕਿ ਗੈਂਗਸਟਰ ਬਾਵਾ ਹੱਤਿਆ, ਨਾਜਾਇਜ਼ ਅਸਲਾ ਸੰਬੰਧੀ ਕੇਸਾਂ ਵਿਚ ਪੁਲਸ ਤੋਂ ਵਾਂਝੇ ਹਨ। ਜੇਕਰ ਇਹ ਸਰੰਡਰ ਕਰੇ ਤਾਂ ਪੁਲਸ ਪੂਰੀ ਕੋਸ਼ਿਸ਼ ਕਰੇਗੀ ਕਿ ਰਾਹ ਤੋਂ ਭਟਕੇ ਗੈਂਗ ਸਟਰ ਬਾਵਾ ਆਪਣਾ ਜੀਵਨ ਮਾਣ ਤੇ ਸਤਿਕਾਰ ਨਾਲ ਜੀ ਸਕੇ। ਆਉਣ ਵਾਲੇ ਦਿਨਾਂ ਵਿਚ ਪੁਲਸ ਗੈਂਗਸਟਰਾਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਮੁੱਖ ਧਾਰਾ 'ਚ ਸ਼ਾਮਲ ਹੋਣ ਨੂੰ ਕਹੇਗੀ।


Related News