ਡੀ. ਸੀ. ਦਫਤਰ ਦੇ ਕਲਰਕ ਦੀ ਸੜਕ ਹਾਦਸੇ ''ਚ ਮੌਤ

01/17/2018 7:45:43 AM

ਬਰਨਾਲਾ, (ਵਿਵੇਕ ਸਿੰਧਵਾਨੀ,ਰਵੀ)— ਪਿੱਛੋਂ ਆਉਂਦੀ ਇਕ ਤੇਜ਼ ਰਫਤਾਰ ਬੱਸ ਵਲੋਂ ਥ੍ਰੀ-ਵੀਲ੍ਹਰ ਨੂੰ ਟੱਕਰ ਮਾਰ ਦੇਣ ਕਾਰਨ ਜਿਥੇ ਕਈ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਉਥੇ ਡੀ. ਸੀ. ਦਫਤਰ ਦੇ ਕਲਰਕ ਦੀ ਮੌਤ ਹੋ ਗਈ।
ਪੀ. ਐੱਸ. ਐੱਮ. ਐੱਸ. ਯੂ. ਦੇ ਸੂਬਾ ਪ੍ਰਧਾਨ ਨਛੱਤਰ ਸਿੰਘ ਭਾਈਰੂਪਾ ਨੇ ਦੱਸਿਆ ਕਿ ਡੀ.ਸੀ. ਦਫਤਰ 'ਚ ਕਲਰਕ ਦੀ ਡਿਊਟੀ ਨਿਭਾ ਰਿਹਾ ਗੁਰਮੀਤ ਸਿੰਘ ਵਾਸੀ ਠੁਠੀਆਂਵਾਲੀ (ਮਾਨਸਾ) ਰੋਜ਼ਾਨਾ ਦੀ ਤਰ੍ਹਾਂ ਡਿਊਟੀ 'ਤੇ ਆਉਣ ਲਈ ਹੰਡਿਆਇਆ ਚੌਕ 'ਚ ਉਤਰਿਆ ਅਤੇ ਆਟੋ 'ਚ ਸਵਾਰ ਹੋ ਕੇ ਆਪਣੀ ਡਿਊਟੀ 'ਤੇ ਡੀ. ਸੀ. ਕੰਪਲੈਕਸ 'ਚ ਆ ਰਿਹਾ ਸੀ ਕਿ ਰਸਤੇ 'ਚ ਪਿੱਛੋਂ ਆਉਂਦੀ ਤੇਜ਼ ਰਫਤਾਰ ਬੱਸ ਨੇ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਸਵੇਰੇ 9 ਵਜੇ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ, ਜਿਥੇ ਕੋਈ ਵੀ ਡਾਕਟਰ ਡਿਊਟੀ 'ਤੇ ਹਾਜ਼ਰ ਨਾ ਹੋਣ ਕਾਰਨ ਗੁਰਮੀਤ ਸਿੰਘ ਨੂੰ ਕੋਈ ਡਾਕਟਰੀ ਸਹਾਇਤਾ ਨਹੀਂ ਮਿਲ ਸਕੀ, ਜਿਸ ਕਾਰਨ ਉਸ ਦਾ ਬਹੁਤ ਖੂਨ ਵਹਿ ਗਿਆ। ਸਮੇਂ ਸਿਰ ਸੰਭਾਲ ਨਾ ਹੋਣ ਕਰ ਕੇ ਗੁਰਮੀਤ ਸਿੰਘ ਦੀ ਡੀ.ਐੱਮ.ਸੀ. ਲੁਧਿਆਣਾ ਲਿਜਾਂਦੇ ਸਮੇਂ ਰਸਤੇ 'ਚ ਹੀ ਮੌਤ ਹੋ ਗਈ। 
ਏ. ਡੀ. ਸੀ. ਨੂੰ ਦਿੱਤੇ ਜਾਂਚ ਦੇ ਆਦੇਸ਼ : ਡੀ. ਸੀ.
ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਏ.ਡੀ.ਸੀ. ਜਨਰਲ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਆਧਾਰ 'ਤੇ ਹੈਲਥ ਸੈਕਟਰੀ ਪੰਜਾਬ ਨੂੰ ਇਸ ਦੀ ਰਿਪੋਰਟ ਭੇਜ ਦਿੱਤੀ ਜਾਵੇਗੀ। 
ਡੀ. ਸੀ. ਨੂੰ ਦਿੱਤਾ ਮੰਗ-ਪੱਤਰ
ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰਾਂ ਵਲੋਂ ਡਿਊਟੀ 'ਚ ਲਾਪ੍ਰਵਾਹੀ ਕਰਨ 'ਤੇ ਜ਼ਿਲਾ ਬਰਨਾਲਾ ਦੇ ਸਮੂਹ ਵਿਭਾਗਾਂ ਦੇ ਸਾਰੇ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਬਰਨਾਲਾ 'ਚ ਡਿਊਟੀ 'ਤੇ ਤਾਇਨਾਤ ਡਾਕਟਰ, ਜਿਨ੍ਹਾਂ ਨੇ ਡਿਊਟੀ 'ਚ ਲਾਪ੍ਰਵਾਹੀ ਕੀਤੀ ਹੈ, ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਲਈ ਮੰਗ-ਪੱਤਰ ਡੀ.ਸੀ. ਘਣਸ਼ਿਆਮ ਥੋਰੀ ਨੂੰ ਸਿਹਤ ਮੰਤਰੀ ਪੰਜਾਬ ਦੇ ਨਾਂ ਦਿੱਤਾ। 


Related News