ਡੀ.  ਸੀ. ਦਫਤਰ ਦੇ ਕਰਮਚਾਰੀਆਂ ਨੇ ਕਲਮ ਛੋਡ਼ ਹਡ਼ਤਾਲ ਕਰ ਕੇ ਕੀਤੀ ਨਾਅਰੇਬਾਜ਼ੀ

Tuesday, Aug 28, 2018 - 05:43 AM (IST)

ਬਠਿੰਡਾ,  (ਸੁਖਵਿੰਦਰ)- ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਵੱਲੋਂ  ਜ਼ਿਲਾ ਪ੍ਰਧਾਨ ਮੇਘ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਕਲਮ ਛੋਡ਼ ਹਡ਼ਤਾਲ ਕਰ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਹਡ਼ਤਾਲ ਕਾਰਨ ਡਿਪਟੀ ਕਮਿਸ਼ਨਰ ਦਫ਼ਤਰ, ਐੱਸ. ਡੀ. ਐੱਮ. ਦਫਤਰ ਤੇ ਤਹਿਸੀਲ ਦਫਤਰ ਦਾ ਕੰਮਕਾਜ ਪੂਰੀ ਤਰ੍ਹਾਂ ਬੰਦ ਰਿਹਾ। ਜਾਣਕਾਰੀ ਦਿੰਦਿਅਾਂ  ਜ਼ਿਲਾ ਪ੍ਰਧਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗੀਆਂ ਗਈਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਡੀ. ਸੀ. ਦਫਤਰ ਦੇ ਕਰਮਚਾਰੀ ਆਉਣ ਵਾਲੇ ਦਿਨਾਂ ’ਚ ਦਫ਼ਤਰਾਂ ਨੂੰ ਜਿੰਦਰੇ ਲਾ ਕੇ ਰੋਸ ਜਤਾਉਣਗੇ। ਇਸ ਮੌਕੇ ਮੇਹਰਜੀਤ, ਇੰਦਰ ਸਿੰਘ ਬਰਾਡ਼ ਸੂਬਾ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੀਅਾਂ ਮੁਲਾਜ਼ਮ ਮਾਰੂ ਨੀਤੀਅਾਂ  ਤੋਂ ਹਰੇਕ  ਮੁਲਾਜ਼ਮ ਪ੍ਰੇਸ਼ਾਨ ਹੈ। ਸਰਕਾਰ ਕਰਮਚਾਰੀਆਂ ਨੂੰ ਕੁਝ ਦੇਣ ਦੀ ਬਜਾਏ ਪਹਿਲਾਂ ਤੋਂ ਦਿੱਤੇ ਲਾਭ ਵੀ ਖੋਹ ਰਹੀ ਹੈ।  ਉਨ੍ਹਾਂ ਕਿਹਾ ਕਿ ਮਾਲ ਵਿਭਾਗ, ਪੰਜਾਬ ਸਰਕਾਰ ਵੱਲੋਂ ਸੁਪਰਡੈਂਟ ਗ੍ਰੇਡ 1 ਦੀਅਾਂ ਉੱਨਤੀਅਾਂ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਡੀ. ਪੀ. ਸੀ. ਦੀ ਮੀਟਿੰਗ ਨਹੀਂ ਕਰਾਈ ਜਾ ਰਹੀ। ਇਸ ਕਾਰਨ ਹੇਠਲੇ ਕਾਡਰ ਦੀਅਾਂ ਤਰੱਕੀਅਾਂ ਰੁਕੀਅਾਂ ਹੋਈਅਾਂ ਹਨ। ਕੁਝ ਮੰਡਲ ਦਫਤਰਾਂ ਤੇ ਡੀ. ਸੀ. ਦਫਤਰਾਂ ਵੱਲੋਂ ਅਜਿਹੇ ਕੇਸਾਂ ’ਚ ਬੇਲੋੜੇ ਇਤਰਾਜ਼ ਲਾ ਕੇ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਡੀ. ਸੀ. ਦਫਤਰਾਂ ’ਚ ਸੁਪਰਡੈਂਟ ਗਰੇਡ 1 ਦੀ ਅਸਾਮੀ ਦਾ ਨਾਂ ਪ੍ਰਬੰਧਕ ਅਫਸਰ ਕੀਤਾ ਜਾਵੇ। ਡੀ. ਸੀ. ਦਫਤਰ ਦੇ ਸਾਰੇ ਸੁਪਰਡੈਂਟ ਗਰੇਡ 2 ਮਾਲ ਤੇ ਜਨਰਲ ਨੂੰ ਤਹਿਸੀਲਦਾਰ ਉੱਨਤੀ ਲਈ ਯੋਗ ਮੰਨਦਿਆਂ ਤਜਰਬੇ ਦੀ ਸ਼ਰਤ ਨੂੰ ਘਟਾ ਕੇ 3 ਸਾਲ ਕੀਤਾ ਜਾਵੇ। ਡੀ. ਸੀ. ਦਫਤਰ ਦੇ ਸੁਪਰਡੈਂਟ ਤੇ ਨਿੱਜੀ ਸਹਾਇਕ ਦੀ  ਉੱਨਤੀ ਤੇ ਫਾਈਨਲ ਅਦਾਇਗੀਆਂ ਦੇ ਅਧਿਕਾਰ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਅਾਂ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ। ਇਸ ਮੌਕੇ   ਗੁਰਪ੍ਰੀਤ ਸਿੰਘ ਜਨਰਲ ਸਕੱਤਰ, ਹਰਬੰਸ ਲਾਲ ਖਿੱਚੀ ਸਰਪ੍ਰਸਤ/ ਮੇਹਰਜੀਤਇੰਦਰ ਸਿੰਘ ਬਰਾਡ਼, ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਭਾਰਤ ਭੂਸ਼ਣ ਤਹਿਸੀਲ  ਦਫਤਰ ਬਠਿੰਡਾ, ਬੇਅੰਤ ਕੌਰ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸ਼ਰਮਾ ਮੀਤ ਪ੍ਰਧਾਨ, ਰਮਨ ਕੁਮਾਰ ਵਿੱਤ ਸਕੱਤਰ, ਰਘਵੀਰ ਸਿੰਘ, ਰਛਪਾਲ ਕੌਰ, ਗੁਰਜੀਤ ਕੌਰ, ਪੀ. ਏ.,  ਮਨਜੀਤ ਸਿੰਘ ਜ਼ਿਲਾ ਪ੍ਰਧਾਨ ਗਰੁੱਪ ਡੀ. ਮੌਜੂਦ ਸਨ। 


Related News