ਡੀ. ਸੀ. ਨੇ 5 ਕਰਮਚਾਰੀਆਂ ਨੂੰ ਡਿਊਟੀ ''ਚ ਅਣਗਹਿਲੀ ਕਰਨ ਦਾ ਪਾਇਆ ਦੋਸ਼ੀ, ਮੁਅੱਤਲ

Saturday, Jun 16, 2018 - 07:26 AM (IST)

ਡੀ. ਸੀ. ਨੇ 5 ਕਰਮਚਾਰੀਆਂ ਨੂੰ ਡਿਊਟੀ ''ਚ ਅਣਗਹਿਲੀ ਕਰਨ ਦਾ ਪਾਇਆ ਦੋਸ਼ੀ, ਮੁਅੱਤਲ

ਜਲੰਧਰ, (ਅਮਿਤ) – ਡੀ. ਸੀ. ਨੇ ਸ਼ੁੱਕਰਵਾਰ ਨੂੰ ਜ਼ਿਲਾ ਪ੍ਰਸ਼ਾਸਨ ਨਾਲ ਸੰਬੰਧਤ 5 ਕਰਮਚਾਰੀਆਂ ਨੂੰ ਆਪਣੀ ਡਿਊਟੀ ਵਿਚ ਗੰਭੀਰ ਅਣਗਹਿਲੀ ਵਰਤਣ ਦਾ ਦੋਸ਼ੀ ਮੰਨਦੇ ਹੋਏ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ। 
ਡੀ. ਸੀ. ਨੇ ਦੱਸਿਆ ਕਿ 5 ਕਰਮਚਾਰੀ ਕਾਨੂੰਨਗੋ ਪਰਮਿੰਦਰ ਸਿੰਘ, ਪਟਵਾਰੀ ਇਕਬਾਲ ਸਿੰਘ, ਪਟਵਾਰੀ ਗਰੀਬ ਦਾਸ, ਐੱਨ. ਐੱਸ. ਕੇ - 2 ਵਿਜੈ ਕੁਮਾਰ ਅਤੇ ਸਪੈਸ਼ਲ ਕਾਨੂੰਨਗੋ ਸਦਰ ਸ਼ਾਖਾ ਵਿਜੈ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਕਰਮਚਾਰੀਆਂ ਵੱਲੋਂ ਕੁੱਝ ਵਿਅਕਤੀਆਂ ਨਾਲ ਮਿਲੀਭੁਗਤ ਕਰ ਕੇ ਸਥਾਨਕ ਅਦਾਲਤ ਅਤੇ ਜ਼ਿਲਾ ਪ੍ਰਸ਼ਾਸਨ ਦੇ ਸਾਹਮਣੇ ਸਹੀ ਤੱਥ ਨਾ ਰੱਖਣ ਅਤੇ ਗੁਮਰਾਹ ਕਰਨ ਵਾਲੀ ਰਿਪੋਰਟ ਬਣਾ ਕੇ, ਆਪਣੇ ਕੰਮ ਵਿਚ ਦਿਲਚਸਪੀ ਨਾ ਲੈਣ ਕਾਰਨ ਡੀ. ਸੀ. ਦੀ ਸਰਕਾਰੀ ਰਿਹਾਇਸ਼ ਨੂੰ ਨੀਲਾਮ ਕਰਨ ਦੀ ਸਥਿਤੀ ਪੈਦਾ ਹੋ ਗਈ ਸੀ। ਡੀ. ਸੀ. ਨੇ ਕਿਹਾ ਇਨ੍ਹਾਂ ਕਰਮਚਾਰੀਆਂ ਵੱਲੋਂ ਅਦਾਲਤ ਦੇ ਹੁਕਮਾਂ ਅਨੁਸਾਰ ਕੰਮ ਨਹੀਂ ਕੀਤਾ ਗਿਆ, ਜਦਕਿ ਅਦਾਲਤ ਦੇ ਹੁਕਮ ਪਿੰਡ ਰੇਰੂ ਦੀ ਜਾਇਦਾਦ ਨੂੰ ਅਟੈਚ ਅਤੇ ਨੀਲਾਮ ਕਰਨ ਦੇ ਸਨ ਪਰ ਇਨ੍ਹਾਂ ਕਰਮਚਾਰੀਆਂ ਵੱਲੋਂ ਆਪਣੇ ਨਿੱਜੀ ਫਾਇਦੇ ਲਈ ਡੀ. ਸੀ. ਦੀ ਸਰਕਾਰੀ ਰਿਹਾਇਸ਼ ਨੂੰ ਅਟੈਚ ਕਰਨ ਅਤੇ ਨੀਲਾਮ ਕਰਨ ਲਈ ਹੀ ਸ਼ਾਮਲ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਨਿਭਾਈ ਜਾਂਦੀ ਤਾਂ ਪ੍ਰਸ਼ਾਸਨ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਨਾ ਕਰਨਾ ਪੈਂਦਾ। 
ਡੀ. ਸੀ. ਨੇ ਕਿਹਾ ਇਸ ਤਰ੍ਹਾਂ ਕਰਨ ਵਾਲਿਆਂ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਨ੍ਹਾਂ ਕਰਮਚਾਰੀਆਂ ਵਿਰੁੱਧ ਸਖਤ ਵਿਭਾਗੀ ਕਾਰਵਾਈ ਦੀ ਸਿਫਾਰਸ਼ ਕੀਤੀ ਜਾਵੇਗੀ। ਇਨ੍ਹਾਂ ਕਰਮਚਾਰੀਆਂ ਖਿਲਾਫ ਚਾਰਜਸੀਟ ਤਿਆਰ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ।
3 ਹੋਰ ਸਰਕਾਰੀ ਪ੍ਰਾਪਰਟੀਆਂ ਨੂੰ ਵੀ ਗਲਤ ਢੰਗ ਨਾਲ ਕੀਤਾ ਗਿਆ ਸ਼ਾਮਲ
ਮਾਣਯੋਗ ਅਦਾਲਤ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਸਿਰਫ ਡੀ. ਸੀ. ਦੀ ਕੋਠੀ ਦੇ ਨਾਲ 3 ਹੋਰ ਸਰਕਾਰੀ ਪ੍ਰਾਪਰਟੀਆਂ, ਜਿਨ੍ਹਾਂ ਵਿਚ ਬੱਸ ਸਟੈਂਡ ਦੀਆਂ ਦੋ ਪ੍ਰਾਪਰਟੀਆਂ ਅਤੇ ਲਾਡੋਵਾਲੀ ਰੋਡ ਵਿਖੇ ਇਕ ਸਰਕਾਰੀ ਸਕੂਲ ਨੂੰ ਵੀ ਅਟੈਚ ਕੀਤਾ ਗਿਆ ਹੈ।
ਸੈਸ਼ਨ ਜੱਜ ਦੀ ਕੋਠੀ ਦਾ ਖਸਰਾ ਨੰਬਰ ਵੀ ਡੀ. ਸੀ. ਦੀ ਕੋਠੀ ਵਾਲਾ
ਜਿਸ ਤਰ੍ਹਾਂ ਡੀ. ਸੀ. ਦੀ ਕੋਠੀ ਨੂੰ ਅਟੈਚ ਕਰਵਾਉਣ ਲਈ ਸੰਬੰਧਿਤ ਰੈਵੇਨਿਊ ਅਧਿਕਾਰੀਆਂ ਵੱਲੋਂ ਸ਼ਿਕਾਇਤਕਰਤਾ ਨੂੰ ਫਰਦ ਜਾਰੀ ਕਰਕੇ ਦਿੱਤੀ ਗਈ ਸੀ। ਉਸ ਨੂੰ ਦੇਖਦੇ ਹੋਏ ਇਸ ਗੱਲ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਭਵਿੱਖ ਵਿਚ ਦੁਬਾਰਾ ਇਸ ਤਰ੍ਹਾਂ ਦੇ ਹੋਰ ਮਾਮਲੇ ਵਿਚ ਵੱਡੀ ਸ਼ਰਾਰਤ ਨਹੀਂ ਹੋਵੇਗੀ ਕਿਉਂਕਿ ਜਿਸ ਖਸਰਾ ਨੰਬਰ ਵਿਚ ਡੀ. ਸੀ. ਦੀ ਕੋਠੀ ਆਉਂਦੀ ਹੈ, ਉਸੇ ਖਸਰਾ ਨੰਬਰ ਵਿਚ ਸੈਸ਼ਨ ਜੱਜ ਅਤੇ ਹੋਰ ਵੱਡੇ ਅਧਿਕਾਰੀਆਂ ਦੇ ਘਰ ਵੀ ਆਉਂਦੇ ਹਨ।
ਟਰੱਸਟ ਦੀ ਜਾਇਦਾਦ ਪੀ. ਐੱਨ. ਬੀ. ਕੋਲ ਗਿਰਵੀ, ਲਿਸਟ ਵਿਚ ਕਿਵੇਂ ਪੈ ਗਿਆ ਨਾਂ?
ਜਲੰਧਰ  – ਪਿਛਲੇ ਕੁੱਝ ਸਮੇਂ ਤੋਂ ਜਾਰੀ ਡੀ. ਸੀ. ਦੀ ਕੋਠੀ ਨੂੰ ਕੁਰਕ ਕਰਨ ਦੇ ਮਾਮਲੇ ਵਿਚ ਇਕ ਬੇਹੱਦ ਰੌਚਕ ਗੱਲ ਸਾਹਮਣੇ ਆਈ ਹੈ ਕਿ ਟਰੱਸਟ ਵੱਲੋਂ ਪੈਸੇ ਵਸੂਲਣ ਲਈ ਜਿਨ੍ਹਾਂ ਪ੍ਰਾਪਰਟੀਆਂ ਦੀ ਲਿਸਟ ਭੇਜੀ ਗਈ ਹੈ, ਉਨ੍ਹਾਂ ਵਿਚ ਦੋ ਜਾਇਦਾਦਾਂ ਤਾਂ ਪਹਿਲਾਂ ਹੀ ਪੀ. ਐੱਨ. ਬੀ. ਦੇ ਕੋਲ ਗਿਰਵੀ ਪਈਆਂ ਹਨ। ਇਸ ਵਿਚ ਉਕਤ ਜਾਇਦਾਦਾਂ ਨੂੰ ਕਿਵੇਂ ਨੀਲਾਮ ਕੀਤਾ ਜਾ ਸਕਦਾ ਹੈ? ਇੱਥੇ ਇਹ ਦੱਸਣਯੋਗ ਹੈ ਕਿ ਇੰਪਰੂਵਮੈਂਟ ਟਰੱਸਟ ਵੱਲੋਂ ਡੀ. ਸੀ. ਦੀ ਕੋਠੀ ਦੀ ਜਗ੍ਹਾ ਆਪਣੀ 18 ਕਰੋੜ ਮੁੱਲ ਦੀਆਂ ਕੁੱਝ ਜਾਇਦਾਦਾਂ ਦੀ ਇਕ ਲਿਸਟ ਭੇਜੀ ਗਈ ਹੈ ਤਾਂ ਜੋ ਉਸ ਵਿਚੋਂ ਕਿਸੇ ਵੀ ਜਾਇਦਾਦ ਦੀ ਨੀਲਾਮੀ ਕਰਕੇ ਪੈਸੇ ਵਸੂਲੇ ਜਾ ਸਕਣ। ਇਸ ਲਿਸਟ ਵਿਚ 170 ਏਕੜ ਸੂਰਿਆ ਇਨਕਲੇਵ ਅਤੇ 94.7 ਏਕੜ ਸੂਰੀਆ ਇਨਕਲੇਵ ਐਕਸਟਂੈਸ਼ਨ ਵਾਲੀ ਜਾਇਦਾਦ ਵੀ ਸ਼ਾਮਲ ਹਨ ਪਰ ਜੋ ਜਾਇਦਾਦ ਬੈਂਕ ਦੇ ਕੋਲ ਗਿਰਵੀ ਪਈ ਹੈ ਉਸ ਨੂੰ ਲਿਸਟ ਵਿਚ ਸ਼ਾਮਲ ਨਹੀਂ ਕੀਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ ਵੱਲੋਂ ਇਸ ਸੰਬੰਧੀ ਮਾਣਯੋਗ ਅਦਾਲਤ ਤੋਂ ਸਟੇਅ ਲੈਣ ਅਤੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕੋਲ ਇਕ ਪੱਤਰ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਸੰਬੰਧੀ ਨਾ ਤਾਂ ਕੋਈ ਬੈਂਕ ਅਧਿਕਾਰੀ ਅਤੇ ਨਾ ਹੀ ਟਰੱਸਟ ਦੇ ਅਧਿਕਾਰੀ ਸਹੀ ਰੂਪ ਵਿਚ ਕੁੱਝ ਕਹਿ ਰਹੇ ਹਨ ਪਰ ਇੰਨਾ ਤੈਅ ਹੈ ਕਿ ਪੂਰੇ ਮਾਮਲੇ ਵਿਚ ਕਿਤੇ ਨਾ ਕਿਤੇ ਵੱਡੀ ਗੜਬੜੀ ਜ਼ਰੂਰ ਹੋਈ ਹੈ।


Related News