ਹੱਲੋਮਾਜਰਾ ਵਿਖੇ ਘਰ ’ਚ ਲੱਗੀ ਅੱਗ, 2 ਗੈਸ ਸਿਲੰਡਰ ਫਟੇ

Tuesday, Mar 08, 2022 - 03:20 PM (IST)

ਚੰਡੀਗੜ੍ਹ (ਸੁਸ਼ੀਲ) : ਹੱਲੋਮਾਜਰਾ ਸਥਿਤ ਮਕਾਨ ਦੀ ਦੂਜੀ ਮੰਜ਼ਿਲ ’ਤੇ ਦੇਰ ਰਾਤ ਅੱਗ ਲੱਗ ਗਈ। ਅੱਗ ਲੱਗਣ ਨਾਲ ਇਕ ਤੋਂ ਬਾਅਦ ਇਕ ਕਰ ਕੇ ਦੋ ਸਿਲੰਡਰਾਂ ਵਿਚ ਧਮਾਕਾ ਹੋ ਗਿਆ। ਧਮਾਕਿਆਂ ਦੀ ਆਵਾਜ਼ ਅਤੇ ਅੱਗ ਦੀਆਂ ਲਪਟਾਂ ਘਰੋਂ ਬਾਹਰ ਵੇਖ ਕੇ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਅਤੇ ਘਰ ਦੇ ਅੰਦਰ ਫਸੇ ਬੱਚਿਆਂ ਸਮੇਤ 6 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਫਾਇਰ ਵਿਭਾਗ ਨੇ ਦੱਸਿਆ ਕਿ ਘਰ ਦੇ ਅੰਦਰ ਰੱਖਿਆ ਸਾਰਾ ਸਮਾਨ ਸੜ ਗਿਆ ਹੈ। ਫਾਇਰ ਵਿਭਾਗ ਨੂੰ 12.30 ਵਜੇ ਸੂਚਨਾ ਮਿਲੀ ਕਿ ਹੱਲੋਮਾਜਰਾ ਦੇ ਮਕਾਨ ਵਿਚ ਅੱਗ ਲੱਗ ਗਈ ਅਤੇ ਅੰਦਰ ਲੋਕ ਫਸੇ ਹੋਏ ਹਨ।

ਅੱਗ ਲੱਗਣ ਨਾਲ ਘਰ ਦੇ ਅੰਦਰ 2 ਗੈਸ ਸਿਲੈਂਡਰ ਬਲਾਸਟ ਹੋ ਗਏ ਹਨ ਅਤੇ ਘਰ ਦੇ ਅੰਦਰੋਂ ਅੱਗ ਦੀਆਂ ਲਪਟਾਂ ਬਾਹਰ ਨਿਕਲ ਰਹੀਆਂ ਹਨ। ਫਾਇਰ ਸਟੇਸ਼ਨ ਤੋਂ ਫਾਇਰ ਮੋਟਰਸਾਈਕਲ, ਲੀਡਿੰਗ ਫਾਇਰ ਮੈਨ ਅਤੇ ਫਾਇਰ ਮੈਨ ਫਾਇਰ ਟੈਂਡਰਾਂ ਨਾਲ ਮੌਕੇ ’ਤੇ ਪੁਜੇ। ਮੁਲਾਜ਼ਮਾਂ ਨੇ ਘਰ ਦੇ ਅੰਦਰ ਫਸੇ ਬਲਵਿੰਦਰ ਸਿੰਘ, ਰੇਨੂ, ਜਸਵਿੰਦਰ ਸਿੰਘ, ਸੰਜੇ, ਸੀਮਾ, ਸੁਪਨਾ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਇਆ। ਫਾਇਰ ਮੁਲਾਜ਼ਮ ਘਰ ਅੰਦਰ ਅੱਗ ਲੱਗਣ ਦਾ ਕਾਰਣ ਪਤਾ ਕਰਨ ਵਿਚ ਲੱਗੇ ਹੋਏ ਹਨ।
 


Babita

Content Editor

Related News