ਸਾਈਬਰ ਕਰਾਈਮ: ਕਰੈਡਿਟ ਕਾਰਡ ਚਾਲੂ ਕਰਨ ਦੇ ਨਾਂ ’ਤੇ ਫੌਜੀ ਦੇ ਖਾਤੇ ਤੋਂ ਕਢਵਾਏ 4.75 ਲੱਖ ਰੁਪਏ

Sunday, May 30, 2021 - 11:07 AM (IST)

ਫਿਰੋਜ਼ਪੁਰ (ਮਲਹੋਤਰਾ, ਕੁਮਾਰ): ਇਕ ਫੌਜੀ ਨੂੰ ਸਾਈਬਰ ਕਰਾਈਮ ਠੱਗੀ ਦਾ ਸ਼ਿਕਾਰ ਬਣਾ ਕੇ ਉਸ ਦੇ ਖਾਤੇ ’ਚੋਂ 4 ਲੱਖ 75 ਹਜ਼ਾਰ ਰੁਪਏ ਕਢਵਾਉਣ ਵਾਲੇ ਅਣਪਛਾਤੇ ਦੋਸ਼ੀ ਦੇ ਖ਼ਿਲਾਫ਼ ਪੁਲਸ ਨੇ ਪਰਚਾ ਦਰਜ ਕੀਤਾ ਹੈ। ਇਹ ਠੱਗੀ ਸੈਨਿਕ ਦਾ ਕਰੈਡਿਟ ਕਾਰਡ ਚਾਲੂ ਕਰਨ ਦੇ ਨਾਂ ’ਤੇ ਮਾਰੀ ਗਈ ਹੈ। ਥਾਣਾ ਕੈਂਟ ਦੇ ਮੁਖੀ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਭਾਰਤੀ ਸੈਨਾ ’ਚ ਤੈਨਾਤ ਸੁਭਰਤਾ ਦਿੱਤਾ ਵਾਸੀ ਪੱਛਮੀ ਬੰਗਾਲ ਨੇ ਦੱਸਿਆ ਕਿ ਉਸਦਾ ਬੈਂਕ ਖਾਤਾ ਪੱਛਮੀ ਬੰਗਾਲ ਦੇ ਜ਼ਿਲ੍ਹਾ ਨਿੰਦੀਆ ਦੇ ਭਾਰਤੀ ਸਟੇਟ ਬੈਂਕ ’ਚ ਹੈ।

ਉਸ ਦੀ ਡਿਊਟੀ ਫਿਰੋਜ਼ਪੁਰ ’ਚ ਹੈ। ਉਸ ਨੇ ਆਪਣਾ ਕਰੈਡਿਟ ਕਾਰਡ ਅਪਲਾਈ ਕੀਤਾ ਹੋਇਆ ਹੈ, ਇਸ ਦੇ ਲਈ ਉਸ ਨੇ ਗੂਗਲ ਤੋਂ ਕਸਟਮਰ ਕੇਅਰ ਦਾ ਨੰਬਰ ਲੈ ਕੇ ਗੱਲਬਾਤ ਕੀਤੀ ਤਾਂ ਇਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਐਨੀ ਡੈਸਕ ਰਿਮੋਟ ਕੰਟਰੋਲ ਐਪ ਡਾਊਨਲੋਡ ਕਰਨ ਨੂੰ ਕਿਹਾ। ਉਸ ਨੇ ਐਪ ਡਾਊਨਲੋਡ ਕੀਤੀ ਤਾਂ ਇਕ ਵਨ ਟਾਈਮ ਪਾਸਵਰਡ ਆਇਆ, ਜੋ ਉਸ ਨੇ ਗੱਲਬਾਤ ਕਰ ਰਹੇ ਵਿਅਕਤੀ ਨੂੰ ਦੱਸ ਦਿੱਤਾ।

ਇਸ ਤੋਂ ਬਾਅਦ ਉਸ ਦੇ ਖਾਤੇ ’ਚੋਂ 11000 ਰੁਪਏ ਨਿਕਲ ਗਏ ਤੇ ਉਸਦੇ ਐੱਸ. ਬੀ. ਆਈ. ਖਾਤੇ ’ਚ ਜਮ੍ਹਾ 5.16 ਲੱਖ ਰੁਪਏ ਦੇ ਫਿਕਸਡ ਡਿਪਾਜ਼ਿਟ ’ਚੋਂ 4.64 ਲੱਖ ਰੁਪਏ ਨਿਕਲ ਜਾਣ ਦਾ ਮੈਸੇਜ ਉਸ ਕੋਲ ਆਇਆ। ਉਸ ਨੇ ਦੋਸ਼ ਲਾਏ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਕੇ ਉਸਦੇ ਖਾਤੇ ’ਚੋਂ 4.75 ਲੱਖ ਰੁਪਏ ਕਢਵਾ ਲਏ ਹਨ। ਥਾਣਾ ਮੁਖੀ ਅਨੁਸਾਰ ਦੋਸ਼ੀ ਦੇ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਉਸਦੀ ਭਾਲ ਕੀਤੀ ਜਾ ਰਹੀ ਹੈ।


Shyna

Content Editor

Related News