ਸ਼੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ''ਚ ਚੱਲ ਰਹੀ ਸਾਈਬਰ ਠੱਗੀ, ਦੋ ਦਿਨਾਂ ''ਚ ਕਈ ਸ਼ਰਧਾਲੂ ਹੋਏ ਸ਼ਿਕਾਰ
Wednesday, Aug 28, 2024 - 04:08 AM (IST)
ਅੰਮ੍ਰਿਤਸਰ (ਸਰਬਜੀਤ) - ਸ਼੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਚ ਆਨਲਾਈਨ ਬੁਕਿੰਗ ਦੀ ਸਾਈਬਰ ਠੱਗੀ ਦਾ ਸਿਲਸਿਲਾ ਰੁਕਣ ਦੀ ਬਜਾਏ ਦਿਨੋ ਦਿਨ ਹੋਰ ਵੱਧਦਾ ਜਾ ਰਿਹਾ ਹੈ। ਇਸ 'ਤੇ ਕਾਬੂ ਪਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਾਰ ਫਿਰ ਪੁਲਸ ਕਮਿਸ਼ਨਰ ਰਣਜੀਤ ਸਿੰਘ ਢਿੱਲੋ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਸਰਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਰਾਗੜੀ ਸਰਾਂ ਦੇ ਨਾਂ 'ਤੇ ਜਾਲੀ ਵੈੱਬਸਾਈਟ ਬਣਾ ਕੇ ਸਾਈਬਰ ਠੱਗਾ ਵੱਲੋਂ ਸੰਗਤ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛੇ ਮਹੀਨੇ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਪੁਲਸ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਆਈ.ਟੀ. ਵਿੰਗ ਨੇ ਸਾਈਬਰ ਠੱਗ ਦੀ ਜਾਲੀ ਵੈੱਬਸਾਈਟ ਬੰਦ ਕਰਵਾਈ ਸੀ। ਪਰ ਕੁਝ ਸਮਾਂ ਬੀਤ ਜਾਣ ਦੇ ਬਾਅਦ ਹੁਣ ਮੁੜ ਸਾਈਬਰ ਠੱਗ ਸਰਗਰਮ ਹੋਣੇ ਸ਼ੁਰੂ ਹੋ ਗਏ ਹਨ।
ਉਹਨਾਂ ਦੱਸਿਆ ਕਿ ਬੀਤੇ ਦੋ ਦਿਨਾਂ 'ਚ ਅਨੇਕਾਂ ਸ਼ਰਧਾਲੂਆਂ ਨੂੰ ਫਿਰ ਤੋਂ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ, ਜਿਸਦੇ ਲਈ ਸ਼੍ਰੋਮਣੀ ਕਮੇਟੀ ਦੀ ਟੀਮ ਮੁੜ ਤੋਂ ਪੁਲਸ ਕਮਿਸ਼ਨਰ ਦੇ ਦਫ਼ਤਰ ਪੁਹੰਚੀ ਅਤੇ ਸਾਈਬਰ ਠੱਗ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਹੁਣ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਦੀ ਅਧਿਕਾਰਿਤ ਵੈਬਸਾਈਟ ਤੋਂ ਹੀ ਕਮਰੇ ਬੁੱਕ ਕਰਵਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।