ਪੰਜਾਬ 'ਚ 14 ਅਪ੍ਰੈਲ ਤਕ ਜਾਰੀ ਰਹੇਗਾ ਕਰਫਿਊ

Monday, Mar 30, 2020 - 08:08 PM (IST)

ਪੰਜਾਬ 'ਚ 14 ਅਪ੍ਰੈਲ ਤਕ ਜਾਰੀ ਰਹੇਗਾ ਕਰਫਿਊ

ਜਲੰਧਰ-ਕੋਵਿਡ-19 ਦੇ ਖਿਲਾਫ ਜੰਗੀ ਪੱਧਰ ’ਤੇ ਚੱਲ ਰਹੀ ਲੜਾਈ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੀਆਂ ਸਰਹੱਦਾਂ ਨੂੰ ਸੀਲ ਕਰਨ ਦੇ ਹੁਕਮ ਦਿੰਦੇ ਹੋਏ ਸੂਬੇ ਵਿਚ ਕਰਫਿਊ ਦੀ ਮਿਆਦ ਵਧਾ ਕੇ 14 ਅਪ੍ਰੈਲ ਤੱਕ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਵਿਚ ਉਤਰੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਅਤੇ ਸਫਾਈ ਕਰਮਚਾਰੀਆਂ ਦਾ ਵਿਸ਼ੇਸ਼ ਬੀਮਾ ਕਰਵਾਉਣ ਦਾ ਵੀ ਵਾਅਦਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਆਪਣੇ ਸਿਹਤ ਕਰਮਚਾਰੀਆਂ ਦੇ ਕਰਵਾਏ ਗਏ ਬੀਮੇ ਵਾਂਗ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰਸੂਬੇ ਦੀ ਮੰਗ ਨੂੰ ਮਨਜ਼ੂਰ ਨਹੀਂ ਕਰਦਾ ਅਤੇ ਜੇਕਰ ਇਨ੍ਹਾਂ ਕਰਮਚਾਰੀਆਂ ਦਾ ਬੀਮਾ ਨਾ ਕਰਵਾਇਆ ਤਾਂ ਪੰਜਾਬ ਸਰਕਾਰ ਇਹ ਕੰਮ ਖੁਦ ਕਰੇਗੀ। ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਨੂੰ ਕਿਹਾ ਹੈ ਕਿ ਉਹ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਐਮਰਜੈਂਸੀ ਵਿੱਤੀ ਯੋਜਨਾ ਤਿਆਰ ਕਰੇ ਅਤੇ ਨਾਲ ਹੀ ਮੈੈਡੀਕਲ ਅਤੇ ਹੋਰ ਜ਼ਰੂਰੀ ਵਸਤਾਂ ਦੀ ਬਿਨਾਂ ਕਿਸੇ ਰੁਕਾਵਟ ਦੇ ਸਪਲਾਈ ਨੂੰ ਯਕੀਨੀ ਬਣਾਵੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਸੂਬੇ ਨੂੰ ਭਾਰਤ ਸਰਕਾਰ ਵਲੋਂ ਮਦਦ ਦੀ ਲੋੜ ਹੈ। ਇਕ ਹੋਰ ਅਹਿਮ ਫੈਸਲੇ ਵਿਚ ਮੁੱਖ ਮੰਤਰੀ ਨੇ ਲੋਕਲ ਬਾਡੀਜ ਵਿਭਾਗ ਨੂੰ 2000 ਸਫਾਈ ਸੇਵਕਾਂ ਜਿਨ੍ਹਾਂ ਨੇ 31 ਮਾਰਚ ਨੂੰ ਸੇਵਾਮੁਕਤ ਹੋਣਾ ਸੀ ਦੇ ਸੇਵਾਕਾਲ ਵਿਚ 3 ਮਹੀਨੇ ਦਾ ਵਾਧਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਸੂਬੇ 'ਚ ਕਰਫਿਊ ਕਾਰਣ ਲਾਗੂ ਪਾਬੰਦੀਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਅੱਜ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਲਈ ਵੀਡੀਓ ਕਾਨਫਰੰਸ ਦਾ ਆਯੋਜਨ ਕੀਤਾ। ਮੁੱਖ ਮੰਤਰੀ ਨੇ ਸਾਰੇ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕੋਰੋਨਾ ਵਾਇਰਸ ਨੂੰ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਵਿਚ ਹੋਰ ਤੇਜ਼ੀ ਲਿਆਉਣ ਤੇ ਨਾਲ ਹੀ ਜਨਤਾ ਨੂੰ ਸਾਰੀਆਂ ਜ਼ਰੂਰੀ ਵਸਤਾਂ ਤੇ ਸੇਵਾਵਾਂ ਮਿਲਦੀਆਂ ਰਹਿਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਦਿਹਾਤੀ ਇਲਾਕਿਆਂ ਵਿਚ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਤੇ ਕਿਹਾ ਕਿ ਪਿੰਡਾਂ ਵਿਚ ਲੋਕਾਂ ਦੀ ਭੀੜ ਇਕੱਠੀ ਨਹੀਂ ਹੋਣੀ ਚਾਹੀਦੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ 14 ਅਪ੍ਰੈਲ ਤੱਕ ਕਰਫਿਊ ਦੇ ਸਾਰੇ ਪ੍ਰਬੰਧਾਂ
ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤੇ ਉਸ ਤੋਂ ਬਾਅਦ ਸੂਬਾ ਸਰਕਾਰ ਭਾਰਤ ਸਰਕਾਰ ਦੇ ਭਵਿੱਖ ਦੇ ਫੈਸਲੇ ਨੂੰ ਦੇਖਦੇ ਹੋਏ ਆਪਣਾ ਫੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਾਕਡਾਊਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ। ਮੁੱਖ ਮਤੰਰੀ ਨੇ ਕਿਹਾ ਕਿ ਸੂਬਾ ਕਿਸੇ ਵੀ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਾਰੇ ਸਰਕਾਰੀ ਵਿਭਾਗਾਂ ਵਲੋਂ ਸੰਕਟ ਦੇ ਸਮੇਂ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਮੌਜੂਦਾ ਉਪਕਰਣਾਂ ਤੋਂ ਇਲਾਵਾ ਸੂਬੇ ਨੇ ਆਪਣੀਆਂ ਤਿਆਰੀਆਂ ਨੂੰ ਹੋਰ ਤੇਜ਼ ਕਰਦੇ ਹੋਏ 65 ਹੋਰ ਵੈਂਟੀਲੇਟਰ, 1.5 ਲੱਖ ਪੀ. ਪੀ. ਈ. ਕਿੱਟਾਂ ਅਤੇ 47000 ਐੱਨ.95 ਮਾਸਕ ਖਰੀਦਣ ਦੇ ਆਰਡਰ ਦਿੱਤੇ ਹਨ। ਇਸੇ ਤਰ੍ਹਾਂ 13 ਲੱਖ ਟ੍ਰਿਪਲ ਲੇਅਰ ਮਾਸਕ ਖਰੀਦੇ ਜਾ ਰਹੇ ਹਨ। ਵਿੰਨੀ ਮਹਾਜਨ ਨੇ ਮੀਟਿੰਗ 'ਚ ਦੱਸਿਆ ਕਿ ਲੁਧਿਆਣਾ ਦੀ ਐਵਰਸ਼ਾਈਨ ਕੰਪਨੀ ਦੇ ਪੀ. ਪੀ. ਈ. ਸੈਂਪਲਾਂ ਨੂੰ ਕੇਂਦਰੀ ਟੈਸਟਿੰਗ ਲੈਬਾਰਟਰੀ , ਕੋਇੰਬਟੂਰ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਫਰਮ ਵਲੋਂ 1000 ਮਾਸਕ ਰੋਜ਼ਾਨਾ ਤਿਆਰ ਕੀਤੇ ਜਾਣਗੇ ਅਤੇ 5 ਦਿਨਾਂ ਵਿਚ ਕੰਮ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਿਹਤ ਵਿਭਾਗ ਦੇ ਪੋਰਟਲ ਨਾਲ ਈ. ਓ. ਆਈ. ਦੀ ਮਾਰਫਤ 20000 ਬੈੱਡਾਂ ਦੀ ਪਛਾਣ ਕੀਤੀ ਗਈ ਹੈ। ਇਸ ਸਬੰਧ ਵਿਚ ਲੋਕਾਂ ਨੂੰ ਟ੍ਰੇਨਿੰਗ ਦਾ ਕੰਮ 1 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ। ਸਟਾਫ ਨੂੰ ਵੱਖ-ਵੱਖ ਬੈਚਾਂ ਵਿਚ ਟ੍ਰੇਨਿੰਗ ਦਿੱਤੀ ਜਾਵੇਗੀ। ਆਈ. ਐੱਮ. ਏ. ਪੰਜਾਬ ਨਾਲ ਜੁੜੇ ਡਾਕਟਰਾਂ ਨਾਲ ਸੰਪਰਕ ਕਰਨ ਲਈ ਨਵੀਂ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ ਜਿਸ ਦਾ ਨੰਬਰ 18001804104 ਹੈ।

ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਾਰੇ ਸੰਭਵ ਉਪਕਰਣਾਂ ਦੀ ਖਰੀਦ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਸੁਝਾਅ ਦਿੱਤੇ ਕਿ ਹਰੇਕ ਮੰਤਰੀ ਤੇ ਵਿਧਾਇਕ ਨੂੰ ਆਪਣੇ ਇਕ- ਇਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਕੋਸ਼ ਵਿਚ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਇਕ- ਇਕ ਹਫਤੇ ਦੀ ਤਨਖਾਹ ਕੋਵਿ਼ਡ ਰਾਹਤ ਫੰਡ ਵਿਚ ਦੇਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਫੈਸਲੇ ਜਬਰਦਸਤੀਲਾਗੂ ਨਹੀਂ ਕੀਤੇ ਜਾ ਸਕਦੇ ਪਰ ਉਹ ਇਸ ਸਬੰਧ ਵਿਚ ਅਪੀਲ ਜ਼ਰੂਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੀ. ਐੱਮ. ਕੋਵਿਡ ਰਿਲੀਫ ਫੰਡ ਵਿਚ ਦਿੱਤੇ ਜਾਣ ਵਾਲੇ ਦਾਨ ਨੂੰ ਇਨਕਮ ਟੈਕਸ ਤੋਂ ਛੂਟ ਮਿਲੇਗੀ।


author

Karan Kumar

Content Editor

Related News