ਕਰਫਿਊ ਦੌਰਾਨ ਗਲੀ ’ਚੋਂ ਮਿਲਿਆ ਕੱਚਾ ਮਾਸ, ਫੈਲੀ ਸਨਸਨੀ
Wednesday, Mar 25, 2020 - 04:09 PM (IST)
ਦੋਦਾ (ਲਖਵੀਰ ਸ਼ਰਮਾ) - ਪਿੰਡ ਦੋਦਾ ਵਿਖੇ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ਦੇ ਨਜ਼ਦੀਕ ਬਣੀ ਸ਼ਹੀਦ ਭਗਤ ਸਿੰਘ ਕਾਲੋਨੀ ਵਿਚ ਕਿਸੇ ਸ਼ਰਾਰਤੀ ਅਨਸਰ ਵਲੋਂ ਕੱਚਾ ਮਾਸ ਸੁੱਟਣ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕੱਚਾ ਮਾਸ ਸੁੱਟਣ ਦੀ ਸੂਚਨਾ ਮਿਲਣ ’ਤੇ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਡਾ. ਲਾਡੀ ਖਾਨ, ਸਤਵੀਰ ਸਿੰਘ, ਬੰਟੀ ਸਿੰਘ, ਵਿਜੇ ਕੁਮਾਰ ਆਦਿ ਨੇ ਦੱਸਿਆ ਕਿ ਜਿੱਥੇ ਪਹਿਲਾਂ ਤੋਂ ਕੋਰੋਨਾ ਵਾਇਰਸ ਕਾਰਣ ਡਰ ਦਾ ਮਾਹੌਲ ਬਣਿਆ ਹੋਇਆ, ਉੱਥੇ ਹੀ ਕਿਸੇ ਸ਼ਰਾਰਤੀ ਅਨਸਰ ਵਲੋਂ ਉਨ੍ਹਾਂ ਦੇ ਘਰਾਂ ਨੇੜੇ ਗਲਿਆ-ਸੜਿਆ ਮਾਸ ਅਤੇ ਜਾਨਵਰਾਂ ਦੇ ਖੰਭ ਸੁੱਟੇ ਗਏ, ਜਿਸ ਕਾਰਣ ਬਹੁਤ ਬਦਬੂ ਆ ਰਹੀ ਹੈ। ਬਦਬੂ ਫੈਲਣ ਕਾਰਨ ਉਨ੍ਹਾਂ ਦਾ ਆਪਣੇ ਘਰਾਂ ਵਿਚ ਰਹਿਣਾ ਮੁਸ਼ਕਲ ਹੋਇਆ ਪਿਆ ਹੈ।
ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਆਮ ਲੋਕ ਘਰਾਂ ਵਿਚੋਂ ਬਾਹਰ ਨਹੀਂ ਨਿਕਲ ਸਕਦੇ ਪਰ ਮਾਸ ਦਾ ਇਸ ਤਰ੍ਹਾਂ ਖੁੱਲ੍ਹੇਆਮ ਗਲੀ ਵਿਚੋਂ ਮਿਲਣਾ ਇਸ਼ਾਰਾ ਕਰਦਾ ਹੈ ਕਿ ਕੁਝ ਲੋਕ ਹਾਲੇ ਵੀ ਚੋਰੀ ਛੁਪੇ ਮੀਟ-ਮਾਸ ਦਾ ਕੰਮ ਕਰ ਕੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਕਾਲੋਨੀ ਦੇ ਇਕੱਤਰ ਲੋਕਾਂ ਨੇ ਦੱਸਿਆ ਕਿ ਇਸ ਦੀ ਸੂਚਨਾ ਤੁਰੰਤ ਪੁਲਸ ਚੌਕੀ ਦੋਦਾ ਨੂੰ ਦਿੱਤੀ ਗਈ ਹੈ ਅਤੇ ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਅਜਿਹੀ ਹਰਕਤ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਕੀ ਕਹਿਣੈ ਪੁਲਸ ਅਧਿਕਾਰੀ ਦਾ
ਇਸ ਸਬੰਧੀ ਪੁਲਸ ਚੌਕੀ ਦੋਦਾ ਦੇ ਇੰਚਾਰਜ ਐੱਸ. ਆਈ. ਜਗਦੀਪ ਸਿੰਘ ਨੇ ਕਿਹਾ ਕਿ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉੱਥੇ ਪਏ ਕੱਚੇ ਮਾਸ ਨੂੰ ਡੂੰਘਾ ਟੋਇਆ ਪੁੱਟ ਕੇ ਜ਼ਮੀਨ ਵਿਚ ਦਬਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਰਕਾਰੀ ਹੁਕਮਾਂ ਦੀ ਉਲੰਘਣਾ ਅਤੇ ਅਮਨ ਕਾਨੂੰਨ ਦੀ ਸਥਿਤੀ ਭੰਗ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ।