ਕਰਫਿਊ ਮੌਕੇ ਸ਼ਹਿਰ ਦੀ ਸਫਾਈ ਕਰ ਰਹੇ ਕਰਮਚਾਰੀ ਨੂੰ ਪਿਸਤੌਲ ਦਿਖਾ ਦਿੱਤੀ ਜਾਨੋ ਮਾਰਨ ਦੀ ਧਮਕੀ
Tuesday, Apr 07, 2020 - 04:15 PM (IST)
ਗੁਰੂਹਰਸਹਾਏ (ਆਵਲਾ) - ਕੋਰੋਨਾ ਵਾਇਰਸ ਦਾ ਕਹਿਰ ਦੇਸ਼ ’ਚ ਹੀ ਨਹੀਂ ਸਗੋ ਪੂਰੀ ਦੁਨੀਆਂ ’ਚ ਫੈਲ ਰਿਹਾ ਹੈ। ਇਕ ਪਾਸੇ ਜਿਥੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਚੱਲ ਰਹੀ ਹੈ, ਉਥੇ ਹੀ ਦੂਜੇ ਪਾਸੇ ਸਰਕਾਰ ਵਲੋਂ ਜਾਰੀ ਕਰਫਿਊ ਦੌਰਾਨ ਜ਼ਰੂਰੀ ਸੇਵਾਵਾਂ ਤਹਿਤ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਆਪਣੀ ਡਿਊਟੀ ਕਰ ਰਹੇ ਹਨ। ਗੁਰੂਹਰਸਹਾਏ ’ਚ ਅੱਜ ਸਫਾਈ ਕਰਮਚਾਰੀ ਦੀ ਡਿਊਟੀ ਕਰ ਰਹੇ ਇਕ ਵਿਅਕਤੀ ਨਾਲ ਦੁਰਵਿਵਹਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਜਦੋਂ ਆਦਰਸ਼ ਨਗਰ ਵਿਚ ਸਫਾਈ ਕਰਮਚਾਰੀ ਆਪਣੀ ਡਿਊਟੀ ਕਰ ਰਿਹਾ ਸੀ ਤਾਂ ਉੱਥੇ ਹਾਜ਼ਰ ਇਕ ਵਿਅਕਤੀ ਨੇ ਸਫਾਈ ਕਰਮਚਾਰੀ ਨਾਲ ਦੁਰਵਿਹਾਰ ਕਰਦੇ ਹੋਏ ਗਾਲੀ ਗਲੋਚ ਕੀਤੀ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਆਪਣੀ ਪਿਸਤੌਲ ਕੱਢ ਕੇ ਸਫ਼ਾਈ ਕਰਮਚਾਰੀ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ। ਸਫਾਈ ਕਰਮਚਾਰੀ ਨੇ ਇਸ ਘਟਨਾ ਦੇ ਬਾਰੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਨਗਰ ਕੌਂਸਲ ਵਲੋਂ ਇਸ ਦੀ ਸ਼ਿਕਾਇਤ ਥਾਣਾ ਗੁਰੂਹਰਸਹਾਏ ਵਿਖੇ ਵੀ ਕੀਤੀ ਗਈ। ਪੁਲਸ ਵਲੋਂ ਮੌਕੇ ’ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।