ਰਾਮ ਰਹੀਮ ਦੇ ਡੇਰੇ ''ਚ ਨਿਪੁੰਸਕ ਬਣਾਏ ਮਰਦਾਂ ਦਾ ਚੰਡੀਗੜ੍ਹ ''ਚ ਹੋਵੇਗਾ ਇਲਾਜ
Saturday, Sep 09, 2017 - 06:51 AM (IST)
ਚੰਡੀਗੜ੍ਹ (ਅਰਚਨਾ) - ਗੁਰਮੀਤ ਰਾਮ ਰਹੀਮ ਦੇ ਸਿਰਸਾ ਡੇਰੇ 'ਚ ਨਿਪੁੰਸਕ (ਕੈਸਟ੍ਰੇਸ਼ਨ) ਬਣਾਏ ਗਏ ਮਰਦਾਂ ਦੀ ਮਦਦ ਲਈ ਚੰਡੀਗੜ੍ਹ ਦੀ ਇਕ ਸੰਸਥਾ ਸਾਹਮਣੇ ਆਈ ਹੈ। ਸੋਸ਼ਲ ਰਾਈਟ ਫਾਊਂਡੇਸ਼ਨ ਨੇ ਨਿਪੁੰਸਕ ਬਣਾਏ ਗਏ ਮਰਦਾਂ ਨੂੰ ਹਾਰਮੋਨ ਥੈਰੇਪੀ ਤੇ ਦਵਾਈਆਂ ਦੇ ਦਮ 'ਤੇ ਕੁਆਲਿਟੀ ਲਾਈਫ ਦੇਣ ਦਾ ਦਾਅਵਾ ਕੀਤਾ ਹੈ। ਫਾਊਂਡੇਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੰਸਥਾ ਨਾ ਸਿਰਫ ਨਿਪੁੰਸਕਤਾ ਦਾ ਸ਼ਿਕਾਰ ਹੋਏ ਮਰਦਾਂ ਦਾ ਇਲਾਜ ਕਰੇਗੀ, ਬਲਕਿ ਇਹ ਵੀ ਆਂਕੇਗੀ ਕਿ ਨਿਪੁੰਸਕਤਾ ਤੋਂ ਬਾਅਦ ਮਰਦਾਂ ਦੇ ਸਰੀਰ ਤੇ ਦਿਮਾਗ 'ਤੇ ਇਸਦਾ ਕਿੰਨਾ ਅਸਰ ਹੋਇਆ ਹੈ। ਮਰਦਾਂ ਦੇ ਇਲਾਜ ਲਈ ਨਾ ਸਿਰਫ ਇੰਡੋਕ੍ਰਾਈਨਾਲੋਜਿਸਟ ਸਰਜਨ, ਬਲਕਿ ਸਾਈਕਾਲੋਜਿਸਟ ਦੀ ਮਦਦ ਵੀ ਲਈ ਜਾਵੇਗੀ।
ਸੰਸਥਾ ਦੇ ਡਾਇਰੈਕਟਰ ਅਨੁਸਾਰ ਉਨ੍ਹਾਂ ਨੇ ਨਿਪੁੰਸਕਤਾ ਦੇ ਸ਼ਿਕਾਰ ਮਰਦਾਂ ਨੂੰ ਚੰਡੀਗੜ੍ਹ ਆਉਣ ਲਈ ਸੱਦਾ ਭੇਜ ਦਿੱਤਾ ਹੈ। ਉਨ੍ਹਾਂ ਸਭ ਦੇ ਚੰਡੀਗੜ੍ਹ ਆਉਣ 'ਤੇ ਚੈੱਕਅਪ ਕੀਤਾ ਜਾਵੇਗਾ ਤੇ ਜਾਂਚ ਦੇ ਆਧਾਰ 'ਤੇ ਤੈਅ ਕੀਤਾ ਜਾਵੇਗਾ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਇਲਾਜ ਦਿੱਤਾ ਜਾਣਾ ਹੈ।
ਇਕ ਪਾਸੇ ਜਿਥੇ ਚੰਡੀਗੜ੍ਹ ਦੀ ਸੰਸਥਾ ਨੇ ਆਸ਼ਰਮ 'ਚ ਨਿਪੁੰਸਕ ਬਣਾਏ ਗਏ ਮਰਦਾਂ ਦੀ ਮਦਦ ਲਈ ਹੱਥ ਵਧਾਇਆ ਹੈ, ਉਥੇ ਹੀ ਦੂਜੇ ਪਾਸੇ ਪੀ. ਜੀ. ਆਈ. ਦੇ ਇੰਡੋਕ੍ਰਾਈਨਾਲੋਜੀ ਵਿਭਾਗ ਨੇ ਖੁਲਾਸਾ ਕੀਤਾ ਹੈ ਕਿ ਡੇਰੇ 'ਚ ਨਿਪੁੰਸਕ ਬਣਾਏ ਗਏ ਮਰਦਾਂ ਦੇ ਗੁਪਤ ਅੰਗਾਂ ਨੂੰ ਬੁਰੀ ਤਰ੍ਹਾਂ ਕੱਟਿਆ ਗਿਆ ਸੀ, ਸਿਰਫ ਟੈਸਟੀਕਲ ਹੀ ਨਹੀਂ, ਬਲਕਿ ਪੂਰੀ ਯੂਰੇਥਰਲ ਟਿਊਬ ਹੀ ਕੱਟ ਦਿੱਤੀ ਗਈ ਸੀ।
