ਛੁੱਟੀ ਆਏ ਸੀ.ਆਰ.ਪੀ. ਜਵਾਨ ਦੀ ਸੜਕ ਹਾਦਸੇ ''ਚ ਮੌਤ

11/17/2017 9:11:46 PM

ਝਬਾਲ/ਬੀੜ ਸਾਹਿਬ, (ਲਾਲੂਘੁੰਮਣ, ਬਖਤਾਵਰ)- ਇਕ ਹਫਤਾ ਪਹਿਲਾਂ ਛੁੱਟੀ ਆਏ ਸੀ.ਆਰ.ਪੀ. (ਸੈਂਟਰਲ ਰਿਜ਼ਵ ਪੁਲਸ) ਦੇ ਜਵਾਨ ਹਰਚੰਦ ਸਿੰਘ (35) ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਬਘਿਆੜੀ ਦੀ ਸ਼ੁੱਕਰਵਾਰ ਨੂੰ ਦੇਰ ਸ਼ਾਮ ਸ਼ੜਕ ਹਾਦਸੇ 'ਚ ਮੌਤ ਹੋ ਗਈ, ਉਹ ਆਪਣੀ ਬਾਈਕ 'ਤੇ ਅੱਡਾ ਝਬਾਲ ਵਿਖੇ ਰਹਿੰਦੇ ਆਪਣੇ ਸਾਂਢੂ ਨੂੰ ਮਿਲਣ ਆ ਰਿਹਾ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਂ ਸੁਰਜੀਤ ਕੌਰ ਅਤੇ ਸੱਸ ਬਲਵਿੰਦਰ ਕੌਰ ਨੇ ਦੱਸਿਆ ਕਿ ਹਰਚੰਦ ਸਿੰਘ ਸ਼੍ਰੀਨਗਰ ਵਿਖੇ ਤਾਇਨਾਤ ਹੈ ਅਤੇ ਇਕ ਹਫਤਾ ਪਹਿਲਾਂ ਹੀ ਛੁੱਟੀ ਆਇਆ ਸੀ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਨੂੰ ਹਰਚੰਦ ਸਿੰਘ ਆਪਣੇ ਮੋਟਰਸਾਈਕਲ 'ਤੇ ਅੱਡਾ ਝਬਾਲ ਵਿਖੇ ਰਹਿੰਦੇ ਸਾਂਢੂ ਸੁਬੇਗ ਸਿੰਘ ਦੇ ਘਰ ਜਾ ਰਿਹਾ ਸੀ ਕਿ ਪੁੱਲ ਨਾਲ ਨਿਕਾਸੂ ਝਬਾਲ ਦੇ ਨੇੜੇ ਇਕ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਹਰਚੰਦ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਡਿਊਟੀ ਅਫ਼ਸਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਮੌਕੇ ਉੱਤੇ ਮੌਜੂਦ ਲੋਕਾਂ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਤੇ ਕਾਰ ਦੋਵੇਂ ਬੁਰੀ ਤਰ੍ਹਾਂ ਨੁਕਸਾਨੇ ਗਏ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਮਾਰੇ ਗਏ ਨੌਜਵਾਨ ਦੀ ਲਾਸ਼ ਅਤੇ ਕਾਰ ਨੂੰ ਕਬਜੇ 'ਚ ਲੈ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਾਦਸੇ ਉਪਰੰਤ ਗੱਡੀ ਚਾਲਕ ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਹੈ, ਦੀ ਪਛਾਣ ਸੁਖਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਹਵੇਲੀਆਂ ਵਜੋਂ ਹੋਈ ਹੈ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।
ਮ੍ਰਿਤਕ ਦੀ ਮਾਂ ਸੁਰਜੀਤ ਕੌਰ ਅਤੇ ਸੱਸ ਬਲਵਿੰਦਰ ਕੌਰ ਨੇ ਦੱਸਿਆ ਕਿ ਹਰਚੰਦ ਸਿੰਘ 3 ਧੀਆਂ ਦਾ ਬਾਪ ਸੀ, ਜਿਨ੍ਹਾਂ ਚੋਂ ਇਕ 9 ਸਾਲ, ਦੂਜੀ 7 ਅਤੇ ਤਿਜੀ ਲੜਕੀ 5 ਸਾਲ ਦੀ ਹੈ। ਉਨ੍ਹਾਂ ਦੱਸਿਆ ਪਤਨੀ ਦੀ ਸਿਹਤ ਕੁਝ ਠੀਕ ਨਾ ਹੋਣ ਕਰਕੇ ਉਹ ਇਕ ਹਫਤਾ ਪਹਿਲਾਂ ਹੀ ਛੁੱਟੀ 'ਤੇ ਘਰ ਆਇਆ ਸੀ ਅਤੇ ਜਲਦ ਹੀ ਉਹ ਆਪਣੀ ਡਿਊਟੀ 'ਤੇ ਵਾਪਸ ਜਾਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਇਹ ਕਹਿ ਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰੋਂ ਗਿਆ ਸੀ ਕਿ ਉਹ ਅੱਡਾ ਝਬਾਲ ਵਿਖੇ ਰਹਿੰਦੀ ਆਪਣੀ ਸਾਲੀ ਮਨਜੀਤ ਕੌਰ, ਸਾਂਢੂ ਸੁਬੇਗ ਸਿੰਘ ਅਤੇ ਬੱਚਿਆਂ ਨੂੰ ਮਿਲ ਕੇ ਛੇਤੀ ਹੀ ਘਰ ਪਰਤ ਆਵੇਗਾ, ਪ੍ਰੰਤੂ ਉਹ ਆਪ ਨਹੀਂ ਆਇਆ ਸਗੋਂ ਉਸਦੀ ਲਾਸ਼ ਮਿਲੀ।


Related News