ਲੁਧਿਆਣਾ 'ਚ ਕਰਫਿਊ ਦੌਰਾਨ ਲੱਗੀ ਲੋਕਾਂ ਦੀ ਭੀੜ, ਨਹੀਂ ਦਿਖਿਆ ਕੋਰੋਨਾ ਦਾ ਖੌਫ

Saturday, Apr 11, 2020 - 03:59 PM (IST)

ਲੁਧਿਆਣਾ 'ਚ ਕਰਫਿਊ ਦੌਰਾਨ ਲੱਗੀ ਲੋਕਾਂ ਦੀ ਭੀੜ, ਨਹੀਂ ਦਿਖਿਆ ਕੋਰੋਨਾ ਦਾ ਖੌਫ

ਲੁਧਿਆਣਾ (ਨਰਿੰਦਰ) : ਕੋਰੋਨਾ ਵਾਇਰਸ ਦੇ ਸੰਕਟ ਨੂੰ ਮੁੱਖ ਰੱਖਦਿਆਂ ਪੂਰੇ ਦੇਸ਼ 'ਚ ਲਾਕ ਡਾਊਨ ਕੀਤਾ ਹੋਇਆ ਹੈ ਅਤੇ ਪੰਜਾਬ ਸਰਕਾਰ ਵਲੋਂ ਵੀ 1 ਮਈ ਤੱਕ ਕਰਫਿਊ ਵਧਾ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਘਰਾਂ 'ਚ ਰੱਖ ਕੇ ਕੋਰੋਨਾ ਦੇ ਫੈਲ਼ਾਅ ਨੂੰ ਘਟਾਇਆ ਜਾਵੇ ਪਰ ਸ਼ਾਇਦ ਲੁਧਿਆਣਾ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਤਾਂ ਹੀ ਤਾਂ ਇਹ ਲੋਕ ਸ਼ਰੇਆਮ ਮੇਲੇ ਲਾ ਕੇ ਬੈਠ ਰਹੇ ਹਨ। ਇਨ੍ਹਾਂ ਲੋਕਾਂ ਦੀ ਇਕੱਠੀ ਹੋਈ ਭੀੜ ਨੂੰ ਦੇਖ ਕੇ ਲੱਗਦਾ ਹੀ ਨਹੀਂ ਹੈ ਕਿ ਸ਼ਹਿਰ 'ਚ ਕਰਫਿਊ ਲੱਗਾ ਹੋਇਆ ਹੈ।

PunjabKesari

ਸਥਾਨਕ ਸ਼ੇਰਪੁਰ ਇਲਾਕੇ ਦੇ ਰਣਜੀਤ ਨਗਰ 'ਚ ਪਰਵਾਸੀ ਮਜਦੂਰਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ। ਇੱਥੇ ਸੜਕ 'ਤੇ ਦੁਕਾਨਾਂ ਖੁੱਲੀਆਂ ਸਨ ਅਤੇ ਰੇਹੜੀ-ਫੜੀ ਵਾਲਿਆਂ ਨੇ ਬਾਜ਼ਾਰ ਸਜਾਏ ਹੋਏ ਸਨ। ਕਿਤੇ ਸਬਜ਼ੀ ਵਾਲੇ, ਕਿਤੇ ਸਮੋਸੇ ਵਾਲੇ ਅਤੇ ਕਿਤੇ ਗੋਲ-ਗੱਪੇ ਵਾਲੇ ਬਾਜ਼ਾਰ ਸਜਾ ਕੇ ਮੌਤ ਨਾਲ ਖੇਡ ਰਹੇ ਸਨ, ਜਿਵੇਂ ਉਨ੍ਹਾਂ ਨੂੰ ਪਤਾ ਹੀ ਨਾ ਹੋਵੇ ਕਿ ਕੋਰੋਨਾ ਬੀਮਾਰੀ ਨਾਲ ਲੜਨ ਦੇ ਲਈ ਕਰਫਿਊ ਲਾਇਆ ਹੋਇਆ ਹੈ। ਇੰਝ ਲੱਗ ਰਿਹਾ ਸੀ ਜਿਵੇਂ ਝੁੰਡ ਬਣਾ ਕੇ ਬੈਠੇ ਲੋਕ ਕਿਤੇ ਘੁੰਮਣ-ਫਿਰਨ ਆਏ ਹੋਣ ਪਰ ਵੱਡੀ ਗੱਲ ਇਹ ਦੇਖਣ ਨੂੰ ਮਿਲੀ ਕਿ ਸਿਰਫ਼ 3 ਪੁਲਸ ਮੁਲਾਜ਼ਮ ਬਾਜ਼ਾਰ ਦੀ ਨੁੱਕਰ 'ਤੇ ਬੈਠ ਕੇ ਸਾਰਾ ਤਮਾਸ਼ਾ ਦੇਖ ਰਹੇ ਸਨ।
ਜਦੋਂ 'ਜਗ ਬਾਣੀ' ਦੀ ਟੀਮ ਮੌਕੇ ਦਾ ਜਾਇਜ਼ਾ ਲੈਣ ਪੁੱਜੀ ਤਾਂ ਸਾਰੀ ਭੀੜ ਭੱਜਣ ਲੱਗ ਗਈ ਅਤੇ ਲੋਕ ਰੇਹੜੀਆਂ ਲੈ ਕੇ ਜਾਂਦੇ ਦਿਖਾਈ ਦਿੱਤੇ। ਕੁਝ ਦੁਕਾਨਦਾਰ ਤਾਂ ਫੜ੍ਹੀਆਂ ਉੱਥੇ ਹੀ ਛੱਡ ਕੇ ਭੱਜ ਗਏ ਪਰ ਪੁਲਸ ਮੁਲਾਜ਼ਮ ਇਸ ਗੱਲ ਤੋਂ ਬੇਖੌਫ ਹੋ ਕੇ ਆਪਣੀਆਂ ਕੁਰਸੀਆਂ 'ਤੇ ਬੈਠੇ ਸਨ ਅਤੇ ਫਿਰ ਓਪਚਾਰਿਕਤਾ ਦੇ ਤੌਰ 'ਤੇ ਦੋ ਮੁਲਾਜ਼ਮ ਭੀੜ ਨੂੰ ਹਟਾਉਣ ਲਈ ਜਾਂਦੇ ਦਿਖਾਏ ਦਿੱਤੇ। ਇੱਥੇ ਲੋੜ ਹੈ ਕਿ ਪੁਲਸ ਅਤੇ ਪ੍ਰਸ਼ਾਸਨ ਲੋਕਾਂ ਨਾਲ ਸਖਤੀ ਨਾਲ ਪੇਸ਼ ਆਵੇ ਤਾਂ ਜੋ ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। 
 


author

Babita

Content Editor

Related News