ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ

Saturday, Aug 14, 2021 - 03:39 PM (IST)

ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ

ਡੇਰਾ ਬਾਬਾ ਨਾਨਕ (ਵਤਨ)-ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ਤੋਂ ਸਪੈਸ਼ਲ ਟਾਸਕ ਫੋਰਸ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਜੇਲ੍ਹ ’ਚ ਬੰਦ ਇੱਕ ਕੈਦੀ ਦੀ ਨਿਸ਼ਾਨਦੇਹੀ ’ਤੇ 3 ਕਿੱਲੋ 120 ਗ੍ਰਾਮ ਹੈਰੋਇਨ, ਇਕ 12 ਵੋਲਟ ਦੀ ਬੈਟਰੀ ਤੇ ਹੋਰ ਸਾਮਾਨ ਬਰਾਮਦ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ’ਚ ਕੀਮਤ ਤਕਰੀਬਨ 15 ਕਰੋੜ 60 ਲੱਖ ਰੁਪਏ ਦੱਸੀ ਜਾ ਰਹੀ ਹੈ। ਸੀਮਾ ਸੁਰੱਖਿਆ ਬਲ ਦੇ ਸੂਤਰਾਂ ਅਨੁਸਾਰ ਬੀਤੀ ਰਾਤ ਸਪੈਸ਼ਲ ਟਾਸਕ ਫੋਰਸ ਦੇ ਅਧਿਕਾਰੀ ਇੱਕ ਕੈਦੀ ਗੁਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਤੂਰ ਜ਼ਿਲ੍ਹਾ ਤਰਨਤਾਰਨ ਨੂੰ ਲੈ ਕੇ ਬੀਤੀ ਦੇਰ ਸ਼ਾਮ ਸਰਹੱਦ ’ਤੇ ਸਥਿਤ ਸੁਰੱਖਿਆ ਬਲ ਦੀ ਪੋਸਟ ਕਮਾਲਪੁਰ ’ਤੇ ਆਏ ਸੀ।

ਇਹ ਵੀ ਪੜ੍ਹੋ : ਬਠਿੰਡਾ ’ਚ ਲਾਵਾਰਿਸ ਅਟੈਚੀ ਮਿਲਣ ਨਾਲ ਲੋਕਾਂ ’ਚ ਫੈਲੀ ਦਹਿਸ਼ਤ, ਮੌਕੇ ’ਤੇ ਪੁੱਜੀ ਪੁਲਸ

ਅੱਜ ਸਵੇਰੇ ਤਕਰੀਬਨ 10.35 ਵਜੇ ਉਕਤ ਕੈਦੀ ਦੀ ਨਿਸ਼ਾਨਦੇਹੀ ’ਤੇ ਅੰਤਰਰਾਸ਼ਟਰੀ ਸਰਹੱਦ ਤੋਂ ਤਕਰੀਬਨ 750 ਮੀਟਰ ਅੰਦਰ ਭਾਰਤੀ ਸਰਹੱਦ ਤੋਂ 3 ਕਿੱਲੋ 120 ਗ੍ਰਾਮ ਹੈਰੋਇਨ (ਚਾਰ ਪੈਕੇਟ) ਸਮੇਤ ਹੋਰ ਸਾਮਾਨ ਬਰਾਮਦ ਕੀਤੀ। ਜਿਸ ਸਥਾਨ ਤੋਂ ਇਹ ਹੈਰੋਇਨ ਮਿਲੀ ਹੈ, ਉਸ ਦੇ ਸਾਹਮਣੇ ਪਾਕਿਸਤਾਨ ਦੀ ਬਾਸੂਕੋਟ ਪੋਸਟ ਹੈ। ਸੂਤਰਾਂ ਦੇ ਅਨੁਸਾਰ ਜੇਲ ’ਚ ਬੰਦ ਕੈਦੀ ਗੁਰਪ੍ਰੀਤ ਸਿੰਘ ਦੇ ਮੋਬਾਇਲ ਨੂੰ ਇੰਟਰਸੈਪਟ ਕਰਨ ’ਤੇ ਸਪੈਸ਼ਲ ਟਾਸਕ ਫੋਰਸ ਨੇ ਇਹ ਪਾਇਆ ਸੀ ਕਿ ਉਸ ਦੀ ਪਾਕਿਸਤਾਨ ਦੇ ਸਮੱਗਲਰਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਅਤੇ ਉਹ ਜੇਲ੍ਹ ’ਚ ਬੈਠ ਕੇ ਵੀ ਹੈਰੋਇਨ ਦਾ ਕਾਰੋਬਾਰ ਚਲਾ ਰਿਹਾ ਹੈ, ਜਿਸ ’ਤੇ ਉਕਤ ਕੈਦੀ ਦਾ ਪ੍ਰੋਡਕਸ਼ਨ ਵਾਰੰਟ ਅਦਾਲਤ ਤੋਂ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਦੀ ਨਿਸ਼ਾਨਦੇਹੀ ’ਤੇ ਇਹ ਹੈਰੋਇਨ ਆਦਿ ਬਰਾਮਦ ਹੋਈ। ਸਪੈਸ਼ਲ ਟਾਸਕ ਫੋਰਮ ਦੀ ਅਗਵਾਈ ਡੀ. ਐੱਸ. ਪੀ. ਸਿਕੰਦਰ ਸਿੰਘ ਕਰ ਰਹੇ ਸਨ, ਜਦਕਿ ਸੀਮਾ ਸੁਰੱਖਿਆ ਬਲ ਵੱਲੋਂ ਅਗਵਾਈ ਸੁਖਬਿੰਦਰ ਪਾਲ ਡੀ. ਸੀ. ਕਰ ਰਹੇ ਸਨ। 


author

Manoj

Content Editor

Related News