...ਤੇ ਹੁਣ ਇਲਾਕੇ ਦੇ ਮੌਸਮ ਮੁਤਾਬਕ ਫਸਲਾਂ ਬੀਜਣਗੇ 'ਪੰਜਾਬ ਦੇ ਕਿਸਾਨ'
Saturday, Jul 20, 2019 - 04:07 PM (IST)

ਚੰਡੀਗੜ੍ਹ : ਹੁਣ ਪੰਜਾਬ ਦੇ ਕਿਸਾਨ ਇਲਾਕੇ ਦੀ ਜਲਵਾਯੂ ਅਤੇ ਮੌਸਮ ਦੇ ਹਿਸਾਬ ਨਾਲ ਫਸਲਾਂ ਬੀਜਣਗੇ। ਕਿਸਾਨਾਂ ਨੂੰ ਪੰਜਾਬ 'ਚ ਲਗਾਤਾਰ ਡਿਗਦੇ ਪਾਣੀ ਦੇ ਪੱਧਰ ਨੂੰ ਸੁਧਾਰਨ ਲਈ ਪੁਰਾਣੀਆਂ ਰਵਾਇਤੀ ਫਸਲਾਂ ਵੱਲ ਰੁਖ ਕਰਨਾ ਪਵੇਗਾ। ਇਸ ਦੇ ਲਈ ਸਰਕਾਰ ਨੇ ਸੂਬੇ 'ਚ ਐਗਰੋ ਕਲਾਈਮੇਟ ਜ਼ੋਨ ਬਣਾ ਦਿੱਤੇ ਹਨ ਅਤੇ ਪੂਰੇ ਸੂਬੇ ਨੂੰ 6 ਜ਼ੋਨਾਂ 'ਚ ਵੰਡਿਆ ਗਿਆ ਹੈ। ਇਨ੍ਹਾਂ ਜ਼ੋਨਾਂ ਲਈ ਸਰਕਾਰ ਨੇ ਉੱਥੋਂ ਦੀ ਜਲਵਾਯੂ ਮੁਤਾਬਕ ਫਸਲਾਂ ਤੈਅ ਕਰ ਦਿੱਤੀਆਂ ਹਨ ਤਾਂ ਜੋ ਕਿਸਾਨਾਂ ਨੂੰ ਜ਼ਮੀਨੀ ਪਾਣੀ ਦਾ ਵਧੇਰੇ ਇਸਤੇਮਾਲ ਨਾ ਕਰਨਾ ਪਵੇ। ਇਨ੍ਹਾਂ ਤੈਅ ਕੀਤੀਆਂ ਫਸਲਾਂ ਨੂੰ ਲਾ ਕੇ ਵਧੀਆ ਆਮਦਨ ਪ੍ਰਾਪਤ ਕਰ ਸਕਣਗੇ। ਦੂਜੇ ਪਾਸੇ ਸਰਕਾਰ ਹਰਿਆਣਾ ਦੀ ਤਰਜ਼ 'ਤੇ ਵੀ ਝੋਨੇ ਦੀ ਬਜਾਏ ਫਸਲੀ ਵਿਭਿੰਨਤਾ ਅਪਨਾਉਣ ਨੂੰ ਲੈ ਕੇ ਯੋਜਨਾ ਤਿਆਰ ਕਰ ਰਹੀ ਹੈ, ਜਿਸ ਦੇ ਲਈ ਸੂਬੇ ਦੇ ਖੇਤੀ ਵਿਭਾਗ ਦੇ ਅਫਸਰਾਂ ਦੀ ਇਕ ਟੀਮ ਬਣਾਈ ਗਈ ਹੈ।
ਪੰਜਾਬ 'ਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ, ਜਦੋਂ ਕਿਸੇ ਇਲਾਕੇ ਦੇ ਮੌਸਮ ਅਤੇ ਉੱਥੋਂ ਦੇ ਵਾਤਾਵਰਣ ਮੁਤਾਬਕ ਫਸਲਾਂ ਦੀ ਬੀਜਾਈ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ 'ਚ ਖਾਸ ਤੌਰ 'ਤੇ ਵਿਗਿਆਨੀ ਇਹ ਵੀ ਪਤਾ ਲਾ ਰਹੇ ਹਨ ਕਿ ਉੱਤੇ ਮਿੱਟੀ ਦੇ ਹਿਸਾਬ ਨਾਲ ਫਸਲ ਉਗਾਉਣਾ ਕਿੰਨਾ ਫਾਇਦੇਮੰਦ ਹੈ। ਇਸ ਤੋਂ ਇਲਾਵਾ ਸ਼ਿਵਾਲਿਕ ਪਹਾੜੀਆਂ ਨਾਲ ਲੱਗਣ ਵਾਲੇ ਇਲਾਕਿਆਂ 'ਚ ਵੀ ਕਿਸਾਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ।