ਪੰਜਾਬ 'ਚ ਪੈ ਰਹੇ ਭਾਰੀ ਮੀਂਹ ਨੇ ਤੋੜਿਆ ਕਿਸਾਨਾਂ ਦਾ ਲੱਕ, ਲੱਖਾਂ ਏਕੜ ਝੋਨੇ ਦੀ ਫ਼ਸਲ ਬਰਬਾਦ (ਤਸਵੀਰਾਂ)

Sunday, Sep 25, 2022 - 02:55 PM (IST)

ਸਮਰਾਲਾ (ਗਰਗ) : ਪੰਜਾਬ 'ਚ ਬੀਤੇ 2 ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਨੇ ਸੂਬੇ ਦੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਕਿਸਾਨਾਂ ਦੀਆਂ ਫ਼ਸਲਾਂ 'ਤੇ  ਆਫ਼ਤ ਬਣ ਕੇ ਵਰ੍ਹ ਰਹੇ ਇਸ ਤੇਜ਼ ਮੀਂਹ ਨੇ ਲੱਖਾਂ ਏਕੜ ਖੇਤਾਂ 'ਚ ਖੜ੍ਹੀ ਝੋਨੇ ਅਤੇ ਹੋਰ ਫ਼ਸਲਾਂ ਦੀ ਭਾਰੀ ਬਰਬਾਦੀ ਕਰਕੇ ਰੱਖ ਦਿੱਤੀ। ਇਸ ਬੇਮੌਸਮੀ ਬਰਸਾਤ ਨੇ ਝੋਨੇ ਤੋਂ ਬਾਅਦ ਆਲੂ ਅਤੇ ਸਬਜ਼ੀਆਂ ਦੀ ਕਾਸ਼ਤ ਦਾ ਵੱਡਾ ਨੁਕਸਾਨ ਕੀਤਾ ਹੈ। ਭਾਰੀ ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਝੋਨੇ ਦੀ ਪੱਕ ਕੇ ਤਿਆਰ ਖੜ੍ਹੀ ਫ਼ਸਲ ਮੀਂਹ ਦੇ ਪਾਣੀ 'ਚ ਡੇਗ ਦਿੱਤੀ ਹੈ, ਜਿਸ ਕਾਰਨ ਇਨ੍ਹਾਂ ਫ਼ਸਲਾਂ ਦਾ 100 ਫ਼ੀਸਦੀ ਨੁਕਸਾਨ ਹੋ ਚੁੱਕਾ ਹੈ। ਇਸ ਤੋਂ ਇਲਾਵਾ ਕਈ ਇਲਾਕਿਆਂ 'ਚ ਕਿਸਾਨਾਂ ਵੱਲੋਂ ਬੀਜੀ ਗਈ ਆਲੂ ਦੀ ਫ਼ਸਲ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਦੇ ਉੱਪਰ ਮੀਂਹ ਦਾ ਪਾਣੀ ਲੰਘ ਜਾਣ ਕਾਰਨ ਇਹ ਫ਼ਸਲਾਂ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਹਨ। ਇਸ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਹੋਈ ਬਰਬਾਦੀ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਸਰਕਾਰ ਤੋਂ ਸੂਬੇ 'ਚ ਫ਼ਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 2 ਦਿਨਾਂ ਤੋਂ ਪੈ ਰਿਹੈ ਮੀਂਹ, ਸੁਖ਼ਨਾ ਝੀਲ ਦੇ ਪਾਣੀ ਦਾ ਪੱਧਰ 1161.90 ਫੁੱਟ ਤੱਕ ਪੁੱਜਾ

PunjabKesari

ਇਸ ਇਲਾਕੇ 'ਚ ਵੀ ਇਸ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਅੱਜ ਤੀਜੇ ਦਿਨ ਮੌਸਮ ਕੁੱਝ ਦੇਰ ਲਈ ਸਾਫ਼ ਹੋਣ ਤੋਂ ਬਾਅਦ ਇਸ ਇਲਾਕੇ ਦੇ ਕਿਸਾਨ ਕੁਦਰਤੀ ਆਫ਼ਤ ਤੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਪਾਣੀ ਨਾਲ ਭਰੇ ਖੇਤ ਖ਼ਾਲੀ ਕਰਨ 'ਚ ਰੁੱਝੇ ਹੋਏ ਹਨ। ਹੁਣ ਤੱਕ ਇਸ ਇਲਾਕੇ ਦੇ 60 ਤੋਂ ਵੱਧ ਪਿੰਡਾਂ 'ਚ ਇਸ ਕੁਦਰਤੀ ਕਰੋਪੀ ਦੀ ਮਾਰ ਹੇਠ ਆਉਣ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ। ਪਿੰਡ ਬਾਲਿਓਂ, ਭਰਥਲਾ, ਪਾਲਮਾਜਰਾ,ਗੜ੍ਹੀ, ਊਰਨਾ ,ਹਰਿਓਂ, ਮੁਸ਼ਕਾਬਾਦ, ਖੀਰਨੀਆ, ਮਾਣਕੀ, ਬੌਂਦਲੀ, ਘਰਖਣਾ ਅਤੇ ਦਰਜਨਾਂ ਹੋਰ ਪਿੰਡਾਂ 'ਚ ਝੋਨੇ ਦੀ ਫ਼ਸਲ ਦਾ 50 ਫ਼ੀਸਦੀ ਤੋਂ ਵੱਧ ਨੁਕਸਾਨ ਹੋ ਚੁੱਕਾ ਹੈ। ਝੋਨੇ ਦੀ ਫ਼ਸਲ ਤੋਂ ਇਲਾਵਾ ਇਲਾਕੇ ਦੇ ਕਈ ਪਿੰਡਾਂ 'ਚ ਸੈਂਕੜੇ ਏਕੜ ਆਲੂ ਦੀ ਫ਼ਸਲ ਪੂਰੀ ਤਰ੍ਹਾਂ ਨਸ਼ਟ ਹੋ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਗਗਨਦੀਪ ਸਿੰਘ, ਕਰਨਦੀਪ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਨਾਜਰ ਸਿੰਘ, ਮੇਜਰ ਸਿੰਘ, ਸਰਵਣ ਸਿੰਘ  ਆਦਿ ਨੇ ਦੱਸਿਆ ਕਿ ਪਹਿਲਾਂ ਚਾਈਨਾ ਵਾਇਰਸ ਨੇ ਉਨ੍ਹਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਅਤੇ ਹੁਣ ਕੁਦਰਤ ਦੀ ਇਸ ਕਰੋਪੀ ਨੇ ਕਿਸਾਨ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤੇ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਇਜਲਾਸ ਬੁਲਾਉਣ ਲਈ ਮੁੜ ਰਾਜਪਾਲ ਨੂੰ ਅਪੀਲ

PunjabKesari

ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਭਾਰੀ ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਉਨ੍ਹਾਂ ਦੀ ਝੋਨੇ ਦੀ ਪੱਕ ਕੇ ਤਿਆਰ ਖੜ੍ਹੀ ਫ਼ਸਲ ਦੀਆਂ ਬੱਲੀਆਂ ਪਾਣੀ 'ਚ ਡੇਗ ਦਿੱਤੀਆਂ ਹਨ। ਇਸ ਕਾਰਨ ਇਹ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ। ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਇਸ ਮੀਂਹ ਨੇ ਉਨ੍ਹਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ ਅਤੇ ਝਾੜ ਅੱਧਾ ਵੀ ਨਿਕਲਣ ਦੀ ਉਮੀਦ ਨਹੀਂ ਰਹੀ ਹੈ। ਕੁੱਝ ਹੋਰ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ 'ਚ ਮੀਂਹ ਦਾ ਪਾਣੀ ਭਰ ਗਿਆ ਹੈ ਅਤੇ ਜੇਕਰ ਹੁਣ ਤੇਜ਼ ਹਵਾ ਚੱਲੀ ਤਾਂ ਉਨ੍ਹਾਂ ਦੀ ਫ਼ਸਲ ਪਾਣੀ ਚ ਡਿੱਗ ਕੇ ਪੂਰੀ ਤਰ੍ਹਾਂ ਨਸ਼ਟ ਹੋ ਸਕਦੀ ਹੈ। ਪਿੰਡ ਬਾਲਿਓਂ ਦੇ ਕਿਸਾਨ ਗਗਨਦੀਪ ਸਿੰਘ ਨੇ ਆਪਣਾ ਦੁੱਖੜਾ ਰੋਂਦੇ ਹੋਏ ਦੱਸਿਆ ਕਿ ਉਸ ਦੀ 6 ਏਕੜ 'ਚ ਆਲੂ ਦੀ ਫ਼ਸਲ ਪਾਣੀ 'ਚ ਡੁੱਬ ਗਈ ਹੈ ਅਤੇ ਉਸ ਦਾ 7-8  ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਵੀ ਇਸ ਮੀਂਹ ਨੇ ਆਰਥਿਕ ਤੌਰ 'ਤੇ ਲੱਕ ਤੋੜ ਕੇ ਰੱਖ ਦਿੱਤਾ ਹੈ। ਕਈ ਖੇਤ ਮੀਂਹ ਦੇ ਪਾਣੀ 'ਚ ਪੂਰੀ ਤਰ੍ਹਾਂ ਡੁੱਬੇ ਹੋਏ ਵਿਖਾਈ ਦੇ ਰਹੇ ਹਨ ਅਤੇ ਕਈ ਖੇਤਾਂ 'ਚ ਕਿਸਾਨ ਮੀਂਹ ਨਾਲ ਭਰਿਆ ਪਾਣੀ ਕੱਢਣ 'ਚ ਲੱਗੇ ਹੋਏ ਹਨ ਤਾਂ ਕਿ ਉਹ ਬਾਕੀ ਦੀਆਂ ਫ਼ਸਲਾਂ ਨੂੰ ਬਚਾ ਸਕਣ।

ਇਹ ਵੀ ਪੜ੍ਹੋ : ਧੀਆਂ ਵਰਗੀ ਨੂੰਹ ਦੇ ਹੱਥ ਬੰਨ੍ਹ ਸ਼ਰਾਬੀ ਸਹੁਰੇ ਨੇ ਪਾਰ ਕੀਤੀਆਂ ਹੱਦਾਂ, ਤਾਰ-ਤਾਰ ਕਰ ਛੱਡੇ ਰਿਸ਼ਤੇ

PunjabKesari

ਉਧਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਹੀ ਫ਼ਸਲਾਂ ਦੇ ਭਾਰੀ ਨੁਕਸਾਨ ਦੀਆਂ ਜਾਣਕਾਰੀਆਂ ਉਨ੍ਹਾਂ ਤੱਕ ਪਹੁੰਚੀਆਂ ਹਨ। ਉਨ੍ਹਾਂ ਦੱਸਿਆ ਕਿ ਕਈ ਇਲਾਕਿਆਂ 'ਚ ਸੈਂਕੜੇ ਏਕੜ ਖੇਤ ਪਾਣੀ 'ਚ ਡੁੱਬ ਗਏ ਹਨ ਅਤੇ ਇਨ੍ਹਾਂ 'ਚ ਖੜ੍ਹੀ ਝੋਨੇ ਅਤੇ ਹੋਰ ਫ਼ਸਲਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਸ. ਰਾਜੇਵਾਲ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਸੂਬੇ ਦਾ ਕਿਸਾਨ ਇਸ ਕੁਦਰਤ ਦੀ ਕਰੋਪੀ ਨੂੰ ਝੱਲਣ 'ਚ ਅਸਮਰੱਥ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਸੂਬੇ 'ਚ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕਰ ਕਿਸਾਨਾਂ ਦੇ ਹੋਏ ਨੁਕਸਾਨ ਦਾ 100 ਫ਼ੀਸਦੀ ਮੁਆਵਜ਼ਾ ਉਨ੍ਹਾਂ ਨੂੰ ਤੁਰੰਤ ਅਦਾ ਕਰੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਵੀ ਪੰਜਾਬ ਸਰਕਾਰ ਨੂੰ ਸੂਬੇ 'ਚ ਭਾਰੀ ਬਰਸਾਤ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News