ਕ੍ਰਾਈਮ ਸੈੱਲ ਨੇ ਚੰਡੀਗੜ੍ਹੋਂ ਗ੍ਰਿਫ਼ਤਾਰ ਕੀਤੀ ‘ਬੰਟੀ ਬਬਲੀ’ ਦੀ ਜੋੜੀ, ਪੂਰੀ ਘਟਨਾ ਜਾਣ ਹੋਵੋਗੇ ਹੈਰਾਨ
Saturday, Apr 23, 2022 - 01:04 PM (IST)
ਚੰਡੀਗੜ੍ਹ (ਸੰਦੀਪ) : ਕ੍ਰਾਈਮ ਸੈੱਲ ਟੀਮ ਨੇ ਇਕ ਫਰਜ਼ੀ ਸਬ-ਇੰਸਪੈਕਟਰ ਅਤੇ ਮਹਿਲਾ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਹੈ। ‘ਬੰਬੀ ਬਬਲੀ’ ਦੀ ਇਹ ਜੋੜੀ ਚੰਡੀਗੜ੍ਹ ਪੁਲਸ ਦੀ ਵਰਦੀ ਪਾ ਕੇ ਘੁੰਮਦੀ ਸੀ ਅਤੇ ਦੋਵਾਂ ਨੇ ਆਪਣੇ-ਆਪਣੇ ਅਹੁਦੇ ਨਾਲ ਸਬੰਧਤ ਆਪਣੇ ਆਈ. ਕਾਰਡ ਵੀ ਬਣਾਏ ਹੋਏ ਸਨ। ਇਸ ਤੋਂ ਇਲਾਵਾ ਵੀ ਉਨ੍ਹਾਂ ਕੋਲੋਂ ਪੰਜ ਹੋਰ ਲੋਕਾਂ ਦੇ ਵੀ ਚੰਡੀਗੜ੍ਹ ਪੁਲਸ ਵਿਚ ਕਾਂਸਟੇਬਲ ਰੈਂਕ ਦੇ ਆਈ. ਕਾਰਡ ਮਿਲੇ ਹਨ, ਜਿਨ੍ਹਾਂ ਦੀ ਜਾਂਚ ਵਿਚ ਪੁਲਸ ਟੀਮ ਜੁਟ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੰਬਾਲਾ ਨਿਵਾਸੀ ਤੇਜਿੰਦਰ ਸਿੰਘ (24) ਅਤੇ ਡੇਰਾਬੱਸੀ ਦੀ ਰਹਿਣ ਵਾਲੀ ਕੰਚਨ (25) ਵਜੋਂ ਹੋਈ ਹੈ। ਪੁਲਸ ਜਾਂਚ ਵਿਚ ਇਕ ਅਜਿਹੇ ਵਿਅਕਤੀ ਦਾ ਨਾਂ ਸਾਹਮਣੇ ਆਇਆ ਹੈ, ਜਿਸਨੇ ਉਨ੍ਹਾਂ ਨੂੰ ਪੁਲਸ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਪੈਸੇ ਲਏ ਸਨ। ਦੋਵਾਂ ਖ਼ਿਲਾਫ ਸੈਕਟਰ-49 ਥਾਣੇ ਵਿਚ ਆਈ. ਪੀ. ਸੀ. ਦੀ ਧਾਰਾ-120ਬੀ, 170, 171, 419, 464, 465, 466, 468, 474 ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਹੁਣ ਉਸ ਵਿਅਕਤੀ ਦੀ ਭਾਲ ਵਿਚ ਜੁਟ ਗਈ ਹੈ। ਕ੍ਰਾਈਮ ਸੈੱਲ ਦੋਵਾਂ ਮੁਲਜ਼ਮਾਂ ਨੂੰ ਸ਼ਨੀਵਾਰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਦਿਲ ਵਲੂੰਧਰਣ ਵਾਲੀ ਘਟਨਾ, ਚਾਰ ਮਹੀਨੇ ਪਹਿਲਾਂ ਵਿਆਹੇ ਜੋੜੇ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
ਜ਼ਿਲ੍ਹਾ ਕ੍ਰਾਈਮ ਸੈੱਲ ਦੇ ਡੀ. ਐੱਸ. ਪੀ. ਦਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਿਚ ਅਪਰਾਧਿਕ ਵਾਰਦਾਤਾਂ ’ਤੇ ਨਕੇਲ ਕੱਸਣ ਦੀ ਆਪਣੀ ਮੁਹਿੰਮ ਤਹਿਤ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਇੰਸਪੈਕਟਰ ਇੰਚਾਰਜ ਨਰਿੰਦਰ ਪਟਿਆਲ ਦੀ ਸੁਪਰਵਿਜ਼ਨ ਵਿਚ ਸੈਕਟਰ-49 ਵਿਚ ਪੈਟਰੋਲਿੰਗ ਕਰ ਰਹੀ ਸੀ। ਇਸ ਦੌਰਾਨ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇੱਥੇ ਨਾਕਾ ਲਾਇਆ। ਨਾਕੇ ਦੌਰਾਨ ਟੀਮ ਨੇ ਇਕ ਕਾਰ ਨੂੰ ਰੋਕਿਆ ਤਾਂ ਉਸਦਾ ਚਾਲਕ ਨੌਜਵਾਨ ਚੰਡੀਗੜ੍ਹ ਪੁਲਸ ਦੇ ਸਬ-ਇੰਸਪੈਕਟਰ ਦੀ ਵਰਦੀ ਵਿਚ ਸੀ ਅਤੇ ਉਸ ਨਾਲ ਬੈਠੀ ਲੜਕੀ ਨੇ ਵੀ ਕਾਂਸਟੇਬਲ ਦੀ ਵਰਦੀ ਪਾਈ ਹੋਈ ਸੀ। ਰੋਕਣ ’ਤੇ ਦੋਵਾਂ ਨੇ ਖੁਦ ਨੂੰ ਚੰਡੀਗੜ੍ਹ ਪੁਲਸ ਵਿਚ ਤਾਇਨਾਤ ਦੱਸਿਆ। ਦੋਵਾਂ ਨੂੰ ਜਦੋਂ ਆਈ. ਕਾਰਡ ਵਿਖਾਉਣ ਲਈ ਕਿਹਾ ਗਿਆ ਤਾਂ ਦੋਵਾਂ ਨੇ ਆਪਣਾ-ਆਪਣਾ ਆਈ. ਕਾਰਡ ਵਿਖਾ ਦਿੱਤਾ। ਉਨ੍ਹਾਂ ਵਲੋਂ ਦਿਖਾਏ ਗਏ ਆਈ. ਕਾਰਡ ਜਦੋਂ ਜਾਂਚੇ ਗਏ ਤਾਂ ਉਹ ਫਰਜ਼ੀ ਸਨ। ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੂੰ ਜਾਂਚ ਦੌਰਾਨ ਉਨ੍ਹਾਂ ਦੀ ਕਾਰ ਵਿਚੋਂ ਕਾਂਸਟੇਬਲ ਰੈਂਕ ਦੇ ਪੰਜ ਹੋਰ ਫਰਜ਼ੀ ਆਈ. ਕਾਰਡ ਵੀ ਬਰਾਮਦ ਹੋਏ ਹਨ, ਜਿਨ੍ਹਾਂ ਸਬੰਧੀ ਪੁਲਸ ਜਾਂਚ ਵਿਚ ਜੁਟ ਗਈ ਹੈ।
ਇਹ ਵੀ ਪੜ੍ਹੋ : ਪ੍ਰੇਮੀ ਨਾਲ ਫਰਾਰ ਹੋ ਗਈ ਪਤਨੀ, ਪਿੱਛੋਂ ਪਤੀ ਨੇ ਕਰ ਲਈ ਖ਼ੁਦਕੁਸ਼ੀ, ਛੇ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਲੜਕੀ ਕੰਚਨ ਨੇ ਕੁਝ ਸਾਲ ਪਹਿਲਾਂ ਸੈਕਟਰ-24 ਚੌਕੀ ਵਿਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਕੰਪਿਊਟਰ ਦਾ ਕੋਰਸ ਕੀਤਾ ਸੀ। ਉਸੇ ਸਮੇਂ ਇਕ ਨੌਜਵਾਨ ਉਸਦੇ ਸੰਪਰਕ ਵਿਚ ਆਇਆ ਸੀ, ਜਿਸਨੇ ਉਸਨੂੰ ਦੱਸਿਆ ਸੀ ਕਿ ਉਹ ਪੁਲਸ ਅਫਸਰ ਹੈ। ਉਸਦਾ ਚੰਡੀਗੜ੍ਹ ਪੁਲਸ ਵਿਚ ਕਾਂਸਟੇਬਲ ਦਾ ਆਈ. ਕਾਰਡ ਬਣਾ ਕੇ ਉਸਨੂੰ ਵਰਦੀ ਤਿਆਰ ਕਰਵਾਉਣ ਲਈ ਭੇਜਿਆ ਸੀ। ਉਸਨੇ ਉਸਨੂੰ ਆਈ. ਕਾਰਡ ਦੇ ਕੇ ਕਿਹਾ ਸੀ ਕਿ ਹੁਣ ਉਹ ਚੰਡੀਗੜ੍ਹ ਪੁਲਸ ਵਿਚ ਕਾਂਸਟੇਬਲ ਹੈ। ਇਸਤੋਂ ਬਾਅਦ ਉਸਨੇ ਕੰਚਨ ਨੂੰ ਕਿਹਾ ਸੀ ਕਿ ਜੇਕਰ ਕੋਈ ਵਿਅਕਤੀ ਚੰਡੀਗੜ੍ਹ ਪੁਲਸ ਵਿਚ ਹੋਮਗਾਰਡ ਭਰਤੀ ਹੋਣਾ ਚਾਹੁੰਦਾ ਹੈ ਤਾਂ 2 ਲੱਖ ਰੁਪਏ ਲੱਗਣਗੇ ਅਤੇ ਜੇਕਰ ਕੋਈ ਕਾਂਸਟੇਬਲ ਭਰਤੀ ਹੋਣਾ ਚਾਹੁੰਦਾ ਹੈ ਤਾਂ ਉਸਦੇ ਲਈ 4 ਲੱਖ ਰੁਪਏ ਲੱਗਣਗੇ। ਜਿਸਤੋਂ ਬਾਅਦ ਉਸਨੇ ਕੰਚਨ ਨੂੰ ਭਰਤੀ ਹੋਣ ਦੇ ਇਛੁੱਕ ਲੋਕਾਂ ਨੂੰ ਉਸ ਕੋਲ ਲਿਆਉਣ ਲਈ ਕਿਹਾ ਸੀ।
ਇਹ ਵੀ ਪੜ੍ਹੋ : ਜਲੰਧਰ ’ਚ ਦਹਿਸ਼ਤ, ਸ਼ਰੇਆਮ ਚੱਲਦੀਆਂ ਗੋਲੀਆਂ, ਗੰਨ ਪੁਆਇੰਟ ’ਤੇ ਖੋਹੀਆਂ ਜਾ ਰਹੀਆਂ ਗੱਡੀਆਂ
ਕੁਝ ਹੀ ਮਹੀਨਿਆਂ ’ਚ ਕਾਂਸਟੇਬਲ ਤੋਂ ਬਣਾ ਦਿੱਤਾ ਸਬ-ਇੰਸਪੈਕਟਰ
ਕੰਚਨ ਨੇ ਆਪਣੇ ਜਾਣਕਾਰ ਤੇਜਿੰਦਰ ਨੂੰ ਉਸ ਵਿਅਕਤੀ ਨਾਲ ਮਿਲਵਾਇਆ ਸੀ, ਜਿਸ ਤੋਂ ਬਾਅਦ ਉਸਨੂੰ ਵੀ ਕਾਂਸਟੇਬਲ ਭਰਤੀ ਕੀਤੇ ਜਾਣ ਦੀ ਗੱਲ ਕਹਿੰਦੇ ਹੋਏ ਆਈ. ਕਾਰਡ ਦਿੰਦੇ ਹੋਏ ਵਰਦੀ ਤਿਆਰ ਕਰਵਾਉਣ ਲਈ ਕਿਹਾ ਗਿਆ ਸੀ। ਕੁਝ ਮਹੀਨਿਆਂ ਬਾਅਦ ਹੀ ਦੋਵਾਂ ਨੂੰ ਪ੍ਰਮੋਟ ਕੀਤੇ ਜਾਣ ਦੀ ਗੱਲ ਕਹੀ ਗਈ ਤਾਂ ਤੇਜਿੰਦਰ ਨੇ ਪ੍ਰਮੋਟ ਹੋਣ ਦੀ ਇੱਛਾ ਪ੍ਰਗਟ ਕੀਤੀ, ਜਿਸ ਤੋਂ ਬਾਅਦ ਉਸਨੂੰ ਸਬ-ਇੰਸਪੈਕਟਰ ਪ੍ਰਮੋਟ ਕਰ ਕੇ ਉਸਦਾ ਸਬ-ਇੰਸਪੈਕਟਰ ਦਾ ਆਈ. ਕਾਰਡ ਉਸਨੂੰ ਦਿੱਤਾ ਗਿਆ ਸੀ। ਦੋਵੇਂ ਇਕ ਸਾਲ ਤੋਂ ਇੰਝ ਹੀ ਵਰਦੀ ਪਾ ਕੇ ਇੱਧਰ-ਉੱਧਰ ਘੁੰਮਦੇ ਰਹਿੰਦੇ ਸਨ। ਜੋ ਹੋਰ ਪੰਜ ਆਈ. ਕਾਰਡ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਹਨ, ਉਨ੍ਹਾਂ ਸਬੰਧੀ ਪੁਲਸ ਪੈਸੇ ਲੈ ਕੇ ਭਰਤੀ ਕਰਵਾਉਣ ਦੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ ਕਿ ਆਖਿਰ ਹੁਣ ਤਕ ਕਿੰਨੇ ਲੋਕਾਂ ਤੋਂ ਇਸ ਤਰ੍ਹਾਂ ਪੈਸੇ ਲੈ ਕੇ ਉਨ੍ਹਾਂ ਨੂੰ ਪੁਲਸ ਵਿਚ ਭਰਤੀ ਕਰਵਾਉਣ ਦਾ ਝਾਂਸਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੱਕੇ ਦੋਸਤ ਨੇ ਪਿੱਠ ’ਚ ਮਾਰਿਆ ਛੁਰਾ, ਘਰ ’ਚ ਇਕੱਲੀ ਸੀ ਪਤਨੀ ਉਹ ਕੀਤਾ ਜਿਸ ਦੀ ਨਹੀਂ ਸੀ ਉਮੀਦ
ਪੁਲਸ ਕਰਮਚਾਰੀਆਂ ’ਤੇ ਹੈੱਡਕੁਆਟਰ ’ਚ ਤਾਇਨਾਤੀ ਦਾ ਪਾਉਂਦੇ ਸਨ ਰੋਅਬ
ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਤਜਿੰਦਰ ਨੇ ਇਕ ਸਾਲ ਪਹਿਲਾਂ ਹੀ ਇਕ ਪੁਰਾਣੀ ਲਗਜ਼ਰੀ ਕਾਰ ਖਰੀਦੀ ਸੀ, ਜਿਸ ਵਿਚ ਉਹ ਅਤੇ ਕੰਚਨ ਵਰਦੀ ਪਾ ਕੇ ਘੁੰਮਦੇ ਸਨ। ਜੇਕਰ ਉਨ੍ਹਾਂ ਨੂੰ ਕਿਸੇ ਪੁਲਸ ਨਾਕੇ ’ਤੇ ਰੋਕਿਆ ਜਾਂਦਾ ਤਾਂ ਉਹ ਉੱਥੇ ਤਾਇਨਾਤ ਪੁਲਸ ਕਰਮਚਾਰੀਆਂ ’ਤੇ ਰੋਬ ਪਾਉਂਦਿਆਂ ਉਨ੍ਹਾਂ ਨੂੰ ਕਹਿੰਦਾ ਸੀ ਕਿ ਉਸਦੀ ਡਿਊਟੀ ਸੈਕਟਰ-9 ਸਥਿਤ ਪੁਲਸ ਹੈੱਡਕੁਆਟਰ ਵਿਚ ਹੈ। ਉਸ ਕੋਲੋਂ ਇਕ ਡਾਇਰੀ ਵੀ ਬਰਾਮਦ ਹੋਈ ਹੈ, ਜਿਸ ਵਿਚ ਉਹ ਇਕ ਸਬ-ਇੰਸਪੈਕਟਰ ਦੀ ਪਾਵਰ ਸਬੰਧੀ ਇੰਟਰਨੈੱਟ ਤੋਂ ਵੇਖ ਕੇ ਲਿਖਦਾ ਰਹਿੰਦਾ ਸੀ ਕਿ ਜੇਕਰ ਉਸਨੂੰ ਕੋਈ ਅਸਲੀ ਪੁਲਸ ਕਰਮਚਾਰੀ ਰੋਕ ਲਵੇ ਤਾਂ ਉਹ ਆਪਣੇ ਅਹੁਦੇ ਦੀ ਪਾਵਰ ਸਬੰਧੀ ਉਸਨੂੰ ਦੱਸ ਕੇ ਉਸ ’ਤੇ ਆਪਣਾ ਰੋਬ ਪਾ ਸਕੇ।
ਇਹ ਵੀ ਪੜ੍ਹੋ : ਟਲੀ ਵੱਡੀ ਵਾਰਦਾਤ, ਗੈਂਗਸਟਰ ਸੁੱਖੇ ਦੇ ਗਿਰੋਹ ਦੇ 3 ਗੈਂਗਸਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ
ਦੋਵਾਂ ਦੇ ਖਾਤਿਆਂ ’ਚ ਵੱਖ-ਵੱਖ ਬੈਂਕ ਖਾਤਾ ਨੰਬਰਾਂ ਤੋਂ ਪਾਈ ਜਾ ਰਹੀ ਸੀ ਤਨਖਾਹ
ਪੁਲਸ ਜਾਂਚ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਸਦੇ ਬੈਂਕ ਖਾਤੇ ਵਿਚ ਵੱਖ-ਵੱਖ ਬੈਂਕ ਖਾਤਿਆਂ ਤੋਂ ਤਨਖਾਹ ਵੀ ਪਾਈ ਜਾ ਰਹੀ ਸੀ। ਉਨ੍ਹਾਂ ਬੈਂਕ ਖਾਤਿਆਂ ਦੀ ਜਾਂਚ ਵਿਚ ਪੁਲਸ ਜੁਟ ਗਈ ਹੈ ਕਿ ਆਖਿਰ ਉਹ ਕਿਹੜੇ ਲੋਕਾਂ ਦੇ ਖਾਤਾ ਨੰਬਰ ਹਨ ਅਤੇ ਕਿਹੜਾ ਵਿਅਕਤੀ ਉੱਥੋਂ ਪੈਸੇ ਪਾਉਂਦਾ ਸੀ। ਕੰਚਨ ਨੂੰ ਜਿਸਨੇ ਚੰਡੀਗੜ੍ਹ ਪੁਲਸ ਵਿਚ ਭਰਤੀ ਕਰਵਾਉਣ ਦੀ ਗੱਲ ਕਹੀ ਹੈ, ਆਖਿਰ ਉਹ ਵਿਅਕਤੀ ਹੈ ਕੌਣ? ਇਸਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਉਸਦੇ ਧੋਖੇ ਦਾ ਸ਼ਿਕਾਰ ਹੋਏ ਹਨ ਜਾਂ ਇਹ ਸਾਰੇ ਮਿਲਕੇ ਹੋਰ ਲੋਕਾਂ ਨੂੰ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਧੋਖਾਦੇਹੀ ਕਰ ਰਹੇ ਸਨ। ਇਨ੍ਹਾਂ ਸਾਰੀਆਂ ਗੱਲਾਂ ਦਾ ਪਤਾ ਲਾਉਣ ਵਿਚ ਪੁਲਸ ਟੀਮ ਜੁਟ ਗਈ ਹੈ।
ਇਹ ਵੀ ਪੜ੍ਹੋ : ਬਠਿੰਡਾ ’ਚ ਹੋਈ 42 ਲੱਖ ਦੀ ਲੁੱਟ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਅੰਮ੍ਰਿਤਸਰ ਦੇ ਪੁਲਸ ਵਾਲੇ ਦੀ ਕਰਤੂਤ ਨੇ ਹੈਰਾਨ ਕੀਤੇ ਸਭ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?