ਵਿਆਹ ਕਰਵਾ ਕੇ ਵਿਦੇਸ਼ ਭੱਜਿਆ ਲਾੜਾ

Saturday, Jul 07, 2018 - 02:18 AM (IST)

ਵਿਆਹ ਕਰਵਾ ਕੇ ਵਿਦੇਸ਼ ਭੱਜਿਆ ਲਾੜਾ

ਬਠਿੰਡਾ(ਅਬਲੂ)-ਪਿੰਡ ਸੇਮਾ ਕਲਾਂ ਵਾਸੀ ਕੁਲਵਿੰਦਰ ਕੌਰ ਪੁੱਤਰੀ ਗੁਰਚਰਨ ਸਿੰਘ ਨੇ ਥਾਣਾ ਮਹਿਲਾ ਬਠਿੰਡਾ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਵਿਆਹ ਪਿੰਡ ਪੱਖੀ ਖੁਰਦ ਜ਼ਿਲਾ ਫਰੀਦਕੋਟ ਦੇ ਬਬਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਨਾਲ ਹੋਇਆ ਸੀ। ਵਿਆਹ ਦੇ ਇਕ ਮਹੀਨੇ ਬਾਅਦ ਬਬਲਜੀਤ ਸਿੰਘ ਉਸ ਨੂੰ ਛੱਡ ਕੇ ਆਸਟਰੇਲੀਆ ਚਲਾ ਗਿਆ, ਜਿਸ ਤੋਂ ਬਾਅਦ ਸਹੁਰਾ ਬਲਦੇਵ ਸਿੰਘ ਤੇ ਸੱਸ ਬਲਵਿੰਦਰ ਕੌਰ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੇਕੇ ਘਰ ਤੋਂ ਪੈਸੇ ਲਿਆਉਣ ਲਈ ਮਜਬੂਰ ਕਰਨ ਲੱਗੇ। ਕੁਲਵਿੰਦਰ ਕੌਰ ਅਨੁਸਾਰ ਉਸ ਨੇ ਸਹੁਰਾ ਪਰਿਵਾਰ ਦੀ ਰੋਜ਼ਾਨਾ ਦੀ ਕੁੱਟ-ਮਾਰ ਤੋਂ ਦੁਖੀ ਹੋ ਕੇ ਸਾਰੀ ਕਹਾਣੀ ਆਪਣੇ ਪਿਤਾ ਗੁਰਚਰਨ ਸਿੰਘ ਨੂੰ ਦੱਸੀ, ਜਿਸ ਤੋਂ ਬਾਅਦ ਗੁਰਚਰਨ ਸਿੰਘ ਨੇ ਆਪਣੇ ਪਿੰਡ ਦੇ ਪਤਵੰਤਿਆਂ ਤੇ ਸਰਪੰਚ ਨੂੰ ਲੈ ਕੇ ਕੁਲਵਿੰਦਰ ਕੌਰ ਦੇ ਸਹੁਰੇ ਪਰਿਵਾਰ ਨਾਲ ਗੱਲਬਾਤ ਕੀਤੀ ਪਰ ਸਹੁਰੇ ਵਾਲੇ ਉਸ ਨੂੰ ਰੱਖਣ ਲਈ ਰਾਜ਼ੀ ਨਹੀਂ ਹੋਏ ਅਤੇ ਉਹ ਆਪਣੀ ਲੜਕੀ ਨੂੰ ਲੈ ਕੇ ਪਿੰਡ ਆ ਗਏ। ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਦਾ ਵਿਆਹ ਬਹੁਤ ਧੂਮਧਾਮ ਨਾਲ ਕੀਤਾ ਸੀ ਅਤੇ 35 ਲੱਖ ਤੋਂ ਜ਼ਿਆਦਾ ਵਿਆਹ ’ਤੇ ਖਰਚ ਕੀਤਾ। ਉਸ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਬਬਲਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਹ ਅਪਸ਼ਬਦ ਕਹਿਣ ਲੱਗਾ ਅਤੇ ਉਹ ਕੁਲਵਿੰਦਰ ਕੌਰ ਦੀ ਅਸ਼ਲੀਲ ਫੋਟੋ ਉਸ ਦੇ ਭਰਾ ਦੇ ਮੋਬਾਇਲ ’ਤੇ ਭੇਜਣ ਲੱਗਾ, ਜਿਸ ਦੀ ਸ਼ਿਕਾਇਤ ਥਾਣਾ ਮਹਿਲਾ ’ਚ ਕੀਤੀ। ਪੁਲਸ ਨੇ ਕੁਲਵਿੰਦਰ ਕੌਰ ਦੀ ਸ਼ਿਕਾਇਤ ’ਤੇ ਬਬਲਜੀਤ ਸਿੰਘ, ਬਲਦੇਵ ਸਿੰਘ ਤੇ ਬਲਵਿੰਦਰ ਕੌਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News