ਪੇਪਰ ਦੇਣ ਆਏ ਵਿਦਿਆਰਥੀਆਂ ''ਤੇ ਜਾਨਲੇਵਾ ਹਮਲਾ
Wednesday, Mar 14, 2018 - 07:22 AM (IST)

ਤਪਾ ਮੰਡੀ(ਮਾਰਕੰਡਾ)-ਸਕੂਲ ਰੋਡ 'ਤੇ ਸਥਿਤ ਸਰਕਾਰੀ ਸਕੂਲ ਵਿਖੇ ਪਿੰਡ ਤਾਜੋਕੇ ਤੋਂ ਕੁਝ ਵਿਦਿਆਰਥੀ ਪੇਪਰ ਦੇਣ ਆਏ ਸਨ ਕਿ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ। ਸਰਕਾਰੀ ਹਸਪਤਾਲ ਤਪਾ ਵਿਖੇ ਜ਼ੇਰੇ ਇਲਾਜ ਮੰਗਾ ਸਿੰਘ ਪੁੱਤਰ ਲੱਖਾ ਸਿੰਘ ਨੇ ਦੱਸਿਆ ਕਿ ਉਹ ਪਿੰਡ ਤਾਜੋਕੇ ਦੇ ਸਰਕਾਰੀ ਹਾਈ ਸਕੂਲ 'ਚ ਪੜ੍ਹਦੇ ਹਨ। ਉਨ੍ਹਾਂ ਦੇ ਸਰਕਾਰੀ ਕੰਨਿਆ ਹਾਈ ਸਕੂਲ ਤਪਾ ਵਿਖੇ 8ਵੀਂ ਜਮਾਤ ਦੇ ਪ੍ਰੀਖਿਆ ਕੇਂਦਰ 'ਚ ਪੇਪਰ ਹੋ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਇਕ ਹੋਰ ਸਕੂਲ ਦੇ ਵਿਦਿਆਰਥੀ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਆ ਰਹੇ ਸਨ ਅਤੇ ਉਨ੍ਹਾਂ ਨਾਲ ਪੇਪਰ ਦੇਣ ਆਈਆਂ ਸਕੂਲ ਦੀਆਂ ਲੜਕੀਆਂ ਵੱਲ ਝਾਕਦੇ ਸਨ, ਜਿਸ ਦਾ ਉਨ੍ਹਾਂ ਬੁਰਾ ਮਨਾਇਆ। ਇਸ ਮਸਲੇ 'ਤੇ ਉਨ੍ਹਾਂ ਦੀ ਦੋ ਦਿਨ ਪਹਿਲਾਂ ਵੀ ਲੜਾਈ ਹੋਈ ਸੀ ਪਰ ਸੱਟ-ਫੇਟ ਤੋਂ ਬੱਚਤ ਰਹੀ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਹ ਪਿੰਡ ਵਾਲੀ ਮਿੰਨੀ ਬੱਸ 'ਚੋਂ ਉਤਰੇ ਤਾਂ ਪਹਿਲਾਂ ਹੀ ਤਾਕ 'ਚ ਖੜ੍ਹੇ ਉਕਤ ਸਕੂਲ ਦੇ ਵਿਦਿਆਰਥੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਘਟਨਾ ਦੌਰਾਨ ਨਾਲ ਆਈਆਂ ਲੜਕੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਨੇੜੇ-ਤੇੜੇ ਦੇ ਦੁਕਾਨਦਾਰਾਂ ਨੇ ਹਮਲਾਵਰ ਵਿਦਿਆਰਥੀਆਂ ਨੂੰ ਭਜਾ ਦਿੱਤਾ। ਜ਼ਖ਼ਮੀ ਵਿਦਿਆਰਥੀ ਮੰਗਾ ਸਿੰਘ ਨੂੰ ਉਸ ਦੇ ਸਾਥੀ ਅਰਸ਼ਦੀਪ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਤਾਜੋਕੇ ਨੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿਥੇ ਜ਼ਖ਼ਮੀ ਵਿਦਿਆਰਥੀ ਦੇ ਸਿਰ 'ਚ ਕਈ ਟਾਂਕੇ ਲੱਗੇ। ਜ਼ਖ਼ਮੀ ਵਿਦਿਆਰਥੀ ਨੇ ਪੁਲਸ ਕੋਲ ਰਿਪੋਰਟ ਦਰਜ ਕਰਵਾਉਣ ਤੋਂ ਪਾਸਾ ਵੱਟਿਆ।