ਇਕ ਕੰਪਨੀ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਨਾਲ ਕਰ ਰਹੀ ਹੈ ਖਿਲਵਾੜ

Tuesday, Mar 13, 2018 - 03:55 AM (IST)

ਇਕ ਕੰਪਨੀ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਨਾਲ ਕਰ ਰਹੀ ਹੈ ਖਿਲਵਾੜ

ਬਠਿੰਡਾ(ਸੁਖਵਿੰਦਰ)-ਅੱਜ ਇਥੇ ਕੁਝ ਨੌਜਵਾਨਾਂ ਨੇ ਐੱਸ. ਐੱਸ. ਪੀ. ਬਠਿੰਡਾ ਨੂੰ ਸ਼ਿਕਾਇਤ ਕਰ ਕੇ ਦੋਸ਼ ਲਾਏ ਹਨ ਕਿ ਇਕ ਪ੍ਰਾਈਵੇਟ ਕੰਪਨੀ ਲਾਲਚ ਦੇ ਕੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ। ਸ਼ਿਕਾਇਤਕਰਤਾ ਨੌਜਵਾਨਾਂ ਧੀਰਜ ਕੁਮਾਰ ਵਾਸੀ ਸਿਰਸਾ, ਸੁਰੇਸ਼ ਕੁਮਾਰ, ਭੂਸ਼ਨ ਕੁਮਾਰ ਪੰਜੂਆਣਾ, ਜਸਪ੍ਰੀਤ ਸਿੰਘ ਮਾਨਸਾ, ਗੁਰਮੇਲ ਸਿੰਘ ਧਰਮਪੁਰਾ ਅਤੇ ਹਿਨਾ ਵਾਸੀ ਭਿਵਾਨੀ ਦਾ ਕਹਿਣਾ ਹੈ ਕਿ ਮਾਲਵਾ ਕਾਲਜ ਨੇੜੇ ਸਥਿਤ ਇਕ ਪ੍ਰਾਈਵੇਟ ਕੰਪਨੀ ਨੇ ਵੱਖ-ਵੱਖ ਰਾਜਾਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਮੋਟੀ ਕਮਾਈ ਦਾ ਲਾਲਚ ਦੇ ਕੇ ਨੌਕਰੀ 'ਤੇ ਰੱਖਿਆ ਹੋਇਆ ਹੈ। ਕੰਪਨੀ ਨੇ ਹਰੇਕ ਨੌਜਵਾਨ ਤੋਂ 15 ਹਜ਼ਾਰ ਰੁਪਏ ਵਸੂਲ ਕੀਤੇ ਸਨ। ਹੁਣ ਆਪਣਾ ਸਾਮਾਨ ਦੇ ਕੇ ਨੌਜਵਾਨਾਂ ਨੂੰ ਪਿੰਡਾਂ-ਸ਼ਹਿਰਾਂ ਵਿਚ ਭੇਜਿਆ ਜਾਂਦਾ ਹੈ, ਜਿਸ ਬਦਲੇ ਕੰਪਨੀ ਖੁਦ ਮੋਟੀ ਕਮਾਈ ਕਰ ਰਹੀ ਹੈ ਪ੍ਰੰਤੂ ਨੌਜਵਾਨਾਂ ਦੇ ਪੱਲੇ ਕੁਝ ਨਹੀਂ ਪੈ ਰਿਹਾ। ਸਭ ਨੂੰ ਕਾਗਜ਼ੀ ਕਾਰਵਾਈ ਕਰ ਕੇ ਡਰਾਇਆ ਜਾ ਰਿਹਾ ਹੈ। ਬਹੁਤ ਸਾਰੇ ਨੌਜਵਾਨਾਂ ਨੂੰ ਨਸ਼ਾ ਵੀ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਕੰਪਨੀ ਛੱਡਣ ਜਾਂ ਪੁਲਸ ਨੂੰ ਸ਼ਿਕਾਇਤ ਕਰਨ ਦੀ ਗੱਲ ਨਾ ਕਰਨ। ਉਨ੍ਹਾਂ ਐੱਸ. ਐੱਸ. ਪੀ. ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਰਾਜਵੀਰ ਸਿੰਘ ਥਾਣਾ ਥਰਮਲ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ 'ਤੇ ਉਕਤ ਦੇ ਬਿਆਨ ਦਰਜ ਕੀਤੇ ਗਏ ਹਨ। ਕੰਪਨੀ 'ਚ ਜਾ ਕੇ ਹੋਰ ਨੌਜਵਾਨਾਂ ਦੇ ਬਿਆਨ ਵੀ ਲਏ ਗਏ, ਜੋ ਕਿ ਕੰਪਨੀ ਦੇ ਹੱਕ 'ਚ ਬੋਲ ਰਹੇ ਹਨ। ਫਿਰ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਰਿਪੋਰਟ ਐੱਸ. ਐੱਸ. ਪੀ. ਬਠਿੰਡਾ ਨੂੰ ਸੌਂਪ ਦਿੱਤੀ ਜਾਵੇਗੀ। 


Related News