ਤੇਲ ਚੋਰੀ ਕਰਨ ਆਏ ਗੈਂਗ ''ਤੇ ਗਾਰਡ ਨੇ ਚਲਾਈ ਗੋਲੀ, 1 ਜ਼ਖਮੀ

10/24/2017 5:56:25 AM

ਬਠਿੰਡਾ (ਵਰਮਾ)-ਤੇਲ ਚੋਰ ਗੈਂਗ ਨੇ ਪਿੰਡ ਫੂਸਮੰਡੀ 'ਚ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਆਇਲ ਡਿਪੂ 'ਚ ਤੇਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉਥੇ ਦੇ ਤਾਇਨਾਤ ਸੁਰੱਖਿਆ ਗਾਰਡਾਂ ਨੇ ਲਲਕਾਰਿਆ ਤਾਂ ਤੇਲ ਚੋਰ ਗੈਂਗ ਨੇ ਸੁਰੱਖਿਆ ਗਾਰਡਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ, ਜਵਾਬ 'ਚ ਸੁਰੱਖਿਆ ਗਾਰਡ ਨੇ ਦੋ ਰਾਊਂਡ ਫਾਇਰਿੰਗ ਕੀਤੀ, ਜਿਸ 'ਚ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਭਾਰੀ ਗਿਣਤੀ 'ਚ ਪੁਲਸ ਮੌਕ 'ਤੇ ਪਹੁੰਚੀ, ਜਿਸ 'ਚ ਕੋਟਫੱਤਾ ਪੁਲਸ ਤੇ ਜੀ.ਆਰ.ਪੀ. ਪੁਲਸ ਵੀ ਸ਼ਾਮਲ ਸੀ। ਕੋਟਫੱਤਾ ਪੁਲਸ ਦੇ ਐੱਸ.ਐੱਚ.ਓ. ਰਾਜਿੰਦਰਪਾਲ ਸਿੰਘ, ਡੀ.ਐੱਸ.ਪੀ. ਦਿਹਾਤੀ ਗੋਪਾਲ ਸਿੰਘ ਪੁਲਸ ਪਾਰਟੀ ਸਣੇ ਮੌਕ 'ਤੇ ਪਹੁੰਚੇ ਪਰ ਇਹ ਖੇਤਰ ਰੇਲਵੇ ਪੁਲਸ ਦੇ ਅਧੀਨ ਆਉਂਦਾ ਹੈ, ਜਿਸ ਕਾਰਨ ਮਾਮਲਾ ਜੀ.ਆਰ.ਪੀ. ਪੁਲਸ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਮੌਕੇ 'ਤੇ ਪਹੁੰਚੇ ਜੀ.ਆਰ.ਪੀ. ਜਗਦੀਸ਼ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਆਪਣੀ ਸ਼ਿਕਾਇਤ 'ਚ ਆਇਲ ਡਿਪੂ 'ਤੇ ਤਾਇਨਾਤ ਸੁਰੱਖਿਆ ਗੁਰਦੀਪ ਸਿੰਘ ਨੇ ਕਿਹਾ ਕਿ ਸੋਮਵਾਰ ਬੀ. ਪੀ. ਸੀ. ਆਇਲ ਡਿਪੂ 'ਤੇ ਤੇਲ ਦਾ ਰੈਕ ਆਇਆ ਸੀ।
ਸੋਮਵਾਰ ਨੂੰ ਉਹ ਆਪਣੇ ਸਾਥੀ ਰਮਨਦੀਪ, ਮਲਕੀਤ ਸਿੰਘ, ਭੋਲਾ ਸਿੰਘ ਨਾਲ ਡਿਊਟੀ ਕਰ ਰਹੇ ਸਨ। ਅਚਾਨਕ 11:30 ਵਜੇ 50/60 ਵਿਅਕਤੀ ਰੈਕ ਤੋਂ ਤੇਲ ਚੋਰੀ ਕਰਨ ਦੀ ਨੀਅਤ ਨਾਲ ਡਿਪੂ ਦੀ ਤੇਲ ਵਾਲੀ ਪਾਈਪ ਤੋਂ ਚੋਰੀ ਕਰਨ ਲੱਗੇ। ਚੋਰੀ ਬਾਰੇ ਪਤਾ ਲਗਦਿਆਂ ਹੀ ਉਨ੍ਹਾਂ ਵੱਲੋਂ ਤੇਲ ਚੋਰੀ ਕਰਨ ਵਾਲੇ ਲੋਕਾਂ ਨੂੰ ਰੋਕਣਾ ਸ਼ੁਰੂ ਕੀਤਾ ਗਿਆ ਪਰ ਉਕਤ ਲੋਕ ਭਾਰੀ ਗਿਣਤੀ 'ਚ ਹੋਣ ਕਾਰਨ ਉਨ੍ਹਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਵੱਲੋਂ ਆਪਣੇ ਬਚਾਅ 'ਚ ਆਪਣੀ ਬੰਦੂਕ ਨਾਲ ਦੋ ਫਾਇਰ ਕੀਤੇ ਗਏ, ਜਿਸ ਕਾਰਨ ਤੇਲ ਚੋਰੀ ਕਰਨ ਵਾਲੇ ਵਿਅਕਤੀ ਦੇ ਸਿਰ ਦੇ ਇਕ ਪਾਸੇ ਗੋਲੀ ਲੱਗੀ ਹੈ ਜੋ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹਸਪਤਾਲ 'ਚ ਜ਼ੇਰੇ ਇਲਾਜ ਹੈ। ਪੁਲਸ ਜਾਂਚ 'ਚ ਗੋਲੀ ਲੱਗਣ ਵਾਲੇ ਵਿਅਕਤੀ ਦੀ ਪਛਾਣ ਪ੍ਰਦੀਪ ਕੁਮਾਰ ਬੱਬੂ ਪੁੱਤਰ ਤਾਰਾ ਸਿੰਘ ਵਾਸੀ ਫੂਸਮੰਡੀ ਵਜੋਂ ਹੋਈ ਹੈ।
ਪੁਲਸ ਦੀ ਮਿਲੀਭੁਗਤ ਨਾਲ ਚਲ ਰਿਹਾ ਹੈ ਤੇਲ ਚੋਰੀ ਦਾ ਮਾਮਲਾ-
ਜਦੋਂ ਤੋਂ ਤੇਲ ਡਿਪੂ ਬਣਿਆ ਹੈ ਉਦੋਂ ਤੋਂ ਹੀ ਤੇਲ ਚੋਰੀ ਦੀਆਂ ਘਟਨਾਵਾਂ ਆਮ ਹਨ ਤੇ ਹੁਣ ਤੱਕ ਸੈਂਕੜੇ ਮਾਮਲੇ ਵੀ ਦਰਜ ਹੋ ਚੁਕੇ ਹਨ। ਰੇਲਵੇ ਪੁਲਸ ਵਿਚ ਤਾਇਨਾਤ ਹੋਮਗਾਰਡ ਜਗਤਾਰ ਸਿੰਘ ਤੇ ਸੁਖਦੇਵ ਸਿੰਘ ਲੰਬੇ ਸਮੇਂ ਤੋਂ ਉਥੇ ਹੀ ਡਿਊਟੀ 'ਤੇ ਹਨ ਅਤੇ ਉਨ੍ਹਾਂ ਨੂੰ ਬਦਲਣ ਦੀ ਕਿਸੇ 'ਚ ਹਿੰਮਤ ਵੀ ਨਹੀਂ ਕਿਉਂਕਿ ਉਨ੍ਹਾਂ ਦੀ ਪਹੁੰਚ ਉਪਰ ਤੱਕ ਹੈ ਜਦਕਿ ਉਥੋਂ ਦੇ ਇੰਚਾਰਜ ਹੌਲਦਾਰ ਅਵਤਾਰ ਸਿੰਘ ਕੁਝ ਮਹੀਨੇ ਪਹਿਲਾਂ ਹੀ ਉਥੋਂ ਦੇ ਮੁਖੀ ਬਣੇ। ਭਾਰਤ ਪੈਟਰੋਲੀਅਮ ਕੋਲ ਨਿੱਜੀ ਸੁਰੱਖਿਆ ਗਾਰਡ ਵੀ ਵੱਡੀ ਗਿਣਤੀ ਵਿਚ ਹਨ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਪੁਲਸ ਦੀ ਮਿਲੀਭੁਗਤ ਬਿਨਾਂ ਡਿਪੂ ਤੋਂ ਤੇਲ ਚੋਰੀ ਕਰਨਾ ਬਹੁਤ ਮੁਸ਼ਕਲ ਹੈ। ਜਦੋਂ ਇਹ ਘਟਨਾ ਹੋਈ ਉਦੋਂ ਉਥੇ ਤਾਇਨਾਤ ਪੁਲਸ ਵਰਕਰ ਨਦਾਰਦ ਸਨ।
 ਇਸ ਸਬੰਧੀ ਥਾਣਾ ਜੀ.ਆਰ.ਪੀ. ਮੁਖੀ ਹਰਜਿੰਦਰ ਸਿੰਘ ਕੁਝ ਵੀ ਕਹਿਣ ਨੂੰ ਤਿਆਰ ਨਹੀਂ। ਇਥੋਂ ਤੱਕ ਕਿ ਰਾਤ 9 ਵਜੇ ਤੱਕ ਰੇਲਵੇ ਪੁਲਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ। ਥਾਣਾ ਮੁਖੀ ਦਾ ਕਹਿਣਾ ਹੈ ਕਿ ਇਹ ਕ੍ਰਾਸ ਕੇਸ ਹੈ ਅਜੇ ਤੱਕ ਦੋਵਾਂ 'ਚੋਂ ਕੋਈ ਵੀ ਬਿਆਨ ਦੇਣ ਨਹੀਂ ਆਇਆ ਜਦਕਿ ਗਨਮੈਨ ਆਪਣੀ ਰਾਈਫਲ ਨਾਲ ਫਰਾਰ ਹੈ। ਜਲਦ ਹੀ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ। ਬੀ.ਪੀ.ਸੀ.ਐੱਲ. ਅਧਿਕਾਰੀਆਂ ਨੇ ਮੰਗਲਵਾਰ ਨੂੰ ਪੇਸ਼ ਕਰਨ ਦਾ ਭਰੋਸਾ ਵੀ ਦਿੱਤਾ ਹੈ ਜਦਕਿ ਗੋਲੀ ਲੱਗੇ ਮੁਲਜ਼ਮ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਹ ਬਿਆਨ ਦੇਣ ਦੇ ਕਾਬਿਲ ਨਹੀਂ।
ਕੀ ਕਹਿਣਾ ਹੈ ਠੇਕੇਦਾਰ ਦਾ?
ਤੇਲ ਦੀ ਗੱਡੀ ਨੂੰ ਖਾਲੀ ਕਰਨ ਦਾ ਜ਼ਿੰਮਾ ਠੇਕੇਦਾਰ ਕੋਲ ਹੈ, ਜਿਸ ਨੂੰ ਕੁਝ ਹੀ ਘੰਟੇ ਰੈਕ ਖਾਲੀ ਕਰਨ ਲਈ ਮਿਲਦੇ ਹਨ ਜੋ ਸੁਰੱਖਿਆ ਵਰਕਰਾਂ ਦੀ ਨਜ਼ਰ ਵਿਚ ਕੀਤਾ ਜਾਂਦਾ ਹੈ। ਠੇਕੇਦਾਰ ਰਾਮਨਾਥ ਯਾਦਵ ਨੇ ਦੱਸਿਆ ਕਿ ਤੇਲ ਚੋਰ ਗੈਂਗ ਕੋਲ ਸਾਰੇ ਔਜ਼ਾਰ ਮੌਜੂਦ ਹੁੰਦੇ ਹਨ, ਉਹ ਨਟ ਖੋਲ੍ਹ ਕੇ ਤੇਲ ਚੋਰੀ ਕਰਦੇ ਹਨ। ਤੇਲ ਦਾ ਪ੍ਰੈਸ਼ਰ ਇੰਨਾ ਹੁੰਦਾ ਹੈ ਕਿ 3-4 ਸੈਕਿੰਡ ਵਿਚ ਹੀ 100 ਲੀਟਰ ਤੋਂ ਜ਼ਿਆਦਾ ਤੇਲ ਨਿਕਲ ਜਾਂਦਾ ਹੈ। ਇਹ ਲੋਕ ਇਕ ਵੱਡੇ ਬੈਗ ਵਿਚ ਤੇਲ ਚੋਰੀ ਕਰ ਕੇ ਲਿਜਾਂਦੇ ਹਨ, ਉਥੇ ਹੀ ਸੀ.ਸੀ.ਟੀ.ਵੀ. ਕੈਮਰਾ ਹੋਣ ਦੇ ਬਾਵਜੂਦ ਵੀ ਫੜੇ ਨਹੀਂ ਜਾਂਦੇ।


Related News