3 ਦਿਨ ਪਹਿਲਾਂ ਰੱਖੇ ਨੌਕਰ ਦੀ ਕਰਤੂਤ ਪਰਿਵਾਰ ਦੇ ਮੈਂਬਰਾਂ ਨੂੰ ਬੇਹੋਸ਼ ਕਰਕੇ ਕੀਤਾ ਘਰ ''ਤੇ ਹੱਥ ਸਾਫ

09/09/2017 3:29:15 AM

ਲੁਧਿਆਣਾ(ਰਿਸ਼ੀ)-ਰਘੂਨਾਥ ਇਨਕਲੇਵ ਇਲਾਕੇ ਦੇ ਇਕ ਘਰ 'ਚ 3 ਦਿਨ ਪਹਿਲਾਂ ਰੱਖੇ ਨੌਕਰ ਨੇ ਰਾਤ ਨੂੰ ਖਾਣਾ ਖੁਆਉਣ ਦੇ ਬਹਾਨੇ ਖਾਣੇ ਵਿਚ ਕੁਝ ਮਿਲਾ ਕੇ ਪਰਿਵਾਰ ਦੇ ਚਾਰੇ ਮੈਂਬਰ ਬੇਹੋਸ਼ ਕਰ ਦਿੱਤੇ ਅਤੇ ਘਰ 'ਤੇ ਹੱਥ ਸਾਫ ਕਰਕੇ ਫਰਾਰ ਹੋ ਗਿਆ। ਸ਼ੁੱਕਰਵਾਰ ਸਵੇਰੇ ਪਤਾ ਲੱਗਣ 'ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਬੇਸੁੱਧ ਲੋਕਾਂ  ਨੂੰ ਇਲਾਜ ਲਈ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ 24 ਘੰਟੇ ਬੀਤ ਜਾਣ 'ਤੇ ਹੋਸ਼ ਨਾ ਆਉਣ ਕਾਰਨ ਆਈ. ਸੀ. ਯੂ. 'ਚ ਜ਼ੇਰੇ ਇਲਾਜ ਹਨ। ਉਨ੍ਹਾਂ ਦੀ ਪਛਾਣ ਵਰਿੰਦਰ ਭਾਟੀਆ (65) ਉਨ੍ਹਾਂ ਦੀ ਪਤਨੀ ਵੰਦਨਾ (60) ਬੇਟਾ ਸਾਮਤ (35) ਅਤੇ ਨੂੰੁਹ ਰੂਬਲ (32) ਦੇ ਰੂਪ ਵਿਚ ਹੋਈ ਹੈ।  ਮਿਲੀ ਜਾਣਕਾਰੀ ਅਨੁਸਾਰ ਵਰਿੰਦਰ ਭਾਟੀਆ ਦੀ ਫੋਕਲ ਪੁਆਇੰਟ 'ਚ ਸਾਮਤ ਉਦਯੋਗ ਦੇ ਨਾਂ 'ਤੇ ਧਾਗਾ ਮਿੱਲ ਹੈ। 3 ਦਿਨ ਪਹਿਲਾਂ ਹੀ ਉਨ੍ਹਾਂ ਨੇ ਘਰ ਨੌਕਰ ਰੱਖਿਆ ਸੀ। ਰਾਤ ਨੂੰ ਸਾਰਾ ਪਰਿਵਾਰ ਖਾਣਾ ਖਾਣ ਤੋਂ ਬਾਅਦ ਸੌਣ ਲਈ ਚਲਾ ਗਿਆ, ਜਦਕਿ ਉਨ੍ਹਾਂ ਦੇ ਪੋਤੇ ਆਵਰ (11) ਅਤੇ ਉਮੇਰ (7) ਨੇ ਖਾਣਾ ਨਹੀਂ ਖਾਧਾ। ਸਵੇਰੇ ਕਿਸੇ ਵੀ ਪਰਿਵਾਰਕ ਮੈਂਬਰ ਦੀ ਅੱਖ ਨਹੀਂ ਖੁੱਲ੍ਹੀ। ਜਿਸ ਕਾਰਨ ਬੱਚੇ ਵੀ ਸਕੂਲ ਨਹੀਂ ਗਏ। ਸਵੇਰੇ 10 ਵਜੇ ਦੇ ਕਰੀਬ ਵੱਡੇ ਪੋਤੇ ਨੇ ਪਹਿਲਾਂ ਸਾਰਿਆਂ ਨੂੰ ਉਠਾਉਣਾ ਚਾਹਿਆ, ਜਦ ਉਹ ਨਹੀਂ ਉੱਠੇ ਤਾਂ ਮੋਬਾਇਲ 'ਤੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਗਿਆ। ਦੇਰ ਸ਼ਾਮ ਸਮਾਚਾਰ ਲਿਖੇ ਜਾਣ ਤੱਕ ਸਾਰੇ ਪਰਿਵਾਰਕ ਮੈਂਬਰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਦਾਖਲ ਸਨ, ਜਿਸ ਕਾਰਨ ਕਿਸੇ ਨਾਲ ਵੀ ਗੱਲ ਨਹੀਂ ਹੋ ਸਕੀ ਅਤੇ ਨਾ ਹੀ ਨੁਕਸਾਨ ਦਾ ਕੁਝ ਪਤਾ ਲੱਗਿਆ ਹੈ। ਇਸ ਸਬੰਧੀ ਗੱਲ ਕਰਨ ਲਈ ਥਾਣਾ ਸਰਾਭਾ ਨਗਰ ਦੇ ਇੰਚਾਰਜ ਸੁਮਿਤ ਸੂਦ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
3 ਨੌਕਰ ਰੱਖੇ ਇਕੋ ਸਮੇਂ
ਜਾਣਕਾਰੀ ਅਨੁਸਾਰ ਵਰਿੰਦਰ ਭਾਟੀਆ ਨੇ 3 ਨੌਕਰ ਇਕੋ ਸਮੇਂ ਰੱਖੇ ਸਨ। ਇਕ ਨੌਕਰ ਨੂੰ ਉਨ੍ਹਾਂ ਨੇ ਆਪਣੀ ਬੇਟੀ ਦੇ ਘਰ ਸਾਊਥ ਸਿਟੀ, ਜਦਕਿ ਦੂਜੇ ਨੂੰ ਆਪਣੇ ਦੋਸਤ ਦੇ ਘਰ ਅਤੇ ਤੀਜਾ ਆਪਣੇ ਕੋਲ ਰੱਖਿਆ ਸੀ। ਵਾਰਦਾਤ ਦੇ ਬਾਅਦ ਤਿੰਨੇ ਗਾਇਬ ਹਨ। 


Related News