ਪੁਲਸ ''ਤੇ ਹਮਲਾ ਕਰਨ ਵਾਲੇ 8 ਲੋਕਾਂ ''ਤੇ ਕੇਸ ਦਰਜ

09/08/2017 4:37:38 AM

ਲੁਧਿਆਣਾ(ਜ.ਬ.)-ਥਾਣਾ ਲਾਡੋਵਾਲ ਦੀ ਪੁਲਸ ਨੇ ਅੱਜ 8 ਲੋਕਾਂ ਖਿਲਾਫ ਪੁਲਸ ਕਰਮਚਾਰੀਆਂ 'ਤੇ ਹਮਲਾ ਕਰ ਕੇ ਹੱਤਿਆ ਦੀ ਕੋਸ਼ਿਸ਼ ਕਰਨ ਦਾ ਕੇਸ ਦਰਜ ਕੀਤਾ ਹੈ। ਵਰਨਣਯੋਗ ਹੈ ਕਿ ਬੁੱਧਵਾਰ ਦੀ ਰਾਤ ਥਾਣਾ ਲਾਡੋਵਾਲ ਦੀ ਪੁਲਸ ਨੇ ਪਿੰਡ ਨਵਾਂ ਖੈਹਰਾ ਬੇਟ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਨਸ਼ਾ ਸਮੱਗਲਰਾਂ 'ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਨਸ਼ਾ ਸਮੱਗਲਰਾਂ ਨੇ ਹਥਿਆਰਾਂ ਅਤੇ ਲਾਠੀਆਂ ਨਾਲ ਪੁਲਸ 'ਤੇ ਹਮਲਾ ਬੋਲ ਦਿੱਤਾ ਸੀ। ਇਸ ਵਿਚ ਲਾਡੋਵਾਲ ਥਾਣਾ ਦੇ ਹੌਲਦਾਰ ਭੀਸ਼ਮ ਦੇਵ ਤੇ ਇਕ ਥਾਣੇਦਾਰ ਜਸਵਿੰਦਰ ਸਿੰਘ ਜ਼ਖਮੀ ਹੋ ਗਏ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨਵਾਂ ਖੈਹਰਾ ਬੇਟ ਵਿਚ ਸਤਲੁਜ ਦਰਿਆ ਦੇ ਕਿਨਾਰੇ ਕੁਝ ਲੋਕ ਨਾਜਾਇਜ਼ ਸ਼ਰਾਬ ਕੱਢ ਰਹੇ ਹਨ। ਇਸ 'ਤੇ ਪੁਲਸ ਟੀਮ ਨੇ ਉਕਤ ਸਥਾਨ 'ਤੇ ਰੇਡ ਕੀਤੀ, ਜਿਸ 'ਤੇ ਸਮੱਗਲਰਾਂ ਨੇ ਹਮਲਾ ਬੋਲ ਕੇ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ। ਥਾਣਾ ਮੁਖੀ ਨੇ ਇਸ ਦੀ ਸੂਚਨਾ Àੁੱਚ ਅਧਿਕਾਰੀਆਂ ਨੂੰ ਦਿੱਤੀ, ਜਿਸ ਕਾਰਨ ਪਿੰਡ ਨਵਾਂ ਖੈਹਰਾ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ। ਅੱਜ ਜ਼ਖਮੀ ਹੋਏ ਹੌਲਦਾਰ ਭੀਸ਼ਮ ਦੇਵ ਪੁੱਤਰ ਸੰਸਾਰ ਚੰਦ ਦੀ ਸ਼ਿਕਾਇਤ 'ਤੇ ਹਮਲਾ ਕਰਨ ਵਾਲੇ 8 ਲੋਕਾਂ 'ਤੇ ਇਰਾਦਾ ਹੱਤਿਆ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਬੂਟਾ ਸਿੰਘ, ਪੱਪਾ, ਬਿੱਟੂ, ਸੁੰਡੀ, ਸੰਜੂ, ਪੰਜੂ, ਬਲਦੇਵ ਦੇਬੂ ਨਿਵਾਸੀ ਪਿੰਡ ਸੰਗੋਵਾਲ (ਜਲੰਧਰ) ਦੇ ਰੂਪ ਵਿਚ ਹੋਈ ਹੈ। ਪੁਲਸ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।


Related News