ਯੂਥ ਕਾਂਗਰਸੀ ਆਗੂ ਨੇ ਚਲਾਈ ਗੋਲੀ, ਮਚੀ ਦਹਿਸ਼ਤ
Thursday, Aug 24, 2017 - 04:00 AM (IST)
ਸਾਹਨੇਵਾਲ(ਜ.ਬ.)-ਕਸਬਾ ਸਾਹਨੇਵਾਲ ਵਿਖੇ ਇਕ ਯੂਥ ਕਾਂਗਰਸੀ ਆਗੂ ਨੇ ਆਪਣੇ ਘਰ 'ਚ ਆਏ ਇਕ ਵਿਅਕਤੀ 'ਤੇ ਕਥਿਤ ਵਾਰ ਕਰਦੇ ਹੋਏ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ, ਜਿਸ 'ਚ ਉਕਤ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਸਾਹਨੇਵਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਅਤੇ ਫਿਰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਗੋਲੀ ਚਲਾਉਣ ਵਾਲੇ ਨੌਜਵਾਨ ਦਾ ਦੋਸ਼ ਹੈ ਕਿ ਉਕਤ ਵਿਅਕਤੀ ਉਨ੍ਹਾਂ ਦੇ ਘਰ ਨੂੰ ਕਥਿਤ ਲੁੱਟਣ ਦੀ ਨੀਅਤ ਨਾਲ ਆਇਆ ਸੀ, ਜਿਸ ਨੇ ਆਪਣੇ ਬਚਾਅ ਲਈ ਗੋਲੀ ਚਲਾਈ ਸੀ। ਜਦਕਿ ਥਾਣਾ ਪੁਲਸ ਤੋਂ ਲੈ ਕੇ ਏ. ਡੀ. ਸੀ. ਪੀ.-4 ਤੱਕ ਦੇ ਅਧਿਕਾਰੀਆਂ ਨੇ ਦੇਰ ਰਾਤ ਤੱਕ ਵੈਰੀਫਾਈ ਕਰਨ ਦੀ ਗੱਲ ਹੀ ਰਟੀ ਰੱਖੀ।
ਬੰਦ ਜਿੰਦਰੇ ਖੋਲ੍ਹਣ ਲਈ ਗਿਆ ਸੀ
ਇਸ ਸਬੰਧ 'ਚ ਗੋਲੀ ਲੱਗਣ ਕਾਰਨ ਜ਼ਖਮੀ ਹੋਈ ਵਿਅਕਤੀ ਪ੍ਰਕਾਸ਼ ਸਿੰਘ ਵਾਸੀ ਨੰਦਪੁਰ ਦਾ ਕਹਿਣਾ ਸੀ ਕਿ ਉਸ ਨੂੰ ਕੋਈ ਵਿਅਕਤੀ ਘਰ ਦੇ ਬੰਦ ਹੋਏ ਜ਼ਿੰਦਰਿਆਂ ਨੂੰ ਖੋਲ੍ਹਣ ਵਾਸਤੇ ਚਾਬੀਆਂ ਲਾਉਣ ਲਈ ਸਕੂਟਰ 'ਤੇ ਬਿਠਾ ਕੇ ਲੈ ਕੇ ਗਿਆ ਸੀ, ਜੋ ਉਸ ਨੂੰ ਘਰ ਉਤਾਰ ਕੇ ਖੁਦ ਚਲਾ ਗਿਆ ਅਤੇ ਕਾਫੀ ਦੇਰ ਤੱਕ ਵਾਪਸ ਨਹੀਂ ਪਰਤਿਆ। ਐਨੀ ਦੇਰ 'ਚ ਘਰ ਦੀਆਂ ਕੁਝ ਔਰਤਾਂ ਨੇ ਉਸ ਨੂੰ ਦੇਖਦੇ ਹੋਏ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਨੇ ਬਚਾਅ ਲਈ ਆਪਣੇ ਆਪ ਨੂੰ ਇਕ ਕਮਰੇ 'ਚ ਬੰਦ ਕਰ ਲਿਆ, ਜਿਸਦੇ ਬਾਅਦ ਆਏ ਇਕ ਨੌਜਵਾਨ ਨੇ ਉਸ ਉੱਪਰ ਪਿਸਤੌਲ ਨਾਲ ਗੋਲੀ ਚਲਾ ਦਿੱਤੀ, ਜੋ ਉਸ ਦੀ ਲੱਤ 'ਚ ਲੱਗੀ ਅਤੇ ਉਹ ਬੇਹੋਸ਼ ਹੋ ਗਿਆ।
ਘਰ ਲੁੱਟਣ ਲਈ ਆਇਆ ਸੀ ਸਾਥੀਆਂ ਸਮੇਤ
ਪੂਰੇ ਮਾਮਲੇ ਸਬੰਧੀ ਦੂਜੀ ਧਿਰ ਦੇ ਲੋਕਾਂ ਦਾ ਕਹਿਣਾ ਸੀ ਕਿ ਉਕਤ ਵਿਅਕਤੀ ਆਪਣੇ ਕੁਝ ਸਾਥੀਆਂ ਸਮੇਤ ਘਰ ਨੂੰ ਲੁੱਟਣ ਲਈ ਆਏ ਸੀ। ਜਿਸ ਕਰ ਕੇ ਉਨ੍ਹਾਂ ਨੇ ਆਪਣੇ ਬਚਾਅ ਲਈ ਗੋਲੀ ਚਲਾਈ ਸੀ। ਜਿਸ 'ਚ ਉਕਤ ਵਿਅਕਤੀ ਜ਼ਖਮੀ ਹੋ ਗਿਆ।
ਉੱਚ ਅਧਿਕਾਰੀਆਂ ਨਹੀਂ ਕੀਤੀ ਪੁਸ਼ਟੀ
ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਸਾਹਨੇਵਾਲ ਦੇ ਏ. ਸੀ. ਪੀ. ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਰੀਬ ਅੱਧੇ ਘੰਟੇ ਤੱਕ ਲਗਾਤਾਰ ਫੋਨ ਕਰਨ 'ਤੇ ਵੀ ਉਨ੍ਹਾਂ ਨੇ ਫੋਨ ਰਿਸੀਵ ਕਰਨਾ ਜ਼ਰੂਰੀ ਨਹੀਂ ਸਮਝਿਆ, ਜਿਸਦੇ ਬਾਅਦ ਏ. ਡੀ. ਸੀ. ਪੀ.-4 ਜਸਦੇਵ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਸਾਹਨੇਵਾਲ ਵਿਖੇ ਕੱਢੇ ਜਾ ਰਹੇ ਇਕ ਫਲੈਗ ਮਾਰਚ 'ਚ ਸ਼ਾਮਲ ਹੋਣ ਲਈ ਜਾ ਰਹੇ ਹਨ, ਜਿਸ ਦੌਰਾਨ ਉਹ ਪੁੱਛਗਿੱਛ ਕਰ ਕੇ ਅੱਗੇ ਦੀ ਜਾਣਕਾਰੀ ਦੇ ਸਕਦੇ ਹਨ।
ਕੀ ਕਿਹਾ ਥਾਣਾ ਮੁਖੀ ਨੇ
ਜਦੋਂ ਇਸ ਘਟਨਾ ਨੂੰ ਲੈ ਕੇ ਥਾਣਾ ਮੁਖੀ ਸੁਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ, ਜਦਕਿ ਜ਼ਖਮੀ ਹੋਇਆ ਵਿਅਕਤੀ ਪਿਛਲੇ ਕਾਫੀ ਸਮੇਂ ਤੋਂ ਸਾਹਨੇਵਾਲ 'ਚ ਹੀ ਜ਼ਿੰਦਰੇ ਲਾਉਣ ਦਾ ਕੰਮ ਕਰ ਰਿਹਾ ਹੈ ਪਰ ਫਿਰ ਵੀ ਪੁਲਸ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
