2 ਧਿਰਾਂ ਦੇ ਵਿਵਾਦ ''ਚ ਚੱਲੀ ਗੋਲੀ, 4 ਜ਼ਖਮੀ
Friday, Jul 07, 2017 - 01:52 AM (IST)
ਭਗਤਾ ਭਾਈ(ਪਰਵੀਨ)-ਸ਼ਹਿਰ ਵਿਖੇ ਪੁਰਾਣੀ ਰੰਜਿਸ਼ ਕਾਰਨ ਹੋਇਆ ਟਰਕਾਅ ਖੂਨੀ ਰੂਪ ਧਾਰ ਗਿਆ ਅਤੇ ਇਸ ਦੌਰਾਨ ਹੋਈ ਫਾਇਰਿੰਗ ਵਿਚ 4 ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਨਥਾਣਾ ਰੋਡ ਉਪਰ ਰਹਿੰਦੀਆਂ ਦੋ ਧਿਰਾਂ ਦਾ ਪਿਛਲੇ ਲੰਮੇ ਸਮੇਂ ਤੋਂ ਕਥਿਤ ਤੌਰ 'ਤੇ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਅੱਜ ਫਿਰ ਇਨ੍ਹਾਂ ਵਿਚ ਬਹਿਸ ਹੋ ਗਈ ਅਤੇ ਇਹ ਬਹਿਸ ਗੋਲੀਬਾਰੀ ਵਿਚ ਤਬਦੀਲ ਹੋ ਗਈ। ਇਸ ਗੋਲੀਬਾਰੀ ਵਿਚ ਹਰਬੰਸ ਸਿੰਘ, ਦਵਿੰਦਰ ਸਿੰਘ, ਧਰਮ ਸਿੰਘ ਅਤੇ ਜਸਪ੍ਰੀਤ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਰਬੰਸ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ। ਬਾਕੀ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
