ਨਾਜ਼ਾਇਜ ਢੰਗ ਨਾਲ ਚੱਲ ਰਹੀ ਏ ''ਮਹਿਮਾਂ'' ''ਚ ਰੇਤ ਦੀ ਖੱਡ

Friday, Jun 09, 2017 - 12:17 AM (IST)

ਨਾਜ਼ਾਇਜ ਢੰਗ ਨਾਲ ਚੱਲ ਰਹੀ ਏ ''ਮਹਿਮਾਂ'' ''ਚ ਰੇਤ ਦੀ ਖੱਡ

ਮਮਦੋਟ(ਜਸਵੰਤ, ਸ਼ਰਮਾ)-ਹਲਕਾ ਗੁਰੂਹਰਸਹਾਏ ਅੰਦਰ ਪੈਂਦੇ ਪਿੰਡ ਮਹਿਮਾਂ ਵਿਖੇ ਰੇਤਾ ਦੀ ਚੱਲ ਰਹੀ ਖੱਡ ਨੂੰ ਨਿਯਮਾਂ ਨੂੰ ਛਿੱਕੇ ਟੰਗ ਕੇ ਚਲਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਉਕਤ ਪਿੰਡ 'ਚ ਚੱਲ ਰਹੀ ਖੱਡ 'ਚੋਂ ਜੇ. ਸੀ. ਬੀ. ਮਸ਼ੀਨਾਂ ਨਾਲ ਟਰਾਲੀਆਂ ਦੀ ਭਰਾਈ ਕੀਤੀ ਜਾ ਰਹੀ ਹੈ। ਹੈਵੀ ਟਰਾਲੀਆਂ ਨੂੰ ਜੇ. ਸੀ. ਬੀ. ਦੀ ਸਹਾਇਤਾ ਨਾਲ ਖੱਡ 'ਚੋਂ ਲਿੰਕ ਰੋਡ 'ਤੇ ਚੜ੍ਹਾ ਦਿੱਤਾ ਜਾਂਦਾ ਹੈ ਜਿਹੜੇ ਓਵਰਲੋਡ ਹੋਣ ਕਾਰਨ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਵਿਭਾਗੀ ਨਿਯਮਾਂ ਮੁਤਾਬਿਕ ਮਨਜ਼ੂਰ ਖੱਡ ਦੀ ਮਾਰਕਿੰਗ ਕਰਕੇ ਉਸ ਦੇ ਚਾਰ-ਚੁਫੇਰੇ ਪੋਲ ਲਾ ਕੇ ਲਾਲ ਝੰਡੇ ਨਾਲ ਨਿਸ਼ਾਨਦੇਹੀ ਕੀਤੀ ਜਾਂਦੀ ਹੈ, ਜਿਸ ਤੋਂ ਸਾਬਤ ਹੋ ਸਕੇ ਕਿ ਇਹ ਮਨਜ਼ੂਰਸ਼ੁਦਾ ਖੱਡ ਚੱਲ ਰਹੀ ਹੈ। ਇਸ ਦੇ ਨਾਲ ਹੀ ਇਕ ਨੋਟਿਸ ਬੋਰਡ 'ਤੇ ਸਬੰਧਿਤ ਠੇਕੇਦਾਰ ਦਾ ਨਾਂ ਅਤੇ ਜ਼ਮੀਨ ਦੇ ਨੰਬਰ ਵੀ ਲਿਖੇ ਹੁੰਦੇ ਹਨ।
ਜਾਣਕਾਰੀ ਅਨੁਸਾਰ ਮਾਈਨਿੰਗ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ 10 ਫੁੱਟ ਦੀ ਡੂੰੰਘਾਈ ਤੋਂ ਵੱਧ ਰੇਤਾ ਨਹੀਂ ਚੁੱਕੀ ਜਾ ਸਕਦੀ ਪਰ ਇੱਥੇ ਸਭ ਨਿਯਮਾਂ ਨੂੰ ਛਿੱਕੇ ਟੰਗ ਕੇ 15 ਤੋਂ 20 ਫੁੱਟ ਦੀ ਡੂੰਘਾਈ ਤੱਕ ਰੇਤਾ ਦੀ ਨਿਕਾਸੀ ਕੀਤੀ ਜਾ ਰਹੀ ਹੈ। ਇਹ ਵਰਤਾਰਾ ਉਦੋਂ ਤੱਕ ਚੱਲਦਾ ਹੈ ਜਦੋਂ ਤੱਕ ਧਰਤੀ ਹੇਠਲਾ ਪਾਣੀ ਟੋਏ 'ਚ ਨਹੀਂ ਆ ਜਾਂਦਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਰੀਆਂ ਹੋਈਆਂ ਟਰਾਲੀਆਂ ਨੂੰ ਵਿਭਾਗੀ ਨਿਯਮਾਂ ਮੁਤਾਬਿਕ ਕੰਡੇ 'ਤੇ ਵਜ਼ਨ ਕਰਕੇ ਪਰਚੀ ਦਿੱਤੀ ਜਾਂਦੀ ਹੈ ਜਦ ਕਿ ਬਿਨਾਂ ਕੰਡਾ ਕੀਤੇ ਟਰਾਲੀਆਂ ਦੀ ਪੈਮਾਇਸ਼ ਕਰਕੇ ਹੀ 10 ਰੁਪਏ ਫੁੱਟ ਤੱਕ ਪੈਸੇ ਵਸੂਲ ਲਏ ਜਾਂਦੇ ਹਨ, ਜਦਕਿ ਵੱਡੇ ਟਰੈਕਟਰ ਟਰਾਲੇ 'ਚ ਵਿੱਢ ਲਗਾ ਕਿ ਓਵਰਲੋਡ 400 ਫੁੱਟ ਤੱਕ ਰੇਤਾ ਭਰ ਦਿੱਤੀ ਜਾਂਦੀ ਹੈ । ਓਧਰ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਮੁਤਾਬਿਕ ਟਰੈਕਟਰ-ਟਰਾਲੀ ਨੂੰ ਵਪਾਰਿਕ ਤੌਰ 'ਤੇ ਨਹੀਂ ਵਰਤਿਆ ਜਾ ਸਕਦਾ ਇਹ ਸਿਰਫ ਕਿਸਾਨ ਆਪਣੇ ਘਰੇਲੂ ਕੰਮਾਂ ਵਾਸਤੇ ਹੀ ਇਸ ਦੀ ਵਰਤੋਂ ਕਰ ਸਕਦੇ ਹਨ। ਇਸ ਤਰ੍ਹਾਂ ਕਰਨ ਨਾਲ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਟਰੈਕਟਰ-ਟਰਾਲੀ ਵਾਲੇ ਓਵਰਲੋਡ ਹੋਣ ਕਾਰਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ।


Related News