ਹੋਲੀ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੇ ਮਨਾਈ ਦੀਵਾਲੀ, ਆਤਿਸ਼ਬਾਜ਼ੀ ਨਾਲ ਆਸਮਾਨ ਹੋਇਆ ਰੰਗੀਨ
Monday, Mar 10, 2025 - 01:59 AM (IST)

ਲੁਧਿਆਣਾ (ਵਿੱਕੀ) - ਟੀਮ ਇੰਡੀਆ ਦੇ ਦੁਬਈ ’ਚ ਚੈਂਪੀਅਨਜ਼ ਟਰਾਫੀ ਦੇ ਚੈਂਪੀਅਨ ਬਣਨ ਤੋਂ ਬਾਅਦ ਹੋਲੀ ਤੋਂ ਪਹਿਲਾਂ ਸ਼ਹਿਰ ’ਚ ਦੀਵਾਲੀ ਦਾ ਮਾਹੌਲ ਬਣ ਗਿਆ। ਰਵਿੰਦਰ ਜਡੇਜਾ ਨੇ ਜਿਉਂ ਹੀ ਜੇਤੂ ਚੌਕਾ ਮਾਰਿਆ ਤਾਂ ਕ੍ਰਿਕਟ ਪ੍ਰੇਮੀਆਂ ਨੇ ਆਤਿਸ਼ਬਾਜ਼ੀ ਕੀਤੀ ਅਤੇ ਰਾਤ ਦੇ ਹਨੇਰੇ ’ਚ ਆਸਮਾਨ ਨੂੰ ਰੰਗੀਨ ਬਣਾ ਦਿੱਤਾ। ਸੜਕਾਂ ’ਤੇ ਬੱਚੇ, ਬਜ਼ੁਰਗ ਅਤੇ ਔਰਤਾਂ ਭਾਰਤ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਉਂਦੇ ਦੇਖੇ ਗਏ, ਉਥੇ ਹੀ ਕਈ ਲੋਕਾਂ ਨੇ ਕੀਵੀਆਂ ’ਤੇ ਇਸ ਜਿੱਤ ਦੇ ਜਸ਼ਨ ’ਚ ਢੋਲ ਦੀ ਥਾਪ ’ਤੇ ਭੰਗੜਾ ਪਾਇਆ ਅਤੇ ਪਟਾਕੇ ਚਲਾਏ।
ਇਸ ਤੋਂ ਪਹਿਲਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸਥਿਤ ਰੈਸਟੋਰੈਂਟਾਂ ਅਤੇ ਪੱਬਾਂ ’ਚ ਵੀ ਮੈਚ ਨੂੰ ਲੈ ਕੇ ਜੋਸ਼ ਦੇਖਣ ਨੂੰ ਮਿਲਿਆ। ਦਿਨ ਭਰ ਸੜਕਾਂ ਸੁੰਨਸਾਨ ਰਹੀਆਂ, ਜਦਕਿ ਰੈਸਟੋਰੈਂਟ ਭਰੇ ਰਹੇ। ਸਰਾਭਾ ਨਗਰ ਮਾਰਕੀਟ ’ਚ ਲਗਾਈ ਗਈ ਵੱਡੀ ਸਕ੍ਰੀਨ ’ਤੇ ਮੈਚ ਦਾ ਆਨੰਦ ਲੈਣ ਲਈ ਭਾਰੀ ਭੀੜ ਇਕੱਠੀ ਹੋਈ।
ਭਰੇ ਬਾਜ਼ਾਰ ’ਚ ਇਕੱਠੇ ਹੋਏ ਕ੍ਰਿਕਟ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਜਦੋਂ ਜਡੇਜਾ ਨੇ ਜੇਤੂ ਸ਼ਾਟ ਖੇਡਿਆ। ਇਸ ਦੌਰਾਨ ਜਦੋਂ ਭਾਰਤ ਦੀ ਜਿੱਤ ਹੋਈ ਤਾਂ ਕ੍ਰਿਕਟ ਪ੍ਰੇਮੀਆਂ ਨੇ ਹੱਥਾਂ ’ਚ ਤਿਰੰਗੇ ਫੜ ਕੇ ਇਸ ਜਿੱਤ ਦੀ ਖੁਸ਼ੀ ਸਾਂਝੀ ਕੀਤੀ।