ਲੁਧਿਆਣਾ ਦੇ ਸ਼ਮਸ਼ਾਨ ਘਾਟ ਦਾ ਹੈਰਾਨ ਕਰਦਾ ਮੰਜ਼ਰ, ਸਸਕਾਰ ਤੋਂ ਬਾਅਦ ਇੰਝ ਹੁੰਦੀ ਹੈ ਅਸਥੀਆਂ ਦੀ ਰਾਖੀ
Sunday, Dec 03, 2017 - 07:34 PM (IST)
ਲੁਧਿਆਣਾ : ਇਨਸਾਨ ਦੀ ਮਾੜੀ ਸੋਚ ਦਾ ਸਬੂਤ ਹੀ ਹੈ ਕਿ ਮਰਨ ਤੋਂ ਬਾਅਦ ਮ੍ਰਿਤਕ ਦੀ ਚਿਤਾ 'ਤੇ ਅਸਥੀਆਂ ਨੂੰ ਚੋਰਾਂ ਤੋਂ ਬਚਾਉਣ ਲਈ ਤਾਲਾ ਲਗਾ ਕੇ ਰੱਖਣਾ ਪੈ ਰਿਹਾ ਹੈ। ਹੈਰਾਨ ਕਰਨ ਵਾਲਾ ਇਹ ਮੰਜ਼ਰ ਲੁਧਿਆਣਾ ਦੇ ਸ਼ਾਮ ਨਗਰ ਸਥਿਤ ਸ਼ਾਂਤੀਵਨ ਸ਼ਮਸ਼ਾਨ ਘਾਟ ਦੀ ਹੈ, ਜਿੱਥੇ ਚੋਰਾਂ ਦੇ ਡਰੋਂ ਅੰਤਿਮ ਸੰਸਕਾਰ ਤੋਂ ਬਾਅਦ ਚਿਤਾ ਅਤੇ ਅਸਥੀਆਂ ਦੀ ਰਾਖ ਤਕ ਨੂੰ ਤਾਲਾ ਲਗਾ ਕੇ ਰੱਖਿਆ ਜਾ ਰਿਹਾ ਹੈ। ਸ਼ਾਮ ਛੇ ਵਜੇ ਪਰਿਵਾਰ ਦੇ ਸਾਹਮਣੇ ਹੀ ਅਸਥੀਆਂ ਅਤੇ ਰਾਖ 'ਤੇ ਪਿੰਜਰੇਨੁਮਾ ਜੰਗਲਾ ਲਗਾ ਕੇ ਤਾਲਾ ਲਗਾ ਦਿੱਤਾ ਜਾਂਦਾ ਹੈ ਅਤੇ ਚਾਬੀ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ। ਚੌਥੇ ਦੀ ਰਸਮ 'ਤੇ ਅਸਥੀਆਂ ਚੁੱਕਣ ਤੋਂ ਬਾਅਦ ਹੀ ਪਿੰਜਰਾ ਹਟਾਇਆ ਜਾਂਦਾ ਹੈ। ਸ਼ਮਸ਼ਾਨ ਘਾਟ 'ਚ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਗਏ ਹਨ।
ਸ਼ਮਸ਼ਾਨ ਘਾਟ ਦੇ ਪ੍ਰਬੰਧਕਾਂ ਮੁਤਾਬਕ ਅਣ-ਵਿਆਹੇ ਅਤੇ ਗਰਭਵਤੀਆਂ ਦੇ ਸਸਕਾਰ ਤੋਂ ਬਾਅਦ ਕਈ ਪਰਿਵਾਰ ਖਾਸ ਤੌਰ 'ਤੇ ਸਾਵਧਾਨੀ ਵਰਤਦੇ ਸਨ। ਹਾਲਾਂਕਿ ਕਮੇਟੀ ਵਲੋਂ ਸੁਰੱਖਿਆ ਦੇ ਵਿਸ਼ੇਸ਼ ਬੰਦੋਬਸਤ ਕੀਤੇ ਹੋਏ ਹਨ। ਇਸ ਦੇ ਬਾਵਜੂਦ ਵੀ ਕਈ ਪਰਿਵਾਰ ਖਾਸ ਤੌਰ 'ਤੇ ਦੀਵਾਲੀ ਵਾਲੇ ਦਿਨਾਂ ਦੇ ਨੇੜੇ ਆਪ ਪਹਿਰਾ ਦੇਣ 'ਤੇ ਅੜੇ ਰਹਿੰਦੇ ਸਨ। ਉਨ੍ਹਾਂ ਦਾ ਤਰਕ ਸੀ ਕਿ ਅਜਿਹੇ ਮਾਮਲਿਆਂ ਵਿਚ ਤਾਂਤਰਿਕ ਅਸਥੀਆਂ ਤੰਤਰ-ਮੰਤਰ ਲਈ ਉਪਯੋਗ ਕਰ ਸਕਦੇ ਹਨ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਹੀ ਚਿਤਾ 'ਤੇ ਲੋਹੇ ਦਾ ਪਿੰਜਰਾ ਰੱਖ ਕੇ ਉਸ 'ਤੇ ਤਲਾ ਲਗਾਉਣ ਦੀ ਯੋਜਨਾ ਬਣਾਈ ਗਈ।
ਇਥੇ ਹੀ ਬੱਸ ਨਹੀਂ ਸ਼ਮਸ਼ਾਨਘਾਟ ਪ੍ਰਬੰਧਕਾਂ ਨੇ ਦੱਸਿਆ ਕਿ ਇਕ ਵਾਰ ਰਾਤ ਦੋ ਵਜੇ ਦੇ ਕਰੀਬ ਇਕ ਔਰਤ ਸ਼ਮਸ਼ਾਨਘਾਟ ਦੀ ਕੰਧ ਟੱਪ ਕੇ ਜਲਦੀ ਹੋਈ ਚਿਤਾ 'ਤੇ ਬੈਠ ਗਈ ਸੀ। ਪੁੱਛਗਿੱਛ ਦੌਰਾਨ ਉਕਤ ਔਰਤ ਨੇ ਦੱਸਿਆ ਕਿ ਇਕ ਤਾਂਤਰਿਕ ਨੇ ਉਸ ਨੂੰ ਉਪਾਅ ਦੱਸਿਆ ਸੀ ਕਿ ਜੇ ਉਹ ਜਲਦੀ ਚਿਤਾ ਦੇ ਕੋਲ ਬੈਠ ਕੇ ਪਾਠ ਕਰੇਗੀ ਤਾਂ ਘਰ ਵਿਚ ਚੱਲ ਰਿਹਾ ਵਿਵਾਦ ਖਤਮ ਹੋ ਜਾਵੇਗਾ। ਮਾਮਲੇ 'ਚ ਪੁਲਸ ਨੂੰ ਰਿਪੋਰਟ ਤਕ ਦਰਜ ਕਰਵਾਉਣੀ ਪਈ ਸੀ। ਇਸ ਘਟਨਾ ਤੋਂ ਬਾਅਦ ਸ਼ਮਸ਼ਾਨਘਾਟ ਕਮੇਟੀ ਨੇ ਚਿਤਾ ਅਤੇ ਅਸਥੀਆਂ ਨੂੰ ਪਿੰਜਰੇ ਵਿਚ ਰੱਖਣ ਦਾ ਫੈਸਲਾ ਲਿਆ।
