ਸ਼ਮਸ਼ਾਨ ਘਾਟ ''ਚ ਬੈਠ ਕੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ 6 ਕਾਬੂ
Saturday, Feb 24, 2018 - 06:49 PM (IST)

ਜਗਰਾਓਂ (ਜਸਬੀਰ ਸ਼ੇਤਰਾ) : ਜਗਰਾਓਂ ਪੁਲਸ ਨੇ 6 ਮੁਲਜ਼ਮਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਦੇ ਦਾਅਵੇ ਅਨੁਸਾਰ ਇਹ ਸਾਰੇ ਮੁਲਜ਼ਮ ਸ਼ਮਸ਼ਾਨ ਘਾਟ 'ਚ ਬੈਠ ਕੇ ਪੈਟਰੋਲ ਪੰਪ ਅਤੇ ਏ.ਟੀ.ਐਮ. ਲੁੱਟਣ ਦੀ ਯੋਜਨਾ ਬਣਾ ਰਹੇ ਸਨ ਜਿਸ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਛਾਪੇਮਾਰੀ ਕਰਕੇ ਇਨ੍ਹਾਂ ਨੂੰ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕਰ ਲਿਆ। ਇਥੇ ਪੁਲਸ ਲਾਈਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਸੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਥਾਣਾ ਸਦਰ ਜਗਰਾਓਂ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ 'ਤੇ ਸਨ ਜਦੋਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਤੇਜਿੰਦਰ ਸਿੰਘ ਉਰਫ ਗੁੱਲੂ ਵਾਸੀ ਅੱਬੂਵਾਲ ਥਾਣਾ ਸੁਧਾਰ, ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਨੇੜੇ ਤਲਾਬ ਵਾਲਾ ਮੰਦਰ ਰਾਏਕੋਟ, ਰਣਜੀਤ ਸਿੰਘ ਉਰਫ ਮੰਗਾ ਵਾਸੀ ਰਾਏਕੋਟ, ਅਕਾਸ਼ ਕੁਮਾਰ ਉਰਫ ਕਾਕੂ ਅੱਬੂਵਾਲ, ਲੱਕੀ ਰਾਏਕੋਟ, ਮਨਦੀਪ ਸਿੰਘ ਉਰਫ ਮਨੀ ਵਾਸੀ ਪ੍ਰੋਫੈਸਰ ਕਲੋਨੀ ਰਾਏਕੋਟ, ਸੁਖਦੇਵ ਸਿੰਘ ਉਰਫ ਸੁੱਖਾ ਰਾਏਕੋਟ ਸਮੇਤ ਮਾਰੂ ਹਥਿਆਰ ਸ਼ਮਸ਼ਾਨ ਘਾਟ ਪਿੰਡ ਬੋਦਲਵਾਲਾ 'ਚ ਬੈਠੇ ਪੈਟਰੋਲ ਪੰਪਾਂ ਅਤੇ ਏ.ਟੀ.ਐਮ. ਵਗੈਰਾ ਦੀ ਲੁੱਟਣ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਲਈ ਯੋਜਨਾ ਬਣਾ ਰਹੇ ਹਨ।
ਇਸ 'ਤੇ ਪੁਲਸ ਨੇ ਥਾਣਾ ਸਦਰ ਜਗਰਾਓਂ 'ਚ ਉਕਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਐੱਸ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 9 ਪਿਸਤੌਲ, 28 ਕਾਰਤੂਸ, ਨਸ਼ੀਲੀਆਂ ਗੋਲੀਆਂ, ਸਰਿੰਜਾਂ, 02 ਖੰਡੇ, 1 ਕਿਰਪਾਨ ਅਤੇ 3 ਟੋਕੇ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਤੇਜਿੰਦਰ ਸਿੰਘ ਉਰਫ ਗੁੱਲੂ ਅਤੇ ਸੁਖਦੇਵ ਸਿੰਘ ਉਰਫ ਸੁੱਖਾ ਦੋ ਗਰੁੱਪ ਹਨ। ਸੁਖਦੇਵ ਸਿੰਘ ਉਰਫ ਸੁੱਖਾ ਨੇ ਤੇਜਿੰਦਰ ਸਿੰਘ ਉਰਫ ਗੁੱਲੂ ਨੂੰ ਆਡੀਓ ਮੈਸੇਜ ਭੇਜ ਕੇ ਧਮਕੀ ਦਿੱਤੀ ਸੀ ਜਿਸ ਦੇ ਜਵਾਬ 'ਚ ਗੁੱਲੂ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹਥਿਆਰਾਂ ਦੀ ਪ੍ਰਦਰਸ਼ਨੀ ਲਗਾ ਕੇ ਉਨ੍ਹਾਂ ਦੀ ਵੀਡੀਓ ਕਲਿੱਪ ਬਣਾ ਕੇ ਸੁੱਖੇ ਨੂੰ ਜਵਾਬ ਦਿੱਤਾ ਸੀ ਕਿ ਉਹ ਰਾਏਕੋਟ ਦੇ ਏਰੀਏ 'ਚ ਕਿਸੇ ਨੂੰ ਧਮਕੀ ਦੇ ਕੇ ਪੈਸੇ ਨਹੀਂ ਲੈਣੇ ਅਤੇ ਦੂਸਰਾ ਗਰੁੱਪ ਕਹਿੰਦਾ ਸੀ ਕਿ ਤੁਸੀਂ ਇਸ ਏਰੀਏ 'ਚੋਂ ਕਿਸੇ ਤੋਂ ਧਮਕੀ ਦੇ ਕੇ ਪੈਸੇ ਨਹੀਂ ਲੈਣੇ।
ਇਸੇ ਕਰਕੇ ਇਨ੍ਹਾਂ ਦੀ ਆਪਸ 'ਚ ਖਹਿਬਾਜ਼ੀ ਚਲਦੀ ਸੀ। ਗੁੱਲੂ ਗਰੁੱਪ ਨੇ ਪਹਿਲਾਂ ਸੁੱਖੇ ਨੂੰ ਘੇਰ ਉਸਦੀ ਬਾਂਹ ਤੋੜੀ ਸੀ ਅਤੇ ਉਸ ਨੂੰ ਕਿਹਾ ਕਿ ਇਸ ਬਾਰੇ ਜੇਕਰ ਪੁਲਸ ਨੂੰ ਇਤਲਾਹ ਦਿੱਤੀ ਤਾਂ ਤੈਨੂੰ ਜਾਨੋਂ ਮਾਰ ਦੇਵਾਂਗੇ। ਇਹ ਦੋਵੇਂ ਗਰੁੱਪ ਲੋਕਲ ਲੋਕਾਂ ਨੂੰ ਡਰਾ ਧਮਕਾ ਕੇ ਉਗਰਾਹੀ ਕਰਦੇ ਸਨ ਅਤੇ ਰਸਤੇ 'ਚ ਜਾਂਦੇ ਲੋਕਾਂ ਨੂੰ ਘੇਰ ਕੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਦੇ ਸੀ। ਹੁਣ ਇਕੱਠੇ ਲੁੱਟ ਦੀ ਯੋਜਨਾ ਬਣਾ ਰਹੇ ਸਨ। ਤੇਜਿੰਦਰ ਸਿੰਘ ਉਰਫ ਗੁੱਲੂ ਗਰੁੱਪ ਦੇ ਵਿਅਕਤੀਆਂ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਮੁਕੱਦਮੇ ਦਰਜ ਹਨ।