ਹੁਣ ਲੁਧਿਆਣਾ ''ਚ ਗਊ ਹੱਤਿਆ, ਪੁਲਸ ਚੌਂਕੀ ਤੋਂ ਥੋੜ੍ਹੀ ਦੂਰ ਮਿਲੇ 2 ਗਾਵਾਂ ਦੇ ਵੱਢੇ ਹੋਏ ਸਿਰ

Thursday, Nov 25, 2021 - 09:48 AM (IST)

ਲੁਧਿਆਣਾ (ਰਾਜ) : ਮਲੇਰਕੋਟਲਾ 'ਚ ਗਊ ਮਾਤਾ ਦੇ ਵੱਢੇ ਹੋਏ ਸਿਰ ਮਿਲਣ ਤੋਂ 24 ਘੰਟਿਆਂ ਅੰਦਰ ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਵਿਚ ਇਕ ਖ਼ਾਲੀ ਪਲਾਟ ’ਚ ਕੂੜੇ ਦੇ ਢੇਰ 'ਚੋਂ 2 ਗਊਆਂ ਦੇ ਵੱਢੇ ਹੋਏ ਸਿਰ ਅਤੇ ਇਕ ਮ੍ਰਿਤਕ ਵੱਛਾ ਮਿਲਣ ਨਾਲ ਸਨਸਨੀ ਫੈਲ ਗਈ। ਜਿੱਥੇ ਗਊ ਮਾਤਾ ਦੇ ਸਿਰ ਅਤੇ ਮ੍ਰਿਤਕ ਵੱਛਾ ਮਿਲਿਆ ਹੈ, ਉਹ ਜਗ੍ਹਾ ਚੌਂਕੀ ਜੀਵਨ ਨਗਰ ਤੋਂ ਮਹਿਜ਼ ਚੰਦ ਕਦਮਾਂ ਦੀ ਦੂਰੀ ’ਤੇ ਸਥਿਤ ਹੈ। ਇਨ੍ਹਾਂ ਗਾਵਾਂ ’ਚੋਂ ਇਕ ਗੱਭਣ ਸੀ। ਪਤਾ ਲੱਗਣ ਤੋਂ ਬਾਅਦ ਜੁਆਇੰਟ ਸੀ. ਪੀ. (ਰੂਰਲ) ਰਵਚਰਨ ਸਿੰਘ ਬਰਾੜ, ਏ. ਡੀ. ਸੀ. ਪੀ. ਰੁਪਿੰਦਰ ਕੌਰ ਸਰਾਂ ਸਮੇਤ ਹੋਰ ਪੁਲਸ ਅਧਿਕਾਰੀ ਅਤੇ ਥਾਣਾ ਪੁਲਸ ਮੌਕੇ ’ਤੇ ਪੁੱਜ ਗਈ। ਹਿੰਦੂ ਜੱਥੇਬੰਦੀਆਂ ਨੂੰ ਇਸ ਘਿਨੌਣੇ ਕਾਰੇ ਦਾ ਪਤਾ ਲੱਗਣ ’ਤੇ ਸਾਰੀਆਂ ਮੌਕੇ ’ਤੇ ਇਕੱਠੀਆਂ ਹੋ ਗਈਆਂ, ਜਿਸ ਤੋਂ ਬਾਅਦ ਹਾਲਾਤ ਤਣਾਅਪੂਰਨ ਬਣ ਗਏ। ਹਿੰਦੂ ਜੱਥੇਬੰਦੀਆਂ ਵਿਚ ਕਾਫੀ ਰੋਸ ਸੀ।

ਇਹ ਵੀ ਪੜ੍ਹੋ : ਪਟਿਆਲਾ : CM ਚੰਨੀ ਦੇ ਪੁੱਜਣ ਤੋਂ ਪਹਿਲਾਂ ਪੁਲਸ ਨੇ ਲੱਖਾ ਸਿਧਾਣਾ ਨੂੰ ਲਿਆ ਹਿਰਾਸਤ 'ਚ

ਮਾਹੌਲ ਵਿਗੜਦਾ ਦੇਖ ਕਈ ਹੋਰ ਥਾਣਿਆਂ ਦੀ ਪੁਲਸ ਵੀ ਮੌਕੇ ’ਤੇ ਪੁੱਜ ਗਈ ਸੀ। ਹਿੰਦੂ ਜੱਥੇਬੰਦੀਆਂ ਨੇ ਰੋਸ ਜਤਾਉਂਦੇ ਹੋਏ ਚੰਡੀਗੜ੍ਹ ਰੋਡ ਸਥਿਤ ਵੀਰ ਪੈਲੇਸ ਚੌਂਕ ’ਤੇ ਧਰਨਾ ਲਗਾਉਣ ਦਾ ਯਤਨ ਕੀਤਾ ਪਰ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਸਮਝਾਇਆ ਕਿ ਉਨ੍ਹਾਂ ਨੂੰ ਕਾਰਵਾਈ ਦਾ ਮੌਕਾ ਦਿੱਤਾ ਜਾਵੇ, ਜਿਸ ਤੋਂ ਬਾਅਦ ਹਿੰਦੂ ਜੱਥੇਬੰਦੀਆਂ ਨੇ ਪੁਲਸ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਹੈ। ਜੇਕਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਈ ਤਾਂ ਉਹ ਭੁੱਖ-ਹੜਤਾਲ ਦੇ ਨਾਲ ਪ੍ਰਦਰਸ਼ਨ ਕਰਨਗੇ। ਹਾਲਾਂਕਿ ਇਸ ਕੇਸ ’ਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਗਊ ਰੱਖਿਆ ਦਲ ਦੇ ਮੁਕੇਸ਼ ਕੁਮਾਰ ਦੀ ਸ਼ਿਕਾਇਤ ’ਤੇ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਹਿੰਦੂ ਜੱਥੇਬੰਦੀਆਂ ਦੇ ਲੋਕਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਮਲੇਰਕੋਟਲਾ ਵਿਚ ਗਊ ਹੱਤਿਆ ਕੀਤੀ ਗਈ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਕੇਂਦਰ ਨੇ ਪੰਜਾਬ ਸਮੇਤ 13 ਸੂਬਿਆਂ ਨੂੰ ਕੋਵਿਡ ਜਾਂਚ ਵਧਾਉਣ ਦੇ ਦਿੱਤੇ ਨਿਰਦੇਸ਼

ਹੁਣ ਲੁਧਿਆਣਾ ਵਿਚ ਅਜਿਹਾ ਕੇਸ ਸਾਹਮਣੇ ਆਉਣਾ, ਸਾਫ ਜ਼ਾਹਿਰ ਕਰਦਾ ਹੈ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਖ਼ਾਲੀ ਪਲਾਟ ’ਚ ਗਊ ਮਾਤਾ ਨੂੰ ਵੱਢ ਕੇ ਸੁੱਟਿਆ ਗਿਆ, ਉੱਥੋਂ ਪੁਲਸ ਚੌਂਕੀ ਕੁੱਝ ਹੀ ਦੂਰੀ ’ਤੇ ਹੈ, ਜਦੋਂ ਕਿ ਪੁਲਸ ਨੂੰ ਇਸ ਦਾ ਪਤਾ ਤੱਕ ਨਹੀਂ ਲੱਗਾ ਕਿ ਕੌਣ ਵਿਅਕਤੀ ਗਊ ਹੱਤਿਆ ਤੋਂ ਬਾਅਦ ਗਊਵੰਸ਼ ਉੱਥੇ ਸੁੱਟ ਕੇ ਚਲਾ ਗਿਆ ਹੈ। ਇਸ ਦੌਰਾਨ ਸ਼ਿਵਸੈਨਾ ਪੰਜਾਬ ਦੇ ਰਾਜੀਵ ਟੰਡਨ, ਗੋਰਾ ਥਾਪਰ, ਗਊ ਰੱਖਿਆ ਦਲ ਦੇ ਹਰੀਸ਼ ਕੁਮਾਰ, ਸ਼ਿਵਸੈਨਾ ਹਿੰਦੁਸਤਾਨ ਦੇ ਕ੍ਰਿਸ਼ਨ ਸ਼ਰਮਾ, ਦਵਿੰਦਰ ਭਗੀਰੀਆਂ ਅਤੇ ਸੰਜੀਵ ਦੇਵ ਦਾ ਕਹਿਣਾ ਹੈ ਕਿ ਹਿੰਦੂ ਧਰਮ ’ਚ ਗਊ ਮਾਤਾ ਪੂਜਣਯੋਗ ਹੈ। ਉਨ੍ਹਾਂ ਦਾ ਮਾਤਾ ਵਾਂਗ ਸਤਿਕਾਰ ਕੀਤਾ ਜਾਂਦਾ ਹੈ ਪਰ ਕੁੱਝ ਸ਼ਰਾਰਤੀ ਲੋਕ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਤੇ ਦੰਗੇ ਫੈਲਾਉਣ ਲਈ ਅਜਿਹੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਪਿੰਡ ਢਡਿਆਲਾ 'ਚ ਰਾਤ ਵੇਲੇ ਛੱਪੜ 'ਚ ਡਿਗੀ ਕਾਰ, ਇਕ ਨੌਜਵਾਨ ਲਾਪਤਾ

ਉਨ੍ਹਾਂ ਸਾਰਿਆਂ ਦੀ ਮੰਗ ਹੈ ਕਿ ਅਜਿਹੇ ਮੁਲਜ਼ਮਾਂ ਨੂੰ ਜਲਦ ਫੜ੍ਹ ਕੇ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਜੇ. ਸੀ. ਪੀ. ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਗਾਂ ਦਾ ਸਰੀਰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਲਦ ਹੀ ਮੁਲਜ਼ਮਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਬਾਰੇ ਜੁਆਇੰਟ ਸੀ. ਪੀ. (ਰੂਰਲ) ਲੁਧਿਆਣਾ ਰਵਚਰਨ ਸਿੰਘ ਬਰਾੜ ਨੇ ਕਿਹਾ ਕਿ ਅਣਪਛਾਤੇ ਮੁਲਜ਼ਮਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਆਸ-ਪਾਸ ਦੇ ਇਲਾਕੇ ਦੇ ਸੀ. ਸੀ. ਟੀ. ਵੀ. ਚੈੱਕ ਕਰ ਰਹੀ ਹੈ ਤਾਂ ਕਿ ਕੋਈ ਸੁਰਾਗ ਹੱਥ ਲੱਗ ਸਕੇ। ਹਾਲ ਦੀ ਘੜੀ ਜਾਂਚ ਕੀਤੀ ਜਾ ਰਹੀ ਹੈ, ਜਲਦ ਮੁਲਜ਼ਮਾਂ ਨੂੰ ਫੜ੍ਹਨ ਦਾ ਯਤਨ ਕੀਤਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News