ਲੁਧਿਆਣਾ ਦੇ DC ਵੱਲੋਂ ਸਿਹਤ ਮਹਿਕਮੇ ਨੂੰ 1 ਅਪ੍ਰੈਲ ਤੋਂ ''ਕੋਵਿਡ ਵੈਕਸੀਨੇਸ਼ਨ'' ਕੈਂਪ ਲਾਉਣ ਦੇ ਨਿਰਦੇਸ਼
Tuesday, Mar 30, 2021 - 04:25 PM (IST)
ਲੁਧਿਆਣਾ (ਹਿਤੇਸ਼) : ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਿਹਤ ਮਹਿਕਮੇ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਗਿਆ ਕਿ ਆਉਣ ਵਾਲੀ 1 ਅਪ੍ਰੈਲ ਤੋਂ 200 ਟੀਕਾਕਰਣ ਕੈਂਪ ਲਗਾਏ ਜਾਣ। ਡਿਪਟੀ ਕਮਿਸ਼ਨਰ ਨੇ ਸ. ਓਂਕਾਰ ਸਿੰਘ ਪਾਹਵਾ ਵੱਲੋਂ ਏਵਨ ਸਾਈਕਲ ਵਿਖੇ ਲਾਏ ਗਏ ਟੀਕਾਕਰਨ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕ, ਸਹਿ-ਰੋਗ ਹੋਣ ਤੋਂ ਬਿਨਾਂ, ਕੋਵਿਡ-19 ਟੀਕਾਕਰਣ ਲਈ ਯੋਗ ਹੋਣਗੇ।
ਉਨ੍ਹਾ ਦੱਸਿਆ ਕਿ ਮੌਜੂਦਾ ਸਮੇਂ ਸਿਰਫ 60 ਸਾਲ ਤੋਂ ਉਪਰ ਦੇ ਨਾਗਰਿਕ ਅਤੇ ਸਹਿ-ਰੋਗਾਂ ਵਾਲੇ 45 ਸਾਲ ਤੋਂ ਵੱਧ ਦੇ ਨਾਗਰਿਕਾਂ ਤੋਂ ਇਲਾਵਾ ਸਿਹਤ ਅਤੇ ਫਰੰਟਲਾਈਨ ਮੁਲਾਜ਼ਮ ਹੀ ਵੈਕਸੀਨੇਸ਼ਨ ਦੇ ਯੋਗ ਹਨ। ਉਨ੍ਹਾਂ ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕਿਰਨ ਗਿੱਲ ਨੂੰ ਉਦਯੋਗਿਕ ਇਕਾਈਆਂ ਵਿੱਚ ਨਿੱਜੀ ਹਸਪਤਾਲਾਂ, ਆਈ. ਐਮ. ਏ. ਅਤੇ ਹੋਰ ਸਿਹਤ ਅਧਿਕਾਰੀਆਂ ਨਾਲ ਰਾਬਤਾ ਕਰਨ ਲਈ ਕਿਹਾ ਤਾਂ ਜੋ ਕੋਵਿਡ ਕੈਂਪ ਲਈ ਲੋੜੀਂਦੀਆਂ ਰਸਮਾਂ ਅਤੇ ਟੀਕਾਕਰਨ ਦੀ ਸਿਖਲਾਈ ਵੀ ਦਿੱਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਸਾਰੇ ਭਾਗੀਦਾਰਾਂ ਨਾਲ ਵਿਸਤ੍ਰਿਤ ਯੋਜਨਾਬੰਦੀ ਰਾਹੀਂ 200 ਕੈਂਪਾਂ ਦੀ ਪੂਰੀ ਸਮਾਂ-ਸੂਚੀ ਭੇਜੀ ਜਾਵੇ ਤਾਂ ਜੋ ਇਨ੍ਹਾਂ ਕੈਂਪਾਂ ਰਾਹੀਂ ਵੱਧ ਤੋਂ ਵੱਧ ਯੋਗ ਵਿਅਕਤੀਆਂ ਦੀ ਜਲਦ ਵੈਕਸੀਨੇਸ਼ਨ ਕੀਤੀ ਜਾ ਸਕੇ।