ਕੋਵਿਡ-19 ਜਾਂਚ ਸੰਬੰਧੀ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਵਲੋਂ ਵੈਟਨਰੀ ਯੂਨੀਵਰਸਿਟੀ ਨੂੰ ਮਿਲੀ ਪ੍ਰਵਾਨਗੀ
Monday, Aug 03, 2020 - 10:13 PM (IST)
ਲੁਧਿਆਣਾ,(ਸਲੂਜਾ): ਕੋਵਿਡ-19 ਮਹਾਂਮਾਰੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਪੰਜਾਬ ਸਰਕਾਰ ਹਰੇਕ ਸੰਭਵ ਕੋਸ਼ਿਸ਼ਾਂ ਕਰ ਰਹੀ ਹੈ। ਇਸੇ ਸੰਦਰਭ ਵਿਚ ਸਰਕਾਰ ਵੱਲੋਂ ਕੋਰੋਨਾ ਦੀ ਜਾਂਚ ਲਈ ਚਾਰ ਨਵੀਆਂ ਪ੍ਰਯੋਗਸ਼ਾਲਾਵਾਂ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ, ਜਿਨ੍ਹਾਂ 'ਚੋਂ ਇਕ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਵਿਖੇ ਸਥਾਪਿਤ ਹੋ ਰਹੀ ਹੈ।
ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਅਤੇ ਇਸ ਪ੍ਰਯੋਗਸ਼ਾਲਾ ਦੇ ਮੁੱਖ ਅਧਿਕਾਰੀ ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਚਾਰ ਪ੍ਰਯੋਗਸ਼ਾਲਾਵਾਂ ਵਿਚੋਂ ਵੈਟਨਰੀ ਯੂਨੀਵਰਸਿਟੀ ਵਾਲੀ ਪ੍ਰਯੋਗਸ਼ਾਲਾ ਨੂੰ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਨੇ ਸਭ ਤੋਂ ਪਹਿਲਾਂ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਕੋਲ ਇਹ ਜਾਂਚ ਟੈਸਟ ਕਰਨ ਦੀ ਬਹੁਤ ਉਮਦਾ ਮੁਹਾਰਤ ਹੈ, ਜਿਸ ਨਾਲ ਉਹ ਪਹਿਲਾਂ ਵੀ ਯੂਨੀਵਰਸਿਟੀ ਵਿਖੇ ਨਿਰੀਖਣ ਕਰਦੇ ਹਨ। ਇਨ੍ਹਾਂ ਸਾਇੰਸਦਾਨਾਂ ਵਿਚੋਂ ਹੀ 10 ਵਿਗਿਆਨੀ ਗੌਰਮਿੰਟ ਮੈਡੀਕਲ ਕਾਲਜ, ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਕੋਰੋਨਾ ਜਾਂਚ ਸੰਬੰਧੀ ਸਥਾਪਿਤ ਹੋਈਆਂ ਪ੍ਰਯੋਗਸ਼ਾਲਾਵਾਂ ਵਿਚ ਆਪਣੀ ਸੇਵਾ ਦੇ ਕੇ ਆਏ ਹਨ।
ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਇੰਦਰਜੀਤ ਸਿੰਘ ਨੇ ਪ੍ਰਯੋਗਸ਼ਾਲਾ ਸ਼ੁਰੂ ਹੋਣ ਤੋਂ ਪਹਿਲਾਂ ਇਕ ਦੌਰਾ ਕੀਤਾ, ਜਿਸ ਵਿਚ ਕਿ ਉਨ੍ਹਾਂ ਨੇ ਪ੍ਰਯੋਗਸ਼ਾਲਾ ਦੇ ਸਾਰੇ ਕਾਰਜਾਂ ਦੀ ਸਮੀਖਿਆ ਕੀਤੀ। ਉਪ-ਕੁਲਪਤੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵੈਟਨਰੀ ਡਾਕਟਰ 'ਇਕ ਵਿਸ਼ਵ, ਇਕ ਸਿਹਤ' ਦੇ ਖੇਤਰ ਵਿਚ ਮਨੁੱਖੀ ਭਾਈਚਾਰੇ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਸਰਕਾਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਯੋਗਤਾਵਾਂ ਨੂੰ ਪਛਾਣਦਿਆਂ ਹੋਇਆਂ ਇਥੇ ਕੋਵਿਡ ਜਾਂਚ ਪ੍ਰਯੋਗਸ਼ਾਲਾ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਇਸ ਗੱਲ ਦਾ ਭਰੋਸਾ ਵੀ ਦਿੱਤਾ ਕਿ ਵਰਤਮਾਨ ਚੁਣੌਤੀ ਦਾ ਸਾਹਮਣਾ ਕਰਨ ਲਈ ਉਹ ਅਤੇ ਯੂਨੀਵਰਸਿਟੀ ਦੇ ਵਿਗਿਆਨੀ ਪੂਰੇ ਸਿਰੜ ਨਾਲ ਯਤਨਸ਼ੀਲ ਰਹਿਣਗੇ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਉਪ-ਕੁਲਪਤੀ, ਡਾ. ਰਾਜ ਬਹਾਦਰ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਨਾਲ ਲੋੜੀਂਦੇ ਸੰਦ ਅਤੇ ਸਮਾਨ ਤੇ ਸਹਾਇਕ ਸਟਾਫ਼ ਉਪਲਬੱਧ ਹੋਇਆ ਹੈ। ਉਨ੍ਹਾਂ ਪ੍ਰਯੋਗਸ਼ਾਲਾ ਵਿਚ ਕੰਮ ਕਰਨ ਲਈ ਚੁਣੇ ਗਏ ਵਿਗਿਆਨੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੂਰੇ ਯਤਨ ਅਤੇ ਤਨਦੇਹੀ ਨਾਲ ਕੰਮ ਕਰਨ ਤਾਂ ਜੋ ਅਸੀਂ ਸਮਾਜ ਦੀ ਸੁਰੱਖਿਆ ਵਿਚ ਆਪਣਾ ਪੂਰਾ ਯੋਗਦਾਨ ਪਾ ਸਕੀਏ। ਨਿਰਦੇਸ਼ਕ ਖੋਜ, ਡਾ. ਗਿੱਲ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਬਾਬਾ ਫਰੀਦ ਯੂਨੀਵਰਸਿਟੀ ਤੋਂ ਲੋੜੀਂਦੀਆਂ ਟੈਸਟ ਕਿੱਟਾਂ ਆਉਣ ਦੇ ਨਾਲ ਹੀ ਉਹ ਨਮੂਨਿਆਂ ਦੀ ਜਾਂਚ ਦਾ ਕੰਮ ਆਰੰਭ ਕਰ ਦੇਣਗੇ। ਸ਼ੁਰੂ ਵਿਚ 20 ਵਿਗਿਆਨੀਆਂ ਅਤੇ ਪ੍ਰਯੋਗਸ਼ਾਲਾ, ਸਟਾਫ਼ ਦੀ ਸਹਾਇਤਾ ਨਾਲ ਦੋ ਸ਼ਿਫ਼ਟਾਂ ਵਿਚ ਕੰਮ ਕੀਤਾ ਜਾਵੇਗਾ ਅਤੇ ਮੁੱਢਲੇ ਦੌਰ ਵਿਚ 100 ਤੋਂ 250 ਨਮੂਨੇ ਪ੍ਰਤੀ ਦਿਨ ਜਾਂਚੇ ਜਾਣਗੇ। ਪ੍ਰਯੋਗਸ਼ਾਲਾ ਨੂੰ ਉਨੱਤਸ਼ੀਲ ਕਰਕੇ ਇਹ ਨਮੂਨੇ ਬਾਅਦ ਵਿਚ 1000 ਪ੍ਰਤੀ ਦਿਨ ਦੀ ਦਰ 'ਤੇ ਆ ਜਾਣਗੇ।