ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਵਿਡ-19 ਸਬੰਧੀ ਸਥਿਤੀ 'ਚ ਸੁਧਾਰ : ਅਪਨੀਤ ਰਿਆਤ
Friday, Jan 08, 2021 - 01:45 AM (IST)
ਹੁਸ਼ਿਆਰਪੁਰ,(ਘੁੰਮਣ)- ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਸਬੰਧੀ ਜ਼ਿਲ੍ਹੇ ਦੀ ਸਥਿਤੀ ਵਿਚ ਕਾਫੀ ਸੁਧਾਰ ਹੈ, ਜਿਸ ਦੇ ਚਲਦੇ ਪਾਜ਼ੇਟਿਵ ਮਰੀਜ਼ਾਂ ਦੀ ਸੰਖਿਆ ਵਿਚ ਕਾਫੀ ਕਮੀ ਆ ਰਹੀ ਹੈ। ਉਹ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਪੇਜ ’ਤੇ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ-19, ਏਵੀਅਨ ਇਨਫਲੂਏਂਜਾ ਐੱਚ 5 ਐੱਨ 1 (ਬਰਡ ਫਲੂ) ਸਬੰਧੀ ਜ਼ਿਲੇ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਕੋਵਿਡ-19 ਸਬੰਧੀ ਫਿਲਹਾਲ ਜ਼ਿਲ੍ਹੇ ਵਿਚ ਚਾਰ ਹਾਟ ਸਪਾਟ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਬਰਡ ਫਲੂ ਸਬੰਧੀ ਹੁਣ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੇ ਹੁਕਮਾਂ ’ਤੇ ਨਾਈਟ ਕਰਫਿਊ ਹਟਾ ਦਿੱਤਾ ਗਿਆ ਹੈ ਜਦਕਿ ਸਮਾਜਿਕ ਸਮਾਗਮਾਂ ਦੌਰਾਨ ਨਿਰਧਾਰਿਤ ਸੰਖਿਆ ਵਿਚ ਹੀ ਇਕੱਠ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਵਿਚ ਇੰਡੋਰ 200 ਅਤੇ ਆਊਟਡੋਰ 500 ਲੋਕਾਂ ਦੇ ਇਕੱਤਰ ਹੋਣ ਦੀ ਆਗਿਆ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਵੈਕਸੀਨ ਨਹੀਂ ਆ ਜਾਂਦੀ ਜਾਂ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਇਹ ਵੈਕਸੀਨ ਨਹੀਂ ਲੱਗ ਜਾਂਦੀ, ਉਦੋਂ ਤੱਕ ਲੋਕ ਕੋਵਿਡ-19 ਸਬੰਧੀ ਦੱਸੀਆਂ ਗਈਆਂ ਸਾਵਧਾਨੀਆਂ ਜਿਵੇਂ ਕਿ ਸਮਾਜਿਕ ਦੂਰੀ ਅਪਨਾਉਣਾ, ਮਾਸਕ ਪਾਉਣਾ ਜਾਂ ਸਮੇਂ-ਸਮੇਂ ’ਤੇ ਹੱਥ ਧੋਣ ਵਰਗੀਆਂ ਹਦਾਇਤਾਂ ਦੀ ਪਾਲਣਾ ਕਰਨ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਵੀ ਇਸ ਸਬੰਧੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਜੇਕਰ ਕਿਸੇ ਨੂੰ ਖਾਂਸੀ, ਸਾਹ ਲੈਣ ਵਿਚ ਮੁਸ਼ਕਿਲ ਜਾਂ ਬੁਖਾਰ ਦੇ ਲੱਛਣ ਹਨ ਤਾਂ ਉਹ ਸਰਕਾਰੀ ਹਸਪਤਾਲ ਵਿਚ ਇਸ ਸਬੰਧੀ ਟੈਸਟ ਕਰਵਾ ਸਕਦੇ ਹਨ ਕਿਉਂਕਿ ਸਰਕਾਰੀ ਹਸਪਤਾਲ ਵਿਚ ਇਸ ਦੀ ਦਵਾਈ ਅਤੇ ਇਲਾਜ ਮੌਜੂਦ ਹੈ। ਉਨ੍ਹਾਂ ਲੋਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੋ ਲੋਕ ਆਂਡੇ ਜਾਂ ਚਿਕਨ ਖਾਂਦੇ ਹਨ, ਉਹ ਇਸ ਨੂੰ ਪੂਰੀ ਤਰ੍ਹਾਂ ਪਕਾਅ ਕੇ ਹੀ ਇਸ ਦਾ ਸੇਵਨ ਕਰਨ ਕਿਉਂਕਿ ਜਦ ਇਸ ਨੂੰ ਚੰਗੀ ਤਰ੍ਹਾਂ ਕੁੱਕ ਕੀਤਾ ਜਾਂਦਾ ਹੈ ਤਾਂ ਇਸ ਵਿਚ ਵਾਇਰਸ ਖਤਮ ਹੋ ਜਾਂਦਾ ਹੈ।