ਕੋਵਿਡ-19 : ਫਗਵਾੜਾ ''ਚ ਵੱਡੇ ਸਰਕਾਰੀ ਅਧਿਕਾਰੀਆਂ ਸਮੇਤ ਰਾਜ ਨੇਤਾ ਵੀ ਨਹੀਂ ਕਰ ਰਹੇ ਨਿਯਮਾਂ ਦਾ ਪਾਲਣ
Monday, Mar 01, 2021 - 07:42 PM (IST)
ਫਗਵਾੜਾ,(ਜਲੋਟਾ)– ਫਗਵਾੜਾ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਆਮ ਜਨਤਾ ਜਿੱਥੇ ਪੂਰੀ ਤਰ੍ਹਾਂ ਫੇਸ ਮਾਸਕ ਪਾਉਣ ਨੂੰ ਲਾਪ੍ਰਵਾਹੀ ਵਰਤ ਰਹੀ ਹੈ ਉੱਥੇ ਸਮੇਂ ਦੀ ਇੱਕ ਹਕੀਕਤ ਇਹ ਵੀ ਹੈ ਕਿ ਇੱਥੇ ਦੇ ਵੱਡੇ ਸਰਕਾਰੀ ਅਧਿਕਾਰੀਆਂ ਸਣੇ ਵੀ.ਵੀ.ਆਈ.ਪੀ. ਰਾਜਨੇਤਾ ਵੀ ਮੂੰਹ 'ਤੇ ਮਾਸਕ ਪਾਉਣਾ ਜ਼ਰੂਰੀ ਨਹੀਂ ਸਮਝ ਰਹੇ ਹਨ। ਜਦਕਿ ਇਨ੍ਹਾਂ ਸਾਰਿਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ 'ਚ ਮਿਸਾਲ ਪੇਸ਼ ਕਰ ਸਭ ਤੋਂ ਪਹਿਲਾਂ ਖੁਦ ਫੇਸ ਮਾਸਕ ਪਹਿਣ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਨ ਸੰਦੇਸ਼ ਦੇਣ। ਦੁੱਖ ਦੀ ਗੱਲ ਇਹ ਹੈ ਕਿ ਖ਼ੁਦ ਨੂੰ ਵੀ.ਵੀ.ਆਈ.ਪੀ. ਕਤਾਰ 'ਚ ਸਮਝਣ ਵਾਲੇ ਇਹ ਰਾਜਨੇਤਾ ਅਤੇ ਸਰਕਾਰੀ ਅਧਿਕਾਰੀ ਕਿਸੇ ਵੀ ਪੱਧਰ 'ਤੇ ਚਾਹੇ ਉਹ ਜਨਤਕ ਥਾਵਾਂ 'ਤੇ ਹੋ ਰਹੇ ਸਮਾਗਮ ਹੋਣ ਜਾਂ ਫਿਰ ਕੋਈ ਹੋਰ ਸਰਕਾਰੀ ਮੀਟਿੰਗ ਆਦਿ ਹੋਵੇ, ਉਹ ਉਥੇ ਨਾ ਤਾਂ ਖੁਦ ਮੂੰਹ 'ਤੇ ਫੇਸ ਮਾਸਕ ਪਾਉਂਦੇ ਹਨ ਅਤੇ ਨਾ ਹੀ ਇੰਜ ਕਰਨਾ ਜ਼ਰੂਰੀ ਸਮਝ ਰਿਹੇ ਹਨ। ਹੋਰ ਤਾਂ ਹੋਰ ਇਹ ਸਾਰੇ ਰਾਜਨੇਤਾ ਅਤੇ ਵੱਡੇ ਅਧਿਕਾਰੀ ਕਿਸੇ ਵੀ ਪੱਧਰ 'ਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਲਾਜ਼ਮੀ ਕੀਤੇ ਗਏ ਕੋਰੋਨਾ ਵਾਇਰਸ ਦੇ ਬਚਾਅ ਲਈ ਸਰਕਾਰੀ ਨਿਯਮਾਂ ਨੂੰ ਟਿੱਚ ਨਹੀਂ ਜਾਣਦੇ ਹਨ। ਇਨ੍ਹਾਂ ਵੱਲੋਂ ਜਿੱਥੇ ਮੂੰਹ 'ਤੇ ਫੇਸ ਮਾਸਕ ਨਹੀਂ ਪਾਉਣਾ ਇੱਕ ਫੈਸ਼ਨ ਬਣ ਚੁੱਕਿਆ ਹੈ ਉੱਥੇ ਹੀ ਇਨ੍ਹਾਂ ਵੱਲੋਂ ਕੋਰੋਨਾ ਵਾਇਰਸ ਦੇ ਬਚਾਅ ਲਈ ਜ਼ਰੂਰੀ ਮੰਨਿਆ ਜਾਂਦਾ ਸਮਾਜਿਕ ਦੂਰੀ ਦੇ ਨਿਯਮਾਂ ਦੀ ਵੀ ਕਿਸੇ ਵੀ ਤਰ੍ਹਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਕਰਵਾਈ ਜਾਂਦੀ ਹੈ।
ਹੈਰਾਨੀਜਨਕ ਪਹਿਲੂ ਇਹ ਹੈ ਕਿ ਇਨ੍ਹਾਂ ਸਭ ਹੋਣ ਦੇ ਬਾਵਜੂਦ ਵੀ ਇਨ੍ਹਾਂ ਦੇ ਖ਼ਿਲਾਫ਼ ਅੱਜ ਤਕ ਨਾ ਤਾਂ ਕੋਈ ਕਾਨੂੰਨੀ ਐਕਸ਼ਨ ਹੋਏ ਹਨ ਅਤੇ ਨਾ ਹੀ ਇੰਝ ਹੁੰਦਾ ਵਿਖਾਈ ਦੇ ਰਿਹਾ ਹੈ? ਅਤੇ ਨਾ ਹੀ ਇਨ੍ਹਾਂ ਨੂੰ ਇੰਝ ਕਰਨ ਤੋਂ ਕੋਈ ਰੋਕ ਪਾ ਰਿਹਾ ਹੈ? ਇਸ ਦੌਰਾਨ ਵੱਡਾ ਸਵਾਲ ਇਹ ਬਣ ਗਿਆ ਹੈ ਕਿ ਜਦ ਇਹ ਵੱਡੇ ਸਰਕਾਰੀ ਅਧਿਕਾਰੀ ਅਤੇ ਰਾਜਨੇਤਾ ਹੀ ਜਨਤਕ ਥਾਵਾਂ 'ਤੇ ਇਹ ਸਭ ਕਰਨਗੇ ਤਾਂ ਆਮ ਲੋਕ ਕਿਸ ਤਰ੍ਹਾਂ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਬਚਾਅ ਲਈ ਤੈਅ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨਗੇ। ਇਨ੍ਹਾਂ ਵੱਡੇ ਸਰਕਾਰੀ ਅਫ਼ਸਰਾਂ ਅਤੇ ਰਾਜਨੇਤਾਵਾਂ ਦੀ ਕਾਰਜਸ਼ੈਲੀ ਨੂੰ ਲੈ ਕੇ ਜਨਤਾ 'ਚ ਇਹ ਗੱਲ ਹੁਣ ਆਮ ਹੀ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਜਦ ਇਨ੍ਹਾਂ ਦੇ ਖ਼ਿਲਾਫ਼ ਅੱਜ ਤਕ ਕੋਰੋਨਾ ਵਾਇਰਸ ਦੇ ਨਿਯਮਾਂ ਨੂੰ ਤੋੜਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਕਾਨੂੰਨੀ ਐਕਸ਼ਨ ਨਹੀਂ ਹੋ ਰਿਹਾ ਫਿਰ ਸਰਕਾਰੀ ਅਮਲਾ ਕਿਸ ਮੂੰਹ ਨਾਲ ਆਮ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਬਚਾਅ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਨੂੰ ਲੈ ਕੇ ਸਖ਼ਤੀ ਕਰੇਗਾ।
ਦੱਸਣਯੋਗ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਾਰ- ਬਾਰ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਜਨਤਾ ਕੋਰੋਨਾ ਵਾਇਰਸ ਤੋਂ ਬਚਾ ਲਈ ਮੂੰਹ ਤੇ ਹਰ ਹਾਲਤ 'ਤੇ ਫੇਸ ਮਾਸਕ ਪਾਵੇ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰੇ। ਪਰ ਇੰਜ ਜਾਪਦਾ ਹੈ ਕਿ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਕਹੀਆਂ ਜਾ ਰਹੀਆਂ ਗੱਲਾਂ ਸਿਰਫ ਆਮ ਲੋਕਾ ਦੇ ਲਈ ਸੰਦੇਸ਼ ਹੀ ਬਣਕੇ ਰਹਿ ਗਈਆਂ ਹਨ ਕਿਉਂਕਿ ਦੋਵੇਂ ਹੀ ਸਰਕਾਰਾਂ ਦੇ ਆਪਣੇ ਵੱਡੇ ਰਾਜਨੇਤਾ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਕਿਸੇ ਵੀ ਪੱਧਰ 'ਤੇ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਇਹੋ ਕਾਰਨ ਹੈ ਕਿ ਫਗਵਾੜਾ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਚਲੇ ਜਾ ਰਹੇ ਹਨ ਅਤੇ ਹਾਲਾਤ ਦਿਨ-ਬ-ਦਿਨ ਭਿਆਨਕ ਰੂਪ ਅਖਤਿਆਰ ਕਰਦੇ ਜਾ ਰਹੇ ਹਨ।