ਕੋਵਿਡ-19 : ਹੁਸ਼ਿਆਰਪੁਰ ''ਚ 3 ਦੀ ਰਿਪੋਰਟ ਪਾਜ਼ੇਟਿਵ
Wednesday, Jul 01, 2020 - 12:37 AM (IST)
ਹੁਸ਼ਿਆਰਪੁਰ, (ਘੁੰਮਣ)- ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਵਿਜੈ ਨਗਰ ਵਿਚ ਅੱਜ ਦੂਜਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਇਹ ਪਹਿਲਾਂ ਪਾਜ਼ੇਟਿਵ ਐਲਾਨੇ ਜਾ ਚੁੱਕੇ ਮਰੀਜ਼ ਦਾ ਭਰਾ ਹੈ। ਇਸ ਤੋਂ ਇਲਾਵਾ ਸਿਹਤ ਕੇਂਦਰ ਪਾਲਦੀ ਦੇ ਅਨੁਸਾਰ ਇਕ ਪੁਲਸ ਮੁਲਾਜ਼ਮ ਅਤੇ ਟਾਂਡਾ ਖੇਤਰ ਦਾ ਇਕ ਹੋਰ ਵਿਅਕਤੀ ਵੀ ਅੱਜ ਪਾਜ਼ੇਟਿਵ ਆਇਆ। ਜਿਸ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਕੱੁਲ ਗਿਣਤੀ 182 ਤੱਕ ਪਹੁੰਚ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ 138 ਸੈਂਪਲਾਂ ਦੀ ਆਈ ਰਿਪੋਰਟ ਵਿਚ ਉਪਰੋਕਤ 3 ਪਾਜ਼ੇਟਿਵ ਮਰੀਜ਼ਾਂ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲੇ ’ਚ ਅੱਜ ਸ਼ੱਕੀ ਮਰੀਜ਼ਾਂ ਦੇ 375 ਨਵੇਂ ਸੈਂਪਲ ਲਏ ਗਏ ਹਨ।
ਸਿਵਲ ਸਰਜਨ ਅਨੁਸਾਰ ਜ਼ਿਲੇ ਵਿਚ ਹੁਣ ਤੱਕ ਲਏ ਗਏ 13,078 ਸੈਂਪਲਾਂ ਵਿਚੋਂ 12,097 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 783 ਸੈਂਪਲਾਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਜ਼ਿਲੇ ਵਿਚ ਹੁਣ ਤੱਕ 28 ਸੈਂਪਲ ਇਨਵੈਲਿਡ ਪਾਏ ਗਏ ਹਨ ਅਤੇ 6 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਵਿਚ ਹੁਣ 12 ਐਕਟਿਵ ਕੇਸ ਹਨ। ਉਨ੍ਹਾਂ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਘਰਾਂ ਤੋਂ ਨਿਕਲਦੇ ਸਮੇਂ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ ਅਤੇ ਸੈਨੀਟਾਈਜ਼ਰ ਦਾ ਵੀ ਨਿਯਮਤ ਤੌਰ ’ਤੇ ਇਸਤੇਮਾਲ ਕੀਤਾ ਜਾਵੇ। ਸਮਾਜਕ ਦੂਰੀ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਕੋਰੋਨਾ ਵਾਇਰਸ ਦੀ ਅੱਗੇ ਵਧਦੀ ਚੇਨ ਨੂੰ ਰੋਕਿਆ ਜਾ ਸਕੇ।