ਗਰਮੀ ਦੀਆਂ ਛੁੱਟੀਆਂ ਖਤਮ ਹੋਣ ਉਪਰੰਤ ਖੁੱਲ੍ਹੀਆਂ ਅਦਾਲਤਾਂ
Tuesday, Jul 02, 2019 - 01:33 PM (IST)

ਲੁਧਿਆਣਾ (ਮਹਿਰਾ) : ਪੰਜਾਬ ਦੀਆਂ ਸਮੂਹ ਜ਼ਿਲਾ ਅਦਾਲਤਾਂ 'ਚ ਚੱਲ ਰਹੀਆਂ ਗਰਮੀ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਇਕ ਜੁਲਾਈ ਨੂੰ ਅਦਾਲਤਾਂ ਖੁੱਲ੍ਹ ਗਈਆਂ। ਅਦਾਲਤਾਂ ਖੁੱਲ੍ਹਣ ਦੇ ਪਹਿਲੇ ਦਿਨ ਕੰਮ ਸ਼ੁਰੂ ਹੋ ਗਿਆ ਅਤੇ ਜੱਜਾਂ ਵਲੋਂ ਅਦਾਲਤਾਂ 'ਚ ਬਕਾਇਆ ਕੇਸਾਂ ਦੀ ਸੁਣਵਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਸਾਰੀਆਂ ਜ਼ਿਲਾ ਅਦਾਲਤਾਂ 'ਚ ਇਕ ਜੂਨ ਤੋਂ ਲੈ ਕੇ 30 ਜੂਨ ਤੱਕ ਛੁੱਟੀਆਂ ਹੋਣ ਕਾਰਨ ਅਦਾਲਤਾਂ 'ਚ ਦੀਵਾਨੀ ਕੇਸਾਂ ਦੀ ਸੁਣਵਾਈ ਪੂਰੀ ਤਰ੍ਹਾਂ ਬੰਦ ਸੀ, ਜਦੋਂ ਕਿ ਇਕ ਜੂਨ ਤੋਂ ਲੈ ਕੇ 15 ਜੂਨ ਤੱਕ ਫੌਜਦਾਰੀ ਕੇਸਾਂ ਦੀ ਸੁਣਵਾਈ ਜਾਰੀ ਸੀ ਪਰ 16 ਜੂਨ ਤੋਂ ਲੈ ਕੇ 30 ਜੂਨ ਤੱਕ ਫੌਜਦਾਰੀ ਮੁਕੱਦਮਿਆਂ ਦੀ ਸੁਣਵਾਈ ਵੀ ਬੰਦ ਹੋ ਜਾਣ ਕਾਰਨ ਅਦਾਲਤਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਸਨ, ਜਦੋਂ ਕਿ ਜ਼ਰੂਰੀ ਕੇਸਾਂ ਦੀ ਸੁਣਵਾਈ ਸਬੰਧੀ ਜ਼ਿਲਾ ਤੇ ਸੈਸ਼ਨ ਜੱਜ ਵਲੋਂ ਸੈਸ਼ਨ ਅਤੇ ਹੇਠਲੇ ਪੱਧਰ ਦੀਆਂ ਅਦਾਲਤਾਂ 'ਚ ਜੱਜਾਂ ਦੀ ਡਿਊਟੀ ਲਈ ਗਈ ਸੀ, ਜੋ ਛੁੱਟੀਆਂ ਦੌਰਾਨ ਆਉਣ ਵਾਲੀਆਂ ਜ਼ਮਾਨਤਾਂ ਤੇ ਹੋਰ ਜ਼ਰੂਰੀ ਕੇਸਾਂ ਦੀ ਸੁਣਵਾਈ ਕਰ ਰਹੇ ਸਨ।
ਅਦਾਲਤਾਂ ਦੀਆਂ ਛੁੱਟੀਆਂ ਖਤਮ ਹੋ ਜਾਣ 'ਤੇ ਪਹਿਲੇ ਦਿਨ ਅਦਾਲਤਾਂ 'ਚ ਹੋਰਨਾਂ ਦਿਨਾਂ ਦੀ ਬਜਾਏ ਬਹੁਤ ਘੱਟ ਰੌਣਕ ਸੀ ਅਤੇ ਘੱਟ ਲੋਕ ਹੀ ਆਪਣੇ ਕੇਸਾਂ ਦੀ ਸੁਣਵਾਈ ਸਬੰਧੀ ਅਦਾਲਤ 'ਚ ਪੁੱਜੇ ਹੋਏ ਸਨ। ਬਾਅਦ ਦੁਪਹਿਰ ਅਦਾਲਤਾਂ 'ਚ ਬਿਜਲੀ ਬੰਦ ਹੋ ਜਾਣ ਕਾਰਨ ਅਦਾਲਤੀ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ ਅਤੇ ਜੱਜਾਂ ਅਤੇ ਅਦਾਲਤੀ ਮੁਲਾਜ਼ਮਾਂ ਤੋਂ ਇਲਾਵਾ ਵਕੀਲਾਂ ਨੂੰ ਅਦਾਲਤੀ ਕੇਸਾਂ ਦੀ ਸੁਣਵਾਈ ਦੌਰਾਨ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।