''ਆਪ'' ਵਿਧਾਇਕ ਖ਼ਿਲਾਫ਼ ਅਦਾਲਤ ਦਾ ਸਖ਼ਤ ਐਕਸ਼ਨ, ਪ੍ਰਾਪਰਟੀ ਅਟੈਚ ਕਰਨ ਦੇ ਨਾਲ ਦਿੱਤੇ ਇਹ ਹੁਕਮ

Thursday, Nov 03, 2022 - 04:59 AM (IST)

''ਆਪ'' ਵਿਧਾਇਕ ਖ਼ਿਲਾਫ਼ ਅਦਾਲਤ ਦਾ ਸਖ਼ਤ ਐਕਸ਼ਨ, ਪ੍ਰਾਪਰਟੀ ਅਟੈਚ ਕਰਨ ਦੇ ਨਾਲ ਦਿੱਤੇ ਇਹ ਹੁਕਮ

ਤਰਨਤਾਰਨ (ਰਮਨ) : ਜ਼ਿਲ੍ਹੇ 'ਚ ਕਰੀਬ ਦੋ ਸਾਲ ਪਹਿਲਾਂ ਵਾਪਰੇ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਸਬੰਧ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਿਧਾਇਕਾਂ ਵੱਲੋਂ ਉਸ ਸਮੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਧਰਨਾ ਦਿੰਦੇ ਹੋਏ ਹਾਈਵੇ ਜਾਮ ਕੀਤਾ ਗਿਆ ਸੀ। ਇਸ ਸਬੰਧੀ ਪੁਲਸ ਵੱਲੋਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦੋ ਮਾਮਲੇ ਦਰਜ ਕੀਤੇ ਗਏ ਸਨ। ਮਾਣਯੋਗ ਅਦਾਲਤ ’ਚ ਚੱਲ ਰਹੇ ਕੇਸ ਦੌਰਾਨ ਗੈਰ-ਹਾਜ਼ਰ ਹੋਣ ਸਬੰਧੀ ਬੁੱਧਵਾਰ ਨੂੰ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਭਗੌੜਾ ਕਰਾਰ ਦਾ ਫ਼ੈਸਲਾ ਸੁਣਾਉਂਦੇ ਹੋਏ ਪੁਲਸ ਨੂੰ ਤੁਰੰਤ ਪਰਚਾ ਦਰਜ ਕਰਨ ਅਤੇ ਪ੍ਰਾਪਰਟੀ ਅਟੈਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ 'ਚ ਮਾਲ ਪਟਵਾਰੀ ਗ੍ਰਿਫ਼ਤਾਰ ਤੇ ਇਕ ASI ਖ਼ਿਲਾਫ਼ ਕੇਸ ਦਰਜ

ਜ਼ਿਕਰਯੋਗ ਹੈ ਕਿ  ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋਡੀ, ਲਾਲਜੀਤ ਸਿੰਘ ਭੁੱਲਰ, ਹਰਭਜਨ ਸਿੰਘ ਈ.ਟੀ.ਓ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਹੋਰ ਵਰਕਰਾਂ ਵੱਲੋਂ ਮਾਣਯੋਗ ਅਦਾਲਤ ਵਿਚ ਬੁੱਧਵਾਰ ਹਾਜ਼ਰੀ ਲਗਵਾਈ ਗਈ। ਜਾਣਕਾਰੀ ਅਨੁਸਾਰ ਮਾਣਯੋਗ ਅਦਾਲਤ ਵਿਚ ਚੱਲ ਰਹੇ ਕੇਸ ਦੀ ਸੁਣਵਾਈ ਦੋਰਾਨ ਬੀਤੀ 26 ਅਗਸਤ ਤੋਂ ਲਗਾਤਾਰ ਹਲਕਾ ਵਿਧਾਇਕ ਬਾਬਾ ਬਕਾਲਾ ਦਲਬੀਰ ਸਿੰਘ ਟੌਂਗ ਗੈਰਹਾਜ਼ਰ ਚੱਲ ਰਹੇ ਸਨ। ਇਸ ਦੌਰਾਨ ਬੁੱਧਵਾਰ ਮਾਨਯੋਗ ਬਗੀਚਾ ਸਿੰਘ ਦੀ ਅਦਾਲਤ ਵੱਲੋਂ ਵਿਧਾਇਕ ਦਲਬੀਰ ਸਿੰਘ ਟੌਗ ਨੂੰ ਜਿੱਥੇ ਭਗੌੜਾ ਕਰਾਰ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੂੰ ਤੁਰੰਤ ਧਾਰਾ 174-ਏ ਤਹਿਤ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਉਥੇ ਉਨ੍ਹਾਂ ਦੀ ਜਾਇਦਾਦ ਨੂੰ ਸੱਤ ਦਿਨਾਂ ਵਿਚ ਅਟੈਚ ਕਰਨ ਦੇ ਵੀ ਹੁਕਮ ਜਾਰੀ ਕਰ ਦਿੱਤੇ ਗਏ।

ਇਹ ਵੀ ਪੜ੍ਹੋ : ਸਿਹਤ ਮੰਤਰੀ ਜੌੜਾਮਾਜਰਾ ਨੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਦਿੱਤੇ ਇਹ ਜ਼ਰੂਰੀ ਦਿਸ਼ਾ-ਨਿਰਦੇਸ਼

ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਬੁੱਧਵਾਰ ਸੁਣਵਾਈ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬੀਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਵਰਕਰਾਂ ਵੱਲੋਂ ਮਾਣਯੋਗ ਅਦਾਲਤ ਵਿਚ ਹਾਜ਼ਰੀ ਲਗਾਈ ਗਈ ਜਦਕਿ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਅਦਾਲਤ ਨੂੰ ਗੈਰਹਾਜ਼ਰ ਰਹਿਣ ਸਬੰਧੀ ਅਰਜ਼ੀ ਦਿੱਤੀ ਗਈ ਸੀ। ਇਸ ਸਬੰਧੀ 'ਆਪ' ਵੱਲੋਂ ਅਦਾਲਤ ਵਿੱਚ ਪੇਸ਼ ਹੋਣ ਵਾਲੇ ਵਕੀਲ ਬੂਟਾ ਸਿੰਘ ਨੇ ਦੱਸਿਆ ਕਿ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਭਗੌੜਾ ਕਰਾਰ ਸਬੰਧੀ ਆਦੇਸ਼ ਦਿੰਦੇ ਹੋਏ ਕੇਸ ਦੀ ਅਗਲੀ ਸੁਣਵਾਈ ਲਈ ਮਿਤੀ 19 ਨਵੰਬਰ ਨਿਸ਼ਚਿਤ ਕੀਤੀ ਗਈ ਹੈ।


author

Mandeep Singh

Content Editor

Related News