ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਖ਼ਿਲਾਫ਼ ਅਦਾਲਤ ਵੱਲੋਂ ਕੇਸ ਦਰਜ ਕਰਨ ਦੇ ਹੁਕਮ, ਜਾਣੋ ਪੂਰਾ ਮਾਮਲਾ
Tuesday, May 16, 2023 - 05:38 AM (IST)
ਕੋਟਾ (ਭਾਸ਼ਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਵਿਵਾਦਿਤ ਭਾਸ਼ਣ ਨੂੰ ਲੈ ਕੇ ਰਾਜਸਥਾਨ ਕਾਂਗਰਸ ਕਮੇਟੀ ਦੇ ਇੰਚਾਰਜ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਸੋਮਵਾਰ ਨੂੰ ਕੋਟਾ ਦੀ ਇਕ ਅਦਾਲਤ ਨੇ ਪੁਲਸ ਨੂੰ ਰੰਧਾਵਾ ਦੇ ਖਿਲਾਫ਼ ਮੁਕੱਦਮਾ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਮਾਰਚ ਮਹੀਨੇ ’ਚ ਮਹਾਵੀਰ ਨਗਰ ਥਾਣੇ ’ਚ ਰੰਧਾਵਾ ਖਿਲਾਫ਼ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲਸ ਨੇ ਕੇਸ ਦਰਜ ਨਹੀਂ ਕੀਤਾ ਸੀ। ਫਿਰ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਲੜੀ 6 ’ਚ ਕਾਂਗਰਸ ਇੰਚਾਰਜ ਦੇ ਖਿਲਾਫ਼ ਮੁਕੱਦਮਾ ਪੇਸ਼ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਝੋਨੇ ਦੇ ਸੀਜ਼ਨ ਬਾਰੇ CM ਮਾਨ ਦਾ ਵੱਡਾ ਐਲਾਨ, ਪੰਜਾਬ ’ਚ ਮਹਿੰਗੀ ਹੋਈ ਬਿਜਲੀ, ਪੜ੍ਹੋ Top 10
ਕੋਰਟ ਨੇ ਸੁਣਵਾਈ ਕਰਦਿਆਂ ਸੋਮਵਾਰ ਨੂੰ ਮਹਾਵੀਰ ਨਗਰ ਥਾਣੇ ਦੀ ਪੁਲਸ ਨੂੰ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ। 13 ਮਾਰਚ ਨੂੰ ਸੁਖਜਿੰਦਰ ਰੰਧਾਵਾ ਨੇ ਰਾਜ ਭਵਨ ਘਿਰਾਓ ਤੋਂ ਬਾਅਦ ਵਿਵਾਦਿਤ ਭਾਸ਼ਣ ਦਿੱਤਾ। ਉਨ੍ਹਾਂ ਨੇ ਦੇਸ਼ ਨੂੰ ਬਚਾਉਣ ਲਈ ਮੋਦੀ ਨੂੰ ਖ਼ਤਮ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਸੀ, ‘‘ਆਪਣੀ ਲੜਾਈ ਖ਼ਤਮ ਕਰੋ, ਮੋਦੀ ਨੂੰ ਖ਼ਤਮ ਕਰਨ ਦੀ ਗੱਲ ਕਰੋ। ਜੇ ਮੋਦੀ ਖ਼ਤਮ ਹੋ ਗਿਆ ਤਾਂ ਹਿੰਦੁਸਤਾਨ ਬਚ ਜਾਵੇਗਾ। ਜੇਕਰ ਮੋਦੀ ਰਿਹਾ ਤਾਂ ਹਿੰਦੁਸਤਾਨ ਖ਼ਤਮ ਹੋ ਜਾਵੇਗਾ।’’
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਨਿਗਰਾਨ ਇੰਜੀਨੀਅਰ ਰਿਸ਼ਵਤ ਲੈਂਦਾ ਕੀਤਾ ਕਾਬੂ
ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਉਹ ਸਿਆਸੀ ਰੂਪ ’ਚ ਖ਼ਤਮ ਕਰਨ ਦੀ ਗੱਲ ਕਰ ਰਹੇ ਸਨ। ਰੰਧਾਵਾ ਦੇ ਭਾਸ਼ਣ ਤੋਂ ਬਾਅਦ ਵਿਧਾਇਕ ਮਦਨ ਦਿਲਾਵਰ ਵਰਕਰਾਂ ਅਤੇ ਭਾਜਪਾ ਨੇਤਾਵਾਂ ਨਾਲ ਮਹਾਵੀਰ ਨਗਰ ਥਾਣੇ ਪੁੱਜੇ ਤੇ ਸ਼ਿਕਾਇਤ ਦਿੱਤੀ ਸੀ। ਪੁਲਸ ਨੇ ਮੁਕੱਦਮਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਵਿਧਾਇਕ ਦਿਲਾਵਰ ਨੇ ਥਾਣਾ ਕੰਪਲੈਕਸ ’ਚ ਹੀ ਧਰਨਾ ਦਿੱਤਾ ਸੀ। ਉਥੇ ਹੀ ਮੁਕੱਦਮਾ ਪੇਸ਼ ਹੋਣ ਤੋਂ ਬਾਅਦ 10 ਮਈ ਨੂੰ ਅਦਾਲਤ ਨੇ ਐੱਸ. ਪੀ. ਸ਼ਰਦ ਚੌਧਰੀ ਤੋਂ ਰਿਪੋਰਟ ਮੰਗੀ ਸੀ।