Love Marriage ਕਰਵਾਉਣ ਵਾਲੇ ਜੋੜੇ ਨੇ ਮੰਗੀ ਸੁਰੱਖਿਆ, ਅਦਾਲਤ ਨੇ ਉਨ੍ਹਾਂ ''ਤੇ ਹੀ ਕਰ''ਤੀ ਕਾਰਵਾਈ
Sunday, Aug 25, 2024 - 05:17 AM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਆਪਣੀ ਸੁਰੱਖਿਆ ਦੀ ਮੰਗ ਕਰਨ ਵਾਲੇ ਅੰਤਰ-ਧਾਰਮਿਕ ਜੋੜੇ ਦਾ ਵਿਆਹ ਇਕ ਆਟੋ ਰਿਕਸ਼ਾ ਵਿਚ ਕਰਵਾਉਣ ਵਾਲੇ ਮੌਲਵੀ ਨੂੰ ਸੈਕਟਰ-11 ਥਾਣਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪੰਚਕੂਲਾ ਜ਼ਿਲ੍ਹੇ ਦੇ ਪਿੰਜੌਰ ਦੇ ਟਿੱਬੀ ਪਿੰਡ ’ਚ ਰਹਿਣ ਵਾਲੇ ਸ਼ਕੀਲ ਅਹਿਮਦ ਵਜੋਂ ਹੋਈ ਹੈ।
ਦੋਸ਼ਾਂ ਤਹਿਤ ਮੁਲਜ਼ਮ ਮੌਲਵੀ ਨੇ ਪੰਜਾਬ ਦੇ ਫਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ ਆਸਿਫ ਖਾਨ ਅਤੇ ਉੱਥੇ ਦੀ ਹੀ ਰਹਿਣ ਵਾਲੀ ਰੁਚੀ ਘੋਸ਼ ਦਾ ਵਿਆਹ ਕਰਵਾ ਸ਼ਿਕਾਇਤਕਰਤਾ ਦੇ ਜਾਅਲੀ ਦਸਤਖ਼ਤ ਕਰਵਾ ਕੇ ਮੈਰਿਜ ਸਰਟੀਫਿਕੇਟ ਤਿਆਰ ਕਰ ਦਿੱਤਾ। ਇਸ ਧੋਖਾਧੜੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਭੱਜ ਕੇ ਵਿਆਹ ਕਰਨ ਵਾਲੇ ਆਸਿਫ ਖਾਨ ਅਤੇ ਰੁਚੀ ਘੋਸ਼ ਪਰਿਵਾਰ ਤੋਂ ਆਪਣੀ ਜਾਨ ਨੂੰ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਸੁਰੱਖਿਆ ਮੰਗਣ ਲਈ ਪਹੁੰਚੇ ਸਨ।
ਸੁਣਵਾਈ ਦੌਰਾਨ ਜਸਟਿਸ ਸੰਦੀਪ ਮੌਦਗਿਲ ਨੇ ਪਾਇਆ ਕਿ ਪਟੀਸ਼ਨ ਦੇ ਨਾਲ ਜੋ ਨਿਕਾਹ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ, ਉਹ ਇੱਕ ਆਟੋ ਰਿਕਸ਼ਾ ਵਿਚ ਖਿੱਚੀਆਂ ਗਈਆਂ ਸਨ। ਨਿਕਾਹ ਦੇ ਸਰਟੀਫਿਕੇਟ ਵਿਚ ਮੌਲਵੀ ਪਿੰਜੌਰ ਦੇ ਇੱਕ ਪਿੰਡ ਦਾ ਸੀ, ਗਵਾਹ ਦੋ ਵੱਖ-ਵੱਖ ਸੂਬਿਆਂ ਦੇ ਸਨ ਅਤੇ ਨਿਕਾਹ ਨਯਾਗਾਂਵ ਵਿਚ ਹੋਇਆ ਦੱਸਿਆ ਗਿਆ ਸੀ। ਹਾਈਕੋਰਟ ਨੇ ਜੋੜੇ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਉਨ੍ਹਾਂ ਖਿਲਾਫ ਹੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਦੀ ਗੱਡੀ 'ਤੇ ਹੋਇਆ ਹਮਲਾ, ਤੋੜ'ਤਾ ਗੱਡੀ ਦਾ ਸ਼ੀਸ਼ਾ, ਰੋਂਦੀ-ਰੋਂਦੀ ਨੇ Live ਆ ਕੇ ਦੱਸੀ ਸਾਰੀ ਗੱਲ
ਵਿਆਹ ਦੀ ਆੜ ’ਚ ਅਦਾਲਤ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਗਈ
ਹਾਈਕੋਰਟ ਨੇ ਪੁਲਸ ਨੂੰ ਇਹ ਪਤਾ ਲਗਾਉਣ ਲਈ ਕਿਹਾ ਕਿ ਕਿਤੇ ਇਸ ਤਰ੍ਹਾਂ ਦੇ ‘ਫ਼ਰਜ਼ੀ ਵਿਆਹਾਂ’ ਦੀ ਆੜ ’ਚ ਕੋਈ ‘ਧਰਮ ਪਰਿਵਰਤਨ ਰੈਕੇਟ’ ਤਾਂ ਨਹੀਂ ਚੱਲ ਰਿਹਾ। ਅਦਾਲਤ ਨੇ ਇਹ ਵੀ ਕਿਹਾ ਕਿ ਇਹ ਨਾ ਸਿਰਫ਼ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ, ਸਗੋਂ ਅਦਾਲਤ ਦੇ ਸਾਹਮਣੇ ਝੂਠੀ ਗਵਾਹੀ ਦੇਣ ਦਾ ਗੰਭੀਰ ਅਪਰਾਧ ਹੈ। ਵਿਆਹ ਦੀ ਆੜ ਵਿਚ ਅਦਾਲਤ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਜਸਟਿਸ ਸੰਦੀਪ ਮੌਦਗਿਲ ਨੇ ਪੰਚਕੂਲਾ ਦੇ ਮਨਸਾਦੇਵੀ ’ਚ ਇੱਕ ਦੁਕਾਨ ਵਿਚ ਪੁਜਾਰੀਆਂ ਵੱਲੋਂ ਜੈਮਾਲਾ ਪਹਿਨਾ ਕੇ ਵਿਆਹ ਕਰਵਾਉਣ ਅਤੇ ਸਰਟੀਫਿਕੇਟ ਜਾਰੀ ਕਰਨ ਦਾ ਵੀ ਨੋਟਿਸ ਲਿਆ ਸੀ ਅਤੇ ਹਰਿਆਣਾ ਪੁਲਸ ਨੂੰ ਅਜਿਹੀਆਂ ਦੁਕਾਨਾਂ ਬੰਦ ਕਰਵਾਉਣ ਅਤੇ ਪੁਜਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ।
ਮਨਸਾਦੇਵੀ ’ਚ ਵਿਆਹ ਕਰਵਾਉਣ ਦੀਆਂ ਦੁਕਾਨਾਂ ਬਿਨਾਂ ਰੋਕ-ਟੋਕ ਦੇ ਚੱਲ ਰਹੀਆਂ
ਅਦਾਲਤ ਨੇ ਪਾਇਆ ਸੀ ਕਿ ਪੁਲਸ ਸੁਰੱਖਿਆ ਦੀ ਮੰਗ ਕਰਨ ਵਾਲੇ ਕਈ ਜੋੜਿਆਂ ਦਾ ਵਿਆਹ ਇੱਕੋ ਥਾਂ ’ਤੇ ਹੋਇਆ ਸੀ ਅਤੇ ਇੱਕ ਹੀ ਵਰਮਾਲਾ ਦੀ ਵਰਤੋਂ ਕੀਤੀ ਗਈ ਸੀ। ਪੁਲਸ ਨੂੰ ਹੁਕਮਾਂ ਦੇ ਬਾਵਜੂਦ ਮਨਸਾਦੇਵੀ ’ਚ ਵਿਆਹ ਕਰਵਾਉਣ ਦੀਆਂ ਅਜਿਹੀਆਂ ਦੁਕਾਨਾਂ ਬਿਨਾਂ ਕਿਸੇ ਰੋਕ-ਟੋਕ ਦੇ ਚੱਲ ਰਹੀਆਂ ਹਨ, ਜਿੱਥੇ ਬੋਰਡ ਵੀ ਟੰਗੇ ਹੋਏ ਹਨ, ਜਿਨ੍ਹਾਂ ’ਤੇ ਲਿਖਿਆ ਹੈ ਕਿ ਇੱਥੇ ਘਰੋਂ ਭੱਜੇ ਪ੍ਰੇਮੀ ਜੋੜਿਆਂ ਦਾ ਵਿਆਹ ਸਰਟੀਫਿਕੇਟ ਦੇ ਨਾਲ ਕਰਵਾਇਆ ਜਾਂਦਾ ਹੈ।
ਇਹ ਵੀ ਪੜ੍ਹੋ- ਔਰਤ ਨੇ ਐਂਬੂਲੈਂਸ ਡਰਾਈਵਰ ਨੂੰ ਸੱਦਿਆ ਘਰ, ਵਾਪਸ ਆ ਕੇ ਕਿਹਾ- 'ਮੈਂ ਜ਼ਹਿਰ ਪੀ ਕੇ ਆਇਆਂ, ਉਸ ਨੇ ਮੈਨੂੰ...'
ਇਹ ਹੈ ਮਾਮਲਾ
ਦਰਅਸਲ, ਇੱਕ ਪ੍ਰੇਮੀ ਜੋੜੇ ਨੇ ਘਰੋਂ ਭੱਜ ਕੇ ਵਿਆਹ ਕੀਤਾ ਹੈ। ਦੋਵਾਂ ਨੇ ਅਦਾਲਤ ਦੇ ਸਾਹਮਣੇ ਲੜਕੀ ਦੇ ਪਰਿਵਾਰ ਤੋਂ ਜਾਨ ਨੂੰ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਸੀ। ਪਟੀਸ਼ਨਕਰਤਾਵਾਂ ਦੇ ਵਕੀਲ ਦੀ ਤਰਫੋਂ ਦੱਸਿਆ ਗਿਆ ਕਿ ਦੋਵਾਂ ਦਾ ਵਿਆਹ ਜੁਲਾਈ ’ਚ ਨਯਾਗਾਂਵ ’ਚ ਮੁਸਲਿਮ ਰੀਤੀ-ਰਿਵਾਜਾਂ ਮੁਤਾਬਕ ਹੋਇਆ ਸੀ। ਇਹ ਵਿਆਹ ਲੜਕੀ ਦੇ ਪਰਿਵਾਰ ਵਾਲਿਆਂ ਦੀ ਮਰਜ਼ੀ ਦੇ ਖਿਲਾਫ ਹੋਇਆ ਸੀ, ਇਸ ਲਈ ਹੁਣ ਉਨ੍ਹਾਂ ਨੂੰ ਜਾਨ ਨੂੰ ਖਤਰਾ ਹੈ।
ਇਸ ਦੌਰਾਨ ਜੋੜੇ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿਚ ਵਿਆਹ ਦਾ ਸਰਟੀਫਿਕੇਟ ਅਤੇ ਫੋਟੋਆਂ ਵੀ ਪੇਸ਼ ਕੀਤੀਆਂ। ਅਦਾਲਤ ਨੇ ਕਾਜ਼ੀ ਵੱਲੋਂ ਜਾਰੀ ਮੈਰਿਜ ਸਰਟੀਫਿਕੇਟ ਅਤੇ ਫੋਟੋਆਂ ਨੂੰ ਵੀ ਧਿਆਨ ਨਾਲ ਦੇਖਿਆ। ਇਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਤਸਵੀਰਾਂ ਦੇਖਣ ਤੋਂ ਬਾਅਦ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਵਿਆਹ ਕਿਸੇ ਮਸਜਿਦ ’ਚ ਨਹੀਂ ਹੋਇਆ। ਨਾਲ ਹੀ, ਸਰਟੀਫਿਕੇਟ ਵਿਚ ਜ਼ਿਕਰ ਕੀਤੇ ਗਵਾਹਾਂ ਵਿਚੋਂ ਕੋਈ ਵੀ ਗਵਾਹ (ਵਕੀਲ, ਗਵਾਹ ਜਾਂ ਅਹਲੇ ਜਮਾਤ) ਮੌਜੂਦ ਨਹੀਂ ਸੀ, ਜਿਨ੍ਹਾਂ ਨੇ ਪੁਲਸ ਜਾਂਚ ਵਿਚ ਬਿਆਨ ਦਰਜ ਕਰਵਾਏ ਸਨ ਕਿ ਉਨ੍ਹਾਂ ਨੂੰ ਉਕਤ ਨਿਕਾਹ ਬਾਰੇ ਕੋਈ ਜਾਣਕਾਰੀ ਨਹੀਂ ਸੀ। ਆਖਰ ’ਚ ਪਟੀਸ਼ਨਕਰਤਾਵਾਂ ਨੇ ਵੀ ਮੰਨ ਲਿਆ ਕਿ ਵਿਆਹ ਦਾ ਪ੍ਰੋਗਰਾਮ ਇੱਕ ਆਟੋ-ਰਿਕਸ਼ਾ ਵਿਚ ਹੋਇਆ ਸੀ। ਇਸ ’ਤੇ ਅਦਾਲਤ ਨੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਸਨ।
ਇਹ ਵੀ ਪੜ੍ਹੋ- 2 ਮਿੰਟ ਦੀ ਕਾਹਲ਼ੀ ਬਣ ਗਈ ਮੌਤ ਦਾ ਕਾਰਨ, ਰੇਲਵੇ ਟਰੈਕ ਪਾਰ ਕਰਦੇ ਸਮੇਂ 2 ਨੌਜਵਾਨਾਂ ਦੀ ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e