ਅਗਵਾ ਕਰ ਕੇ ਕਤਲ ਕਰਨ ਦੇ ਦੋਸ਼ ’ਚ 4 ਨੂੰ ਉਮਰਕੈਦ ਤੇ 2 ਲੋਕਾਂ ਨੂੰ 3-3 ਸਾਲ ਦੀ ਸਜ਼ਾ

Monday, Jul 22, 2024 - 01:43 PM (IST)

ਅਗਵਾ ਕਰ ਕੇ ਕਤਲ ਕਰਨ ਦੇ ਦੋਸ਼ ’ਚ 4 ਨੂੰ ਉਮਰਕੈਦ ਤੇ 2 ਲੋਕਾਂ ਨੂੰ 3-3 ਸਾਲ ਦੀ ਸਜ਼ਾ

ਜਲਾਲਾਬਾਦ/ਫਾਜ਼ਿਲਕਾ (ਬਜਾਜ, ਟੀਨੂੰ, ਸੁਮਿਤ, ਜ. ਬ., ਨਾਗਪਾਲ, ਲੀਲਾਧਰ) : ਅਗਵਾ ਕਰ ਕੇ ਕਤਲ ਕਰਨ ਦੇ ਇਕ ਮਾਮਲੇ ’ਚ ਅਦਾਲਤ ਵਲੋਂ 4 ਮੁਲਜ਼ਮਾਂ ਨੂੰ ਉਮਰਕੈਦ ਅਤੇ 2 ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਹਰੇਕ ਮੁਲਜ਼ਮ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਾਲ 2019 ’ਚ ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਵਿਖੇ ਐੱਫ. ਆਈ. ਆਰ. ਦਰਜ ਹੋਈ ਸੀ।

ਇਸ ’ਚ ਸ਼ਿਕਾਇਤਕਰਤਾ ਅਭਿਨੰਦਨ ਮੁਟਨੇਜਾ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਸੁਮਨ ਕੁਮਾਰ ਜਲਾਲਾਬਾਦ ਵਿਖੇ ਕੀੜੇਮਾਰ ਜ਼ਹਿਰਾਂ ਦੀ ਦੁਕਾਨ ਕਰਦੇ ਸਨ। ਉਨ੍ਹਾਂ ਨੂੰ 18 ਅਪ੍ਰੈਲ 2019 ਨੂੰ ਕੁੱਝ ਅਣਪਛਾਤੇ ਲੋਕਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਅਤੇ ਫਿਰ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਸ ਵੱਲੋਂ ਜਾਂਚ ਕਰਦੇ ਹੋਏ ਮੁਲਜ਼ਮਾਂ ਨੂੰ ਫੜ੍ਹਿਆ ਗਿਆ ਸੀ। ਇਸ ਮਾਮਲੇ ’ਚ ਅਦਾਲਤ ਵੱਲੋਂ ਮੁਲਜ਼ਮ ਅਮਨਦੀਪ ਸਿੰਘ ਨੂੰ ਧਾਰਾ-302 ਅਤੇ ਧਾਰਾ-364 ਦੇ ਤਹਿਤ ਉਮਰਕੈਦ ਅਤੇ ਧਾਰਾ-201 ਤਹਿਤ ਤਿੰਨ ਸਾਲ ਦੀ ਸਖਤ ਸਜ਼ਾ ਦਿੱਤੀ ਗਈ ਹੈ।

ਤਿੰਨਾਂ ਧਾਰਾਵਾਂ ਤਹਿਤ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ ਅਤੇ ਜੁਰਮਾਨਾ ਨਾ ਅਦਾ ਕਰਨ ’ਤੇ ਧਾਰਾ 302 ਅਤੇ 364 ਲਈ 2-2 ਸਾਲ ਅਤੇ ਧਾਰਾ 201 ਤਹਿਤ ਦੋਸ਼ਾਂ ਲਈ ਤਿੰਨ ਮਹੀਨੇ ਵਾਧੂ ਸਜ਼ਾ ਭੁਗਤਣੀ ਪਵੇਗੀ। ਦਵਿੰਦਰ ਸਿੰਘ ਦੀਪੂ, ਪ੍ਰਗਟ ਸਿੰਘ ਪਿੰਕਾ ਅਤੇ ਸੁਖਪਾਲ ਸਿੰਘ ਪਾਲਾ ਨੂੰ ਵੀ ਉਕਤ ਅਮਨਦੀਪ ਸਿੰਘ ਦੇ ਬਰਾਬਰ ਹੀ ਧਾਰਾ 302 ਤਹਿਤ ਉਮਰ ਕੈਦ ਅਤੇ ਧਾਰਾ 201 ਤਹਿਤ 3 ਸਾਲ ਦੀ ਸਖਤ ਸਜ਼ਾ ਦਿੱਤੀ ਗਈ ਹੈ। ਇਨ੍ਹਾਂ ਨੂੰ ਵੀ ਤਿੰਨਾਂ ਧਰਾਵਾਂ ਤਹਿਤ 10-10 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ ਅਤੇ ਜੁਰਮਾਨਾ ਅਦਾ ਨਾ ਕਰਨ ’ਤੇ ਵਾਧੂ ਸਮਾਂ ਜੇਲ੍ਹ ’ਚ ਰਹਿਣਾ ਪਵੇਗਾ। ਇਸ ਤੋਂ ਬਿਨਾਂ ਗੰਗਾ ਸਿੰਘ ਅਤੇ ਸਤਨਾਮ ਸਿੰਘ ਨੂੰ ਧਾਰਾ 201 ਅਤੇ 212 ਤਹਿਤ 3-3 ਸਾਲ ਦੀ ਸਜ਼ਾ ਅਤੇ 10-10 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਮੁਲਜ਼ਮਾਂ ਨੂੰ 3-3 ਮਹੀਨੇ ਹੋਰ ਜੇਲ੍ਹ ’ਚ ਰਹਿਣਾ ਪਵੇਗਾ।
 


author

Babita

Content Editor

Related News