ਡੇਰਾ ਪ੍ਰੇਮੀ ਕਤਲ ਕਾਂਡ : ਫਰੀਦਕੋਟ ਪੁਲਸ ਨੂੰ ਮੁੜ ਮਿਲਿਆ ਸ਼ੂਟਰ ਰਾਜਨ ਹੁੱਡਾ ਦਾ 5 ਦਿਨਾ ਰਿਮਾਂਡ
Wednesday, Dec 07, 2022 - 06:11 PM (IST)
ਫਰੀਦਕੋਟ (ਜਗਤਾਰ) : ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਕਤਲ ਕਾਂਡ ਮਾਮਲੇ 'ਚ ਸ਼ਾਮਲ ਸ਼ੂਟਰ ਰਾਜਨ ਹੁੱਡਾ ਦਾ ਅੱਜ 5 ਦਿਨਾਂ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਫਰੀਦਕੋਟ ਅਦਾਲਤ 'ਚ ਪੇਸ਼ ਕੀਤਾ ਗਿਆ। ਪੁਲਸ ਦੀ ਅਰਜ਼ੀ 'ਤੇ ਸੁਣਵਾਈ ਕਰਦਿਆਂ ਮਾਣਯੋਗ ਅਦਾਲਤ ਨੇ ਉਸ ਦੇ ਰਿਮਾਂਡ 'ਚ 5 ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਸ਼ੂਟਰ ਰਮਜ਼ਾਨ ਖ਼ਾਨ ਉਰਫ ਰਾਜਨ ਹੁੱਡਾ ਜੋ ਫ਼ਰਾਰ ਚੱਲ ਰਿਹਾ ਸੀ , ਨੂੰ ਰਾਜਸਥਾਨ ਦੇ ਜੈਪੁਰ ਤੋਂ ਪੁਲਸ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮੁਕਾਬਲੇ ਦੌਰਾਨ ਰਾਜਨ ਦੇ ਲੱਤ 'ਚ ਗੋਲ਼ੀ ਲੱਗੀ ਸੀ, ਜਿਸਨੂੰ ਇਲਾਜ ਲਈ ਜੈਪੁਰ ਦੇ ਇੱਕ ਹਸਪਤਾਲ ਰੱਖਿਆ ਗਿਆ ਸੀ। ਕੁਝ ਦਿਨ ਪਹਿਲਾਂ ਡਾਕਟਰਾਂ ਵੱਲੋਂ ਉਸ ਨੂੰ ਠੀਕ ਕਰਾਰ ਦੇਣ ਤੋਂ ਬਾਅਦ ਫਰੀਦਕੋਟ ਪੁਲਸ ਵੱਲੋਂ ਉਸ ਨੂੰ ਪ੍ਰੋਡਕਸ਼ਨ ਵਰੰਟ ਤੇ ਲੈ ਕੇ ਫਰੀਦਕੋਟ ਲਿਆਂਦਾ ਗਿਆ ਸੀ , ਜਿਸ ਪੁਲਸ ਨੂੰ ਉਸ ਦਾ ਰਿਮਾਂਡ ਹਾਸਲ ਹੋਇਆ ਸੀ।
ਇਹ ਵੀ ਪੜ੍ਹੋ- ਚੜ੍ਹਦੀ ਸਵੇਰ ਮੁਕਤਸਰ 'ਚ ਵਾਪਰਿਆ ਦਰਦਨਾਕ ਹਾਦਸਾ, ਸਕੇ ਭੈਣ-ਭਰਾ ਦੀ ਮੌਤ
ਜ਼ਿਕਰਯੋਗ ਹੈ ਕਿ 6 ਸ਼ੂਟਰਾਂ ਵੱਲੋਂ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ ਸੀ , ਜਿਨ੍ਹਾਂ 'ਚੋਂ ਤਿੰਨ ਸ਼ੂਟਰ ਜਤਿੰਦਰ ਸਿੰਘ ਉਰਫ ਜੀਤੂ ਤੋਂ ਇਲਾਵਾ ਦੋ ਨਾਬਾਲਗ ਸ਼ੂਟਰਾਂ ਨੂੰ ਦਿੱਲੀ ਪੁਲਸ ਵੱਲੋਂ ਵਾਰਦਾਤ ਤੋਂ ਅਗਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਦੋ ਸ਼ੂਟਰ ਗੋਲਡੀ ਅਤੇ ਮਨੀ, ਜੋ ਫਰੀਦਕੋਟ ਨਾਲ ਸਬੰਧ ਰੱਖਦੇ ਸਨ ਨੂੰ ਪੰਜਾਬ ਪੁਲਸ ਵੱਲੋਂ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵੇਲੇ ਪੰਜ ਸ਼ੂਟਰ ਜਿਨ੍ਹਾਂ 'ਚ ਦੋ ਨਾਬਾਲਗ ਹਨ, ਨੂੰ ਫਰੀਦਕੋਟ ਪੁਲਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰ ਚੁੱਕੀ ਹੈ ਜਦਕਿ ਇੱਕ ਸ਼ੂਟਰ ਜਤਿੰਦਰ ਉਰਫ ਜੀਤੂ ਨੂੰ ਵੀ 9 ਦਿਸੰਬਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਦਿੱਲੀ ਤੋਂ ਫਰੀਦਕੋਟ ਲੈ ਕੇ ਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।