ਢਾਈ ਸਾਲਾ ਮਾਸੂਮ ਦਾ ਕਤਲ ਕਰ ਬਾਕਸ ਬੈੱਡ ''ਚ ਕਰ''ਤਾ ਸੀ ਬੰਦ, ਅਦਾਲਤ ਨੇ ਕਲਯੁਗੀ ਮਾਂ ਨੂੰ ਸੁਣਾਈ ਮਿਸਾਲੀ ਸਜ਼ਾ
Saturday, Jul 20, 2024 - 12:42 AM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਮਾਂ-ਪੁੱਤ ਦੇ ਸਭ ਤੋਂ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲੇ ਮਾਮਲੇ 'ਚ ਅਦਾਲਤ ਨੇ ਢਾਈ ਸਾਲ ਦੇ ਮਾਸੂਮ ਦਾ ਕਤਲ ਕਰ ਕੇ ਉਸ ਨੂੰ ਬਾਕਸ ਬੈੱਡ 'ਚ ਬੰਦ ਕਰ ਦੇਣ ਵਾਲੀ ਕਲਯੁਗੀ ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਉਸ ਨੂੰ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਸੁਣਾਇਆ ਹੈ। ਸੈਕਟਰ-34 ਥਾਣਾ ਪੁਲਸ ਨੇ ਕਰੀਬ ਚਾਰ ਸਾਲ ਪਹਿਲਾਂ ਪਿੰਡ ਬੁੜੈਲ, ਸੈਕਟਰ-45, ਚੰਡੀਗੜ੍ਹ ਦੀ ਰਹਿਣ ਵਾਲੀ ਰੂਪਾ ਵਰਮਾ ਨੂੰ ਢਾਈ ਸਾਲ ਦੇ ਮਾਸੂਮ ਬੱਚੇ ਦੇ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ।
ਉਸ ਨੇ ਆਪਣੇ ਮਾਸੂਮ ਪੁੱਤਰ ਦਾ ਗਲਾ ਘੁੱਟਿਆ ਤੇ ਫਿਰ ਬੈੱਡ ਬਾਕਸ ’ਚ ਬੰਦ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਦਾ ਪਤਾ ਕੰਮ ਤੋਂ ਪਰਤੇ ਪਿਤਾ ਨੂੰ ਉਦੋਂ ਲੱਗਿਆ ਜਦੋਂ ਉਹ ਬੱਚੇ ਦੇ ਗੁੰਮਸ਼ੁਦਾ ਹੋਣ ਦੀ ਡੀ.ਡੀ.ਆਰ. ਦਰਜ ਕਰਵਾਉਣ ਤੋਂ ਬਾਅਦ ਘਰ ਪਰਤਿਆ। ਪਤਨੀ ਨੇ ਫੋਨ ਕਰ ਕੇ ਬੱਚੇ ਦੇ ਬੈੱਡ ਬਾਕਸ ’ਚ ਬੰਦ ਹੋਣ ਦੀ ਸੂਚਨਾ ਦਿੱਤੀ। ਜਿਉਂ ਹੀ ਬੈੱਡ ਬਾਕਸ ਖੋਲ੍ਹਿਆ ਗਿਆ ਤਾਂ ਬੱਚਾ ਬੇਹੋਸ਼ ਪਿਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਦਮ ਘੁੱਟਣ ਕਾਰਨ ਉਸ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰ ਨੇ ਢਾਹਿਆ ਕਹਿਰ, ਟੱਕਰ ਮਾਰ ਕੇ ਢਹਿ-ਢੇਰੀ ਕਰ'ਤਾ 11 ਕੇ.ਵੀ. ਟ੍ਰਾਂਸਫਾਰਮਰ
ਸਰਕਾਰੀ ਵਕੀਲ ਜੇ.ਪੀ. ਸਿੰਘ ਨੇ ਆਪਣੀ ਦਲੀਲ ’ਚ ਕਿਹਾ ਕਿ ਇਕ ਮਾਂ ਨੇ ਆਪਣੇ ਉਸ ਬੱਚੇ ਨੂੰ ਇੰਨੀ ਦਰਦਨਾਕ ਮੌਤ ਦੇ ਦਿੱਤੀ, ਜੋ ਅਜੇ ਸਹੀ ਢੰਗ ਨਾਲ ਬੋਲ ਵੀ ਨਹੀਂ ਸੀ ਸਕਦਾ। ਅਜਿਹੀ ਹਰਕਤ ਲਈ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਉਸ ਨੇ ਮਾਂ ਤੇ ਪੁੱਤ ਦੇ ਰਿਸ਼ਤੇ ਨੂੰ ਦਾਗ਼ਦਾਰ ਕਰ ਦਿੱਤਾ ਹੈ। ਉਹ ਰਹਿਮ ਦੀ ਹੱਕਦਾਰ ਨਹੀਂ ਹੈ। ਇਸ ਲਈ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਸਮਾਜ ’ਚ ਅਜਿਹੇ ਅਪਰਾਧ ਕਦੇ ਨਾ ਵਾਪਰਨ।
ਸੈਕਟਰ-34 ਥਾਣੇ ਦੀ ਪੁਲਸ ਕੋਲ ਜਨਵਰੀ 2020 ’ਚ ਬੁੜੈਲ ਵਾਸੀ ਦਸ਼ਰਥ ਨੇ ਬੁੜੈਲ ਚੌਕੀ ’ਚ ਆਪਣੀ ਪਤਨੀ ਤੇ ਬੱਚੇ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਘਰ ਦਾ ਕੰਮ ਨਾ ਕਰਨ ਕਾਰਨ ਉਸ ਦਾ ਪਤਨੀ ਨਾਲ ਸ਼ੁਰੂ ਤੋਂ ਹੀ ਵਿਵਾਦ ਚੱਲ ਰਿਹਾ ਸੀ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਉਹ ਪੂਰੇ ਪਰਿਵਾਰ ਨੂੰ ਖ਼ਤਮ ਕਰਨਾ ਚਾਹੁੰਦੀ ਸੀ ਅਤੇ ਇਕ ਵਾਰ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਉਸੇ ਨੇ ਹੀ ਆਪਣੇ ਮਾਸੂਮ ਪੁੱਤਰ ਦਾ ਗਲ ਘੁੱਟਿਆ, ਫਿਰ ਉਸ ਨੂੰ ਬੈੱਡ ਬਾਕਸ ’ਚ ਬੰਦ ਕਰ ਕੇ ਮਾਰ ਦਿੱਤਾ।
ਇਹ ਵੀ ਪੜ੍ਹੋ- ਹੈਰਾਨੀਜਨਕ ਘਟਨਾ- ਘਰੋਂ ਬਿਊਟੀ ਪਾਰਲਰ ਲਈ ਗਈਆਂ ਸਹੇਲੀਆਂ ਸ਼ੱਕੀ ਹਾਲਾਤ 'ਚ ਹੋਈਆਂ ਲਾਪਤਾ
ਘਟਨਾ ਦਾ ਪਤਾ ਬੱਚੇ ਦੇ ਪਿਤਾ ਨੂੰ ਉਦੋਂ ਲੱਗਾ ਜਦੋਂ ਉਹ ਪਤਨੀ ਤੇ ਢਾਈ ਸਾਲ ਦੇ ਬੱਚੇ ਦਿਵਯਾਂਸ਼ੂ ਵਰਮਾ ਦੇ ਲਾਪਤਾ ਹੋਣ ਦੀ ਡੀ.ਡੀ.ਆਰ. ਦਰਜ ਕਰਵਾ ਕੇ ਘਰ ਪਰਤੇ। ਇਸ ਦੌਰਾਨ ਪਤੀ ਨੂੰ ਅਣਪਛਾਤੇ ਨੰਬਰ ਤੋਂ ਫੋਨ ਆਇਆ ਜੋ ਕਿ ਉਸ ਦੀ ਪਤਨੀ ਨੇ ਕੀਤਾ ਸੀ। ਉਸ ਨੇ ਦੱਸਿਆ ਕਿ ਦਿਵਯਾਂਸ਼ੂ ਬੈੱਡ ਬਾਕਸ ’ਚ ਬੰਦ ਹੈ। ਇਹ ਸੁਣ ਕੇ ਉਹ ਹੈਰਾਨ ਰਹਿ ਗਿਆ ਤੇ ਜਿਉਂ ਹੀ ਉਸ ਨੇ ਬਾਕਸ ਖੋਲ੍ਹਿਆ ਤਾਂ ਬੱਚਾ ਬੇਹੋਸ਼ ਪਿਆ ਸੀ। ਉਹ ਤੁਰੰਤ ਉਸ ਨੂੰ ਸੈਕਟਰ-32 ਹਸਪਤਾਲ ਲੈ ਗਏ, ਜਿੱਥੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੇ ਨਾਲ ਹੀ ਪੁਲਸ ਪੁੱਛਗਿੱਛ ਦੌਰਾਨ ਰੂਪਾ ਨੇ ਬੱਚੇ ਦੇ ਕਤਲ ਦੀ ਗੱਲ ਕਬੂਲ ਕਰ ਲਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e