ਜਬਰ-ਜ਼ਨਾਹ ਦੇ ਮਾਮਲਿਆਂ ਨਾਲ ਦਹਿਲਿਆ ਦੇਸ਼, ਹਰ 5 ਮਿੰਟ ''ਚ ਸਾਹਮਣੇ ਆਉਂਦੈ ਇਕ ਕੇਸ

Sunday, Dec 22, 2019 - 05:15 PM (IST)

ਜਬਰ-ਜ਼ਨਾਹ ਦੇ ਮਾਮਲਿਆਂ ਨਾਲ ਦਹਿਲਿਆ ਦੇਸ਼, ਹਰ 5 ਮਿੰਟ ''ਚ ਸਾਹਮਣੇ ਆਉਂਦੈ ਇਕ ਕੇਸ

ਸ਼ੇਰਪੁਰ (ਅਨੀਸ਼) : ਜਬਰ-ਜ਼ਨਾਹ ਵਰਗੇ ਘਿਨਾਉਣੇ ਅਪਰਾਧਾਂ ਖਿਲਾਫ ਦੇਸ਼ 'ਚ ਸਖਤ ਕਾਨੂੰਨ ਬਣਾਏ ਗਏ, ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਏ, ਅੰਦੋਲਨ ਚਲਾਏ ਗਏ ਪਰ ਜਬਰ-ਜ਼ਨਾਹ ਦੀਆਂ ਘਟਨਾਵਾਂ ਇਸ ਦੇ ਬਾਵਜੂਦ ਰੁਕ ਨਹੀਂ ਰਹੀਆਂ। ਤਾਜ਼ਾ ਅੰਕੜਿਆਂ ਅਨੁਸਾਰ ਸਿਰਫ 6 ਮਹੀਨਿਆਂ ਵਿਚ (1 ਜਨਵਰੀ 2019 ਤੋਂ 30 ਜੂਨ 2019) ਦੌਰਾਨ ਭਾਰਤ ਵਿਚ ਬੱਚੀਆਂ ਨਾਲ ਜਬਰ-ਜ਼ਨਾਹ ਦੇ 24,212 ਮਾਮਲੇ ਦਰਜ ਕੀਤੇ ਗਏ। ਇਸ ਹਿਸਾਬ ਨਾਲ 1 ਮਹੀਨੇ ਵਿਚ 4000, ਇਕ ਦਿਨ ਵਿਚ 130 ਅਤੇ ਹਰ 5 ਮਿੰਟ ਵਿਚ ਇਕ ਜਬਰ-ਜ਼ਨਾਹ ਦਾ ਮਾਮਲਾ ਦਰਜ ਹੋਇਆ ਹੈ, ਜੋ ਆਪਣੇ ਆਪ ਵਿਚ ਸਾਡੇ ਦੇਸ਼ ਦੇ ਮੱਥੇ 'ਤੇ ਇਕ ਵੱਡਾ ਕਲੰਕ ਹੈ। ਭਾਰਤ ਦੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਅਨੁਸਾਰ ਸਾਲ 2010 ਦੇ ਬਾਅਦ ਤੋਂ ਔਰਤਾਂ ਖ਼ਿਲਾਫ਼ ਗੁਨਾਹਾਂ ਵਿਚ ਕਮੀ ਆਉਣ ਦੀ ਜਗ੍ਹਾ 7.5 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਸਾਲ 2012 ਦੌਰਾਨ ਦੇਸ਼ ਵਿਚ 24,923 ਮਾਮਲੇ ਦਰਜ ਹੋਏ, ਜੋ 2013 'ਚ ਵੱਧ ਕੇ 33,707 ਹੋ ਗਏ। ਜਬਰ-ਜ਼ਨਾਹ ਪੀੜਤਾਂ 'ਚ ਜ਼ਿਆਦਾਤਰ ਦੀ ਉਮਰ 18 ਤੋਂ 30 ਸਾਲ ਵਿਚਾਲੇ ਦਰਜ ਕੀਤੀ ਗਈ। ਅੰਕੜਿਆਂ ਅਨੁਸਾਰ ਹਰ ਤੀਸਰੀ ਪੀੜਤ ਦੀ ਉਮਰ 18 ਸਾਲ ਤੋਂ ਦੱਸੀ ਗਈ, ਉਥੇ 10 ਵਿਚ ਇਕ ਪੀੜਤਾ ਦੀ ਉਮਰ 14 ਸਾਲ ਤੋਂ ਘੱਟ ਦਰਜ ਕੀਤੀ ਗਈ।

ਬੇਅਸਰ ਰਹੀ 'ਬੇਟੀ ਬਚਾਓ' ਮੁਹਿੰਮ
ਦੇਸ਼ 'ਚ ਜਬਰ-ਜ਼ਨਾਹ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਵੀ ਸ਼ੁਰੂ ਕੀਤੀ ਗਈ, ਪਰ ਜਿੰਨੇ ਜੋਸ਼ ਨਾਲ ਇਸ ਮੁਹਿੰਮ ਨੂੰ ਚਲਾਇਆ ਗਿਆ ਉਸ ਦੇ ਬਾਵਜੂਦ ਇਹ ਮੁਹਿੰਮ ਆਪਣੇ ਮਨਾਂ ਵਿਚ ਔਰਤਾਂ ਅਤੇ ਬੱਚੀਆਂ ਲਈ ਇਸ ਘਿਨਾਉਣੇ ਅਪਰਾਧ ਦੀ ਸੋਚ ਪਾਲੀ ਬੈਠੇ ਦਰਿੰਦਿਆਂ 'ਤੇ ਬੇਅਸਰ ਹੀ ਦਿਖਾਈ ਦਿੱਤੀ।

ਮਾਪਿਆਂ ਨੂੰ ਸੁਚੇਤ ਹੋਣ ਦੀ ਲੋੜ
ਇਸ ਸਬੰਧੀ ਮਹਿਲਾ ਐਡਵੋਕੇਟ ਸਿਮਰਨਜੀਤ ਕੌਰ ਗਿੱਲ, ਐਡਵੋਕੇਟ ਅਮਨਦੀਪ ਕੌਰ ਮਾਨ ਅਤੇ ਅਗਰਵਾਲ ਸਭਾ ਮਹਿਲਾ ਵਿੰਗ ਦੀ ਜ਼ਿਲਾ ਚੇਅਰਪਰਸਨ ਮੋਨਿਕਾ ਮਾਨਸੀ ਜਿੰਦਲ ਨੇ ਲਗਾਤਾਰ ਹੋ ਰਹੀਆਂ ਅਜਿਹੀਆਂ ਘਟਨਾਵਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਕੋਈ ਅਜਿਹੀ ਘਿਨਾਉਣੀ ਹਰਕਤ ਕਰਨ ਤੋਂ ਪਹਿਲਾਂ ਸੋਚੇ। ਉਨ੍ਹਾਂ ਕਿਹਾ ਕਿ ਬੱਚੀਆਂ ਨਾਲ ਲਗਾਤਾਰ ਹੋਣ ਵਾਲੀਆਂ ਅਜਿਹੀਆਂ ਵਾਰਦਾਤਾਂ ਤੋਂ ਇਨਸਾਫ ਦਿਵਾਉਣ ਲਈ ਜਾਂ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਸਿਰਫ ਕੈਂਡਲ ਮਾਰਚ ਜਾਂ ਧਰਨੇ ਹੀ ਹੱਲ ਨਹੀਂ ਬਲਕਿ ਇਹਨਾਂ ਖਿਲਾਫ ਮਾਪਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ।
 


author

Baljeet Kaur

Content Editor

Related News