ਦੇਸ਼ਾਂ-ਵਿਦੇਸ਼ਾਂ ਤੋਂ ਹਰੀਕੇ ਵੈਟਲੈਂਡ ਪੁੱਜਾ ਰੰਗ ਬਿਰੰਗੇ ਪੰਛੀਆਂ ਦਾ ਝੁੰਡ, ਕਰ ਰਿਹੈ ਅਠਖੇਲੀਆਂ
Saturday, Jan 01, 2022 - 12:03 PM (IST)
ਤਰਨਤਾਰਨ (ਰਮਨ) - ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਹਰੀਕੇ ਪੱਤਣ ਵਿਖੇ ਸਥਿਤ ਵੈਟਲੈਂਡ ਵਿਖੇ ਪੁੱਜ ਚੁੱਕੇ ਰੰਗ-ਬਿਰੰਗੇ ਸੁੰਦਰ ਵਿਦੇਸ਼ੀ ਪੰਛੀਆਂ ਦੀ ਗਿਣਤੀ ਵੱਧ ਕੇ ਕਰੀਬ 70 ਹਜ਼ਾਰ ਹੋ ਗਈ ਹੈ, ਜੋ ਆਉਣ ਵਾਲੇ ਦਿਨਾਂ ਵਿਚ ਵੱਧ ਕੇ ਕਰੀਬ 1 ਲੱਖ ਤੱਕ ਪੁੱਜ ਜਾਵੇਗੀ। ਰੰਗ-ਬਿਰੰਗੇ ਵੱਖ-ਵੱਖ ਪ੍ਰਜਾਤੀਆਂ ਦੇ ਮਨਮੋਹਕ ਪੰਛੀਆਂ ਤੋਂ ਇਲਾਵਾ ਇਸ ਸਾਲ ਕਾਫ਼ੀ ਸਾਲਾਂ ਬਾਅਦ ਵੂਲੀ ਨੈੱਕਡ ਸਟੋਰਕ ਨਾਮਕ ਪੰਛੀ ਨੂੰ ਵੇਖਿਆ ਗਿਆ ਹੈ। ਇਸ ਹਰੀਕੇ ਪੱਤਣ ਸਥਿਤ ਵੈਟਲੈਂਡ ਵਿਖੇ ਰੋਣਕਾਂ ਦਿਨ-ਬ-ਦਿਨ ਵੱਧ ਰਹੀਆਂ ਹਨ, ਜਿਸ ਤਹਿਤ ਵੱਧ ਰਹੀ ਠੰਡ ਦਾ ਆਨੰਦ ਪੰਛੀਆਂ ਵੱਲੋਂ ਮਾਣਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਦੀ ਦੌਰਾਨ 2 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਵਿਦੇਸ਼ੀ ਸੁੰਦਰ ਪੰਛੀ ਅੰਤਰਰਾਸ਼ਟਰੀ ਬਰਡ ਸੈਂਚੁਰੀ (ਵੈਟਲੈਂਡ) ਵਿਖੇ ਪੁੱਜ ਗਏ ਹਨ। ਇਨ੍ਹਾਂ ਦੀ ਮਹਿਮਾਨ ਨਿਵਾਜੀ ਕਰਨ ਅਤੇ ਸੁਰੱਖਿਆ ਲਈ ਜੰਗਲਾਤ ਵਿਭਾਗ ਅਤੇ ਵਰਲਡ ਵਾਈਲਡ ਲਾਈਫ ਫੰਡ ਦੀ ਟੀਮ ਵੱਲੋਂ ਦਿਨ ਰਾਤ ਆਉ ਭਗਤ ਕਰਦੇ ਹੋਏ ਰਾਖੀ ਕੀਤੀ ਜਾ ਰਹੀ ਹੈ। ਠੰਡ ਨਾਲ ਮੌਸਮ ਹੋਇਆ ਖੁਸ਼ਗਵਾਰ-ਹਰੀਕੇ ਪੱਤਣ ਵੈਟਲੈਂਡ ਵਿਖੇ ਵਿਦੇਸ਼ੀ ਪੰਛੀਆਂ ਦੀ ਵੱਖ-ਵੱਖ ਪ੍ਰਜਾਤੀਆਂ ਦੇ ਆਉਣ ਨਾਲ ਇਲਾਕੇ ਦਾ ਮਾਹੌਲ ਖੁਸ਼ਗਵਾਰ ਬਣ ਗਿਆ ਹੈ। ਇਨ੍ਹਾਂ ਪੰਛੀਆਂ ਦੀ ਚਹਿਚਹਾਹਟ ਨਾਲ ਵਾਤਾਵਰਣ ਮਨਮੋਹਕ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਲੋਕਾਂ ਦੀ ਆਮਦ ਵਿਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।
ਹਰੀਕੇ ਪੱਤਣ ਵੈਟਲੈਂਡ ਝੀਲ ਵਿਖੇ ਸ਼ਾਂਤਮਈ ਮਾਹੌਲ ਹੋਣ ਕਾਰਨ ਪੰਛੀ ਆਪਣੀ ਮੌਜ ਮਸਤੀ ਅਤੇ ਅਠਖੇਲੀਆਂ ਕਰਦੇ ਵੇਖੇ ਜਾ ਸਕਦੇ ਹਨ, ਜਿਨ੍ਹਾਂ ਦੀ ਦੇਖ ਭਾਲ ਲਈ ਵੱਖ-ਵੱਖ ਟੀਮਾਂ ਆਪਣੇ ਕੰਮਾਂ ਵਿਚ ਲੱਗੀਆਂ ਹੋਈਆਂ ਹਨ। ਵੂਲੀ ਨੈੱਕਡ ਸਟਰੋਕ ਨਾਮਕ ਪੰਛੀ ਨੇ ਵਧਾਈਆਂ ਰੌਣਕਾਂ- ਇਸ ਬਰਡ ਸੈਂਚੁਰੀ (ਵੈਟਲੈਂਡ) ਸਾਲ ਦੇ ਅਖੀਰ ’ਚ ਵੂਲੀ ਨੈੱਕਡ ਸਟਰੋਕ ਨਾਮਕ ਪੰਛੀ ਨੂੰ ਵੇਖਿਆ ਗਿਆ ਹੈ, ਜੋ ਕਾਫ਼ੀ ਸਾਲਾਂ ਬਾਅਦ ਹਰੀਕੇ ਪਤਣ ਵਿਖੇ ਵੇਖਿਆ ਗਿਆ ਹੈ।
ਇਸ ਤੋਂ ਇਲਾਵਾ ਪਹਿਲਾਂ ਹਰ ਸਾਲ ਰੂਡੀ ਸ਼ੈੱਲਡੱਕ, ਕੌਮਨ ਸ਼ੈੱਲਡੱਕ, ਸ਼ੌਵਲਰ, ਕੌਮਨ ਪੋਚਰਡ, ਰੈਡ ਕਰਿਸਟਡ ਪੋਚਰਡ, ਗ੍ਰੇ-ਲੈਗ-ਗੀਜ, ਪਿੰਨ ਟੇਲ, ਨੋਰਥਨ ਸ਼ੌਵਲਰ, ਗਾਡਵਾਲ, ਗਾਡਵਿੱਟ, ਰੱਫ, ਰੀਵ, ਗਾਡ ਵਿੱਟ, ਨਾਰਥਨ ਲੈਪਵਿੰਗ, ਫਿਰੋਜਨਸ ਪੋਚਰਡ, ਵੂਲੀ ਨੈਕੱਡ ਸਟਰੋਕ, ਸੈਂਡ ਪਾਈਪਰ, ਸਾਈਬੇਰੀਅਨ ਗਲਜ, ਸਪੁਨ ਬਿੱਲਜ, ਪੇਂਟਡ ਸਟੌਰਕ, ਕੌਮਨ ਟੌਚਰਡ ਆਦਿ ਤੋਂ ਇਲਾਵਾ ਕਰੀਬ 250 ਕਿਸਮ ਦੇ ਪੰਛੀ ਹਰ ਸਾਲ ਆ ਕੇ ਅਠਖੇਲੀਆਂ ਕਰਦੇ ਨਜ਼ਰ ਆਉਂਦੇ ਹਨ। ਇਸ ਸਾਲ ਇਨ੍ਹਾਂ ਤੋਂ ਇਲਾਵਾ ਪਾਈਡ ਅਤੇ ਐਵੋਸੈੱਟ ਨਾਮਕ ਪੰਛੀ ਵੀ ਖੂਬ ਰੌਣਕ ਵਧਾ ਰਹੇ ਹਨ। ਦੇਸ਼ਾਂ-ਵਿਦੇਸ਼ਾਂ ’ਚ ਇਨ੍ਹਾਂ ਪੰਛੀਆਂ ਦੀ ਕਰੀਬ 350 ਕਿਸਮਾਂ ਪਾਈਆਂ ਜਾਂਦੀਆਂ ਹਨ।
ਟੀਮਾਂ ਵੱਲੋਂ ਕੀਤੀ ਜਾਵੇਗੀ ਗਿਣਤੀ-ਹਰੀਕੇ ਵੈਟਲੈਂਡ ਵਿਖੇ ਤਾਇਨਾਤ ਜ਼ਿਲ੍ਹਾ ਜੰਗਲਾਤ ਅਫ਼ਸਰ ਨਲਿਨ ਯਾਦਵ ਅਤੇ ਵਰੱਲਡ ਵਾਈਲਡ ਲਾਈਫ ਫੰਡ ਦੇ ਪ੍ਰਾਜੈਕਟ ਅਫ਼ਸਰ ਮੈਡਮ ਗਿਤਾਂਜਲੀ ਨੇ ਦੱਸਿਆ ਕਿ ਜਨਵਰੀ ਦੇ ਅਖੀਰ ’ਚ ਪੰਛੀਆਂ ਦੀ ਗਿਣਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰੀਕੇ ਪੱਤਣ ਪੁੱਜਣ ਲਈ ਪੰਛੀ ਹਰੀਕੇ ਸੈਂਟਰਲ ਏਸ਼ੀਅਨ ਫਲਾਈਵੇ ਰਾਹੀ ਪੁੱਜਦੇ ਹਨ, ਜੋ ਮੰਗੋਲੀਆ, ਕ੍ਰਿਗੇਸਤਾਨ, ਯੁਰੋਪ, ਰਸ਼ੀਆ, ਸਾਈਬੇਰੀਆ ਤੋ ਇਲਾਵਾ ਲੇਹ ਲਦਾਖ ਅਤੇ ਜੰਮੂ ਕਸ਼ਮੀਰ ਤੋ ਵੀ ਆਉਂਦੇ ਹਨ।