ਕੌਂਸਲਰਾਂ ਦੀ ਘਟੀਆ ਕਾਰਗੁਜ਼ਾਰੀ ਬਣੀ ਵਿਧਾਇਕਾਂ ਦੀ ਹਾਰ ਦਾ ਕਾਰਨ, ਵਿਭਾਗਾਂ ਨੂੰ ਸਮਝਦੇ ਸਨ ਆਪਣੀ ‘ਜਾਗੀਰ’

Saturday, Mar 12, 2022 - 02:11 PM (IST)

ਕੌਂਸਲਰਾਂ ਦੀ ਘਟੀਆ ਕਾਰਗੁਜ਼ਾਰੀ ਬਣੀ ਵਿਧਾਇਕਾਂ ਦੀ ਹਾਰ ਦਾ ਕਾਰਨ, ਵਿਭਾਗਾਂ ਨੂੰ ਸਮਝਦੇ ਸਨ ਆਪਣੀ ‘ਜਾਗੀਰ’

ਅੰਮ੍ਰਿਤਸਰ (ਰਮਨ)- ਪੰਜਾਬ ਵਿਧਾਨ ਸਭਾ ਚੋਣਾਂ ’ਚ ਅੰਮ੍ਰਿਤਸਰ ਦੇ 5 ਦਿੱਗਜ਼ ਕਾਂਗਰਸੀਆਂ, ਜਿਨ੍ਹਾਂ ਵਿਚ ਇਕ ਉਪ ਮੁੱਖ ਮੰਤਰੀ, ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਟਾਰ ਪ੍ਰਚਾਰਕ, ਕੈਬਨਿਟ ਮੰਤਰੀ ਅਤੇ ਵਿਧਾਇਕ ਸ਼ਾਮਲ ਹਨ, ਜਿਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨੂੰ ਲੈ ਕੇ ਨਿਗਮ ਦੇ ਗਲਿਆਰੇ ਵਿਚ ਕਾਫ਼ੀ ਚਰਚਾ ਰਹੀ। ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕਿਹਾ ਕਿ ਕਈ ਕੌਸਲਰਾਂ ਦੀ ਘਟੀਆ ਕਾਰਗੁਜ਼ਾਰੀ ਵਿਧਾਇਕਾਂ ਨੂੰ ਲੈ ਬੈਠੀ ਹੈ, ਅੱਜ ਹਰ ਕੋਈ ਸੋਚ ਰਿਹਾ ਕਿ ਉਨ੍ਹਾਂ ਦੀ ਹਾਰ ਕਿਵੇਂ ਹੋਈ ਪਰ ਉਨ੍ਹਾਂ ਨੂੰ ਇਹ ਨਹੀਂ ਦਿਸ ਰਿਹਾ ਕਿ ਉਹ ਕਿੰਨ੍ਹਾਂ ਕਰ ਕੇ ਹਾਰੇ ਹਨ। ਇਨ੍ਹਾਂ ਵਿਚ ਕਈ ਆਗੂ ਅਜਿਹੇ ਹਨ, ਜੋ ਕਦੇ ਹਾਰੇ ਨਹੀਂ ਹਨ। ਜਦੋਂ ਉਨ੍ਹਾਂ ਨੇ ਚੋਣ ਲੜੀ ਅਤੇ ਫੀਲਡ ਵਿਚ ਗਏ ਤਾਂ ਸਾਰੀ ਹਕੀਕਤ ਅਤੇ ਕੌਂਸਲਰਾਂ ਦੀ ਕਾਰਜਪ੍ਰਣਾਲੀ ਸਾਹਮਣੇ ਆ ਗਈ, ਜਿਸ ਨਾਲ ਲੋਕਾਂ ਨੇ ਗੁੱਸਾ ਕੱਢਿਆ ਅਤੇ ਤੀਜਾ ਬਦਲ ਚੁਣਿਆ।

ਨਿਗਮ ਅਧਿਕਾਰੀ ਇਕ ਪਾਸੇ ਆਮ ਆਦਮੀ ਪਾਰਟੀ ਦੇ ਆਉਣ ’ਤੇ ਕਾਫ਼ੀ ਖੁਸ਼ ਹਨ। ਦੂਜੇ ਪਾਸੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਜੰਮ ਕੇ ਭੜਾਸ ਕੱਢਦੇ ਹੋਏ ਕਿਹਾ ਕਿ ਕਈ ਕੌਂਸਲਰ ਤਾਂ ਐੱਮ. ਟੀ. ਪੀ, ਸਿਵਲ, ਓ. ਐਂਡ. ਐੱਮ. ਅਤੇ ਅਸਟੇਟ ਵਿਭਾਗ ਨੂੰ ਆਪਣੀ ਜਾਗੀਰ ਸਮਝ ਕੇ ਬੈਠੇ ਸਨ। ਅਧਿਕਾਰੀਆਂ ਨੇ ਆਪਣੇ ਮੂੰਹੋਂ ਇਹ ਸਭ ਕੁਝ ਕਹਿ ਸਕੇ ਕਿ ਲੋਕਾਂ ਨੂੰ ਪਹਿਲਾਂ ਤੰਗ ਕਰਵਾਉਂਦੇ ਸਨ ਅਤੇ ਬਾਅਦ ਵਿਚ ਕਿਤੇ ਰੇਹੜੀ ਲਗਵਾਉਣ ਤਾਂ ਕਿਤੇ ਉਸਾਰੀ ਕਰਵਾਉਣ ਜਾਂ ਕਈ ਥਾਵਾਂ ’ਤੇ ਠੇਕੇਦਾਰਾਂ ਜਾਂ ਅਧਿਕਾਰੀਆਂ ਦੇ ਉਪਰ ਦਬਾਅ ਬਣਾ ਕੇ ਜੇਬਾਂ ਗਰਮ ਕਰਦੇ ਸਨ।

ਨਾਜਾਇਜ਼ ਉਸਾਰੀਆਂ ਦੀ ਪਹਿਲਾਂ ਸ਼ਿਕਾਇਤ, ਫਿਰ ਸਿਫਾਰਿਸ਼
ਸ਼ਹਿਰ ਵਿਚ ਕਈ ਅਜਿਹੇ ਕੌਂਸਲਰ ਹਨ, ਜੋ ਸਫੈਦਪੋਸ਼ ਹਨ, ਜਦੋਂ ਕੋਈ ਨਾਜਾਇਜ਼ ਉਸਾਰੀ ਹੁੰਦੀ ਸੀ ਤਾਂ ਪਹਿਲਾਂ ਉਨ੍ਹਾਂ ਦੀ ਸ਼ਿਕਾਇਤ ਕਮਿਸ਼ਨਰ ਨੂੰ ਕਰਦੇ ਸਨ। ਸਿੱਧੇ ਤੌਰ ’ਤੇ ਦੋਸ਼ ਏ. ਟੀ. ਪੀ. ਅਤੇ ਬਿਲਡਿੰਗ ਇੰਸਪੈਕਟਰ ’ਤੇ ਲਗਾਉਂਦੇ ਸਨ ਕਿ ਇਹ ਸਭ ਮਿਲੀਭੁਗਤ ਨਾਲ ਹੋ ਰਿਹਾ ਹੈ ਅਤੇ ਬਾਅਦ ਵਿਚ ਉਸੇ ਉਸਾਰੀ ਨੂੰ ਲੈ ਕੇ ਸੈਟਿੰਗ ਹੁੰਦੀ ਸੀ। ਫਿਰ ਉਸੇ ਉਸਾਰੀ ਦੀ ਸਿਫਾਰਿਸ਼ ਕੀਤੀ ਜਾਂਦੀ ਸੀ। ਕਈ ਵਾਰਡਾਂ ਵਿਚ ਤਾਂ ਇਹ ਹਾਲ ਸੀ ਕਿ ਜੇਕਰ ਘਰ ਦੀ ਛੱਤ ਜਾਂ ਕੋਈ ਛੋਟੀ ਜਿਹੀ ਦੁਕਾਨ ਬਣਦੀ ਸੀ ਤਾਂ ਉਸ ਨੂੰ ਵੀ ਨਹੀਂ ਛੱਡਿਆ ਜਾਂਦਾ ਸੀ। 

ਐੱਮ. ਟੀ. ਪੀ. ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੋ ਕੰਮ ਪਹਿਲਾਂ ਬੇਲਦਾਰ ਕਰਦੇ ਸਨ ਉਹ ਹੁਣ ਕੌਂਸਲਰ ਕਰ ਰਹੇ ਸਨ ਕਿ ਕਿੱਥੇ ਉਸਾਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਘਰ ਦੇ ਬਾਹਰ ਇੱਟ ਕੋਈ ਮੰਗਵਾਉਂਦਾ ਤਾਂ ਉਸੇ ਸਮੇਂ ਉਸ ਦੀ ਫੋਟੋ ਸਬੰਧਤ ਇਲਾਕੇ ਦੇ ਬਿਲਡਿੰਗ ਇੰਸਪੈਕਟਰ ਕੋਲ ਪਹੁੰਚ ਜਾਂਦੀ ਸੀ ਕਿ ਇਸ ਨੂੰ ਕਹੋ ਕਿ ਇਹ ਕੌਂਸਲਰ ਨੂੰ ਮਿਲੇ, ਉਥੇ ਹੀ ਕਈ ਕੌਂਸਲਰ ਮਾਲਾਮਾਲ ਹੋਏ ਹਨ। ਨਿਗਮ ਦੇ ਕੁਝ ਕੌਂਸਲਰਾਂ ਨੂੰ ਇਹ ਆਦਤ ਸੀ ਜਿਨ੍ਹਾਂ ਕੌਂਸਲਰਾਂ ਨੇ ਮਿਹਨਤ ਕਰਕੇ ਲੋਕਾਂ ਦੀ ਸੇਵਾ ਕੀਤੀ, ਉਨ੍ਹਾਂ ਦੀਆਂ ਵਾਰਡਾਂ ਜਿੱਤੀਆਂ ਹਨ ਪਰ ਜਿੰਨ੍ਹਾਂ ’ਤੇ ਲੋਕਾਂ ਨੂੰ ਗੁੱਸਾ ਸੀ ਉਨ੍ਹਾਂ ਦਾ ਬੁਰਾ ਹਾਲ ਹੈ।

ਹਾਰੇ ਹੋਏ ਵਿਧਾਇਕ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਪੁੱਛਣ ਹਾਰਨ ਦਾ ਕਾਰਨ
ਨਿਗਮ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੀਡੀਆ ਨੂੰ ਵੀ ਸਭ ਕੁਝ ਪਤਾ ਹੈ ਪਰ ਕੋਈ ਛਾਪਦਾ ਨਹੀਂ। ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕ ਹਾਰ ਗਏ ਹਨ, ਉਹ ਸਿਰਫ਼ ਉਨ੍ਹਾਂ ਤੋਂ ਪੁੱਛ ਰਹੇ ਹਨ ਕਿ ਕਿਸ ਤਰ੍ਹਾਂ ਹਾਰ ਗਏ। ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਲੋਕਾਂ ਨਾਲ ਜੁੜੇ ਹੋਏ ਵਿਭਾਗਾਂ ਨੂੰ ਪੁੱਛਣ ਭਾਵੇ ਉਹ ਨਗਰ ਨਿਗਮ ਹੋਵੇ, ਜਾਂ ਬਿਜਲੀ ਵਿਭਾਗ ਜਾਂ ਨਗਰ ਸੁਧਾਰ ਟਰੱਸਟ ਜਾਂ ਪਟਵਾਰ ਖਾਨਾ ਨਾਲ ਸਬੰਧਤ ਅਧਿਕਾਰੀਆਂ ਤੋਂ ਪੁੱਛਣ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਕੌਂਸਲਰਾਂ ਕਾਲੇ ਸੱਚ ਨਿਗਮ ਦਾ ਐੱਮ. ਟੀ. ਪੀ. ਵਿਭਾਗ ਸਿਵਲ, ਓ. ਐਂਡ. ਐੱਮ, ਅਸਟੇਟ ਵਿਭਾਗ ਦੇ ਅਧਿਕਾਰੀ ਹੀ ਦੱਸ ਦੇਣਗੇ ਕਿ ਕੌਂਸਲਰਾਂ ਦੀ ਕਾਰਜਪ੍ਰਣਾਲੀ ਕਿਵੇਂ ਦੀ ਸੀ ਕਈ ਅਜਿਹੇ ਕੌਂਸਲਰ ਹਨ, ਜੋ ਖੁਦ ਕੰਮ ਨਾਲ ਕੰਮ ਰੱਖਦੇ ਸਨ ਪਰ ਕੁਝ ਕੁ ਕੌਂਸਲਰ ਅਜਿਹੇ ਸਨ ਕਿ ਉਹ ਅਧਿਕਾਰੀਆਂ ਨੂੰ ਧਮਕਾਉਂਦੇ ਸਨ, ਜਿਸ ਨਾਲ ਅੱਜ ਸਾਰੇ ਖੁੱਲ੍ਹ ਕੇ ਬੋਲ ਰਹੇ ਹਨ। ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਜਾਵੇ ਹੁਣ ਸਾਰੇ ਦੱਸਣਗੇ ਕਿ ਕਿਵੇਂ ਉਹ ਹਾਰੇ ਹਨ।


author

rajwinder kaur

Content Editor

Related News