ਕੌਂਸਲਰ ਹਾਊਸ ਦੀ ਬੈਠਕ, 80 ਕੌਂਸਲਰ 6 ਘੰਟੇ ਕੂੜੇ ’ਤੇ ਹੀ ਕਰਦੇ ਰਹੇ ਚਰਚਾ

Tuesday, Jul 24, 2018 - 05:59 AM (IST)

ਕੌਂਸਲਰ ਹਾਊਸ ਦੀ ਬੈਠਕ, 80 ਕੌਂਸਲਰ 6 ਘੰਟੇ ਕੂੜੇ ’ਤੇ ਹੀ ਕਰਦੇ ਰਹੇ ਚਰਚਾ

ਜਲੰਧਰ, (ਖੁਰਾਣਾ)¸-  ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਬੈਠਕ ਅੱਜ ਮੇਅਰ ਜਗਦੀਸ਼  ਰਾਜ ਰਾਜਾ ਦੀ ਪ੍ਰਧਾਨਗੀ ਵਿਚ ਹੋਈ, ਜੋ ਪੂਰੇ 6 ਘੰਟੇ ਚੱਲੀ। ਇਸ ਦੌਰਾਨ ਜ਼ਿਆਦਾਤਰ  ਸਮਾਂ ਸ਼ਹਿਰ ਦੇ 80 ਕੌਂਸਲਰਾਂ ਨੇ ਆਪਣੇ-ਆਪਣੇ ਵਾਰਡ ਦੀਆਂ ਗਲੀਆਂ, ਨਾਲੀਆਂ ਤੇ ਕੂੜੇ ਦੀ  ਸਮੱਸਿਆ ’ਤੇ ਹੀ ਚਰਚਾ ਕੀਤੀ। ਹਾਊਸ ਦੀ ਬੈਠਕ ਵਿਚ ਮੁੱਖ ਰੂਪ ਨਾਲ ਪਾਰਕਾਂ ਬਾਰੇ  ਪਾਲਿਸੀ ਲਿਆਂਦੀ ਗਈ ਸੀ, ਜਿਸ ਨੂੰ ਪੈਂਡਿੰਗ ਰੱਖ ਲਿਆ ਗਿਅਾ। ਕੌਂਸਲਰਾਂ ਦੀ ਜਾਣਕਾਰੀ ਲਈ  ਬੈਠਕ ਵਿਚ ਆਈ ਪੰਜਾਬ ਸਰਕਾਰ ਦੀ ਨਵੀਂ ਇਸ਼ਤਿਹਾਰ ਪਾਲਿਸੀ ’ਤੇ ਵੀ ਕੋਈ ਚਰਚਾ ਨਹੀਂ ਹੋਈ  ਅਤੇ ਉਸ ਨੂੰ ਵੀ ਪੈਂਡਿੰਗ ਰੱਖ ਲਿਆ ਗਿਆ। ਬੈਠਕ ਦੌਰਾਨ ਨਗਰ ਨਿਗਮ ਦੇ ਨਵੇਂ ਕਮਿਸ਼ਨਰ  ਦੀਪਰਵ ਲਾਕੜਾ ਵੀ ਮੌਜੂਦ ਰਹੇ ਅਤੇ ਉਨ੍ਹਾਂ ਦੀ ਮੁਲਾਕਾਤ ਹਰ ਕੌਂਸਲਰ ਨਾਲ ਕਰਵਾਈ ਗਈ।  ਸਾਰੇ ਕੌਂਸਲਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਸਾਬਕਾ  ਕੌਂਸਲਰ ਜਸਵਿੰਦਰ ਸਿੰਘ ਬਿੱਲਾ ਦੇ ਦਿਹਾਂਤ ’ਤੇ ਸ਼ੋਕ ਪ੍ਰਗਟ ਕਰਨ ਲਈ 2 ਮਿੰਟ ਦਾ ਮੌਨ  ਧਾਰਨ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। 
ਕੌਂਸਲਰ ਹਾਊਸ ’ਚ ਫਿਰ ਲਹਿਰਾਈ ਗਈ ‘ਪੰਜਾਬ ਕੇਸਰੀ’
ਸਮਰਾਏ ਤੇ ਹੋਰਨਾਂ ਨੇ 17 ਕਰੋੜ ਲੈਪਸ ਹੋਣ ’ਤੇ ਜਤਾਈ ਚਿੰਤਾ
ਕੌਂਸਲਰ  ਹਾਊਸ ਦੀ ਪਿਛਲੀ ਬੈਠਕ ਦੌਰਾਨ ਸਦਨ ਵਿਚ ‘ਪੰਜਾਬ ਕੇਸਰੀ’ ਦੀਆਂ ਕਾਪੀਆਂ ਲਹਿਰਾ ਕੇ  ਮੁੱਦਾ ਉਛਾਲਿਆ ਗਿਆ ਸੀ ਅਤੇ ਅੱਜ ਫਿਰ ਕੌਂਸਲਰ ਜਗਦੀਸ਼ ਸਮਰਾਏ ਨੇ ਹਾਊਸ ਵਿਚ ‘ਪੰਜਾਬ  ਕੇਸਰੀ’ ਦੀ ਕਾਪੀ ਦਿਖਾਉਂਦੇ ਹੋਏ ਚਿੰਤਾ ਪ੍ਰਗਟ ਕੀਤੀ ਕਿ ਉਚਿਤ ਫੈਸਲਾ ਨਾ ਲਏ ਜਾਣ ਦੇ  ਕਾਰਨ ਸਵੱਛ ਭਾਰਤ ਮਿਸ਼ਨ ਦੇ ਤਹਿਤ ਪ੍ਰਾਪਤ ਹੋਣ ਵਾਲੀ 17 ਕਰੋੜ ਦੀ ਗ੍ਰਾਂਟ ਲੈਪਸ ਹੋ  ਸਕਦੀ ਹੈ। ਮੇਅਰ ਅਤੇ ਹੋਰ ਸਾਰੇ ਕੌਂਸਲਰਾਂ ਨੇ ਇਸ ’ਤੇ ਚਿੰਤਾ ਪ੍ਰਗਟ ਕੀਤੀ। ਮੇਅਰ  ਜਗਦੀਸ਼ ਰਾਜਾ ਨੇ ਡਾ. ਸ਼੍ਰੀ ਕ੍ਰਿਸ਼ਨ ਤੋਂ ਮਾਮਲੇ ਬਾਰੇ ਪੁੱਛਿਆ ਜਿਨ੍ਹਾਂ ਨੇ ਕਿਹਾ ਕਿ  ਚੰਡੀਗੜ੍ਹ ਵਿਚ ਕਈ ਪ੍ਰਸਤਾਵ ਪੈਂਡਿੰਗ ਪਏ ਹਨ ਜਿਨ੍ਹਾਂ ਬਾਰੇ ਜੇ ਸਮੇਂ ’ਤੇ ਫੈਸਲਾ ਨਾ  ਲਿਆ ਗਿਆ ਤਾਂ ਗ੍ਰਾਂਟ ਲੈਪਸ ਹੋ ਸਕਦੀ ਹੈ। ਮੇਅਰ ਨੇ ਇਸ ਮਾਮਲੇ ਵਿਚ ਜਲਦੀ ਕਾਰਵਾਈ ਕਰਨ  ਦੀ ਗੱਲ ਕਹੀ।
ਮਾਲੀਆਂ ਦੀ ਤਨਖਾਹ ਵਾਧੇ ਬਾਰੇ ਪੱਤਰ ਤਿੰਨ ਸਾਲ ਹਾਊਸ ਤੋਂ ਲੁਕਾਇਆ ਗਿਆ, ਸਦਨ ਨੇ ਦਿੱਤੀ ਵਾਰਨਿੰਗ
ਨਗਰ  ਨਿਗਮ ਦੀ ਅਫਸਰਸ਼ਾਹੀ ਦਾ ਹਾਲ ਇਹ ਹੈ ਕਿ ਪੰਜਾਬ ਸਰਕਾਰ ਨੇ 9 ਮਾਰਚ 2015 ਨੂੰ ਇਕ ਪੱਤਰ  ਜਾਰੀ ਕਰ ਕੇ ਕੱਚੇ ਮਾਲੀਆਂ ਦੀ ਤਨਖਾਹ ਇਕ ਹਜ਼ਾਰ ਤੋਂ ਵਧਾ ਕੇ ਦੋ ਹਜ਼ਾਰ ਕਰ ਦਿੱਤੀ ਸੀ  ਪਰ 3 ਸਾਲ ਤੋਂ ਜ਼ਿਆਦਾ ਸਮੇਂ ਤਕ ਕਿਸੇ ਨੂੰ ਇਸ ਪੱਤਰ ਦੀ ਭਿਣਕ ਤਕ ਨਹੀਂ ਲੱਗੀ ਅਤੇ ਇਸ  ਨੂੰ ਕੌਂਸਲਰ ਹਾਊਸ ਤੋਂ ਵੀ ਲੁਕਾਇਆ ਗਿਆ। ਹਾਊਸ ਵਿਚ ਜਦ ਪੱਤਰ ਪੜ੍ਹਿਆ ਗਿਆ ਤਾਂ ਸਾਰੇ  ਕੌਂਸਲਰਾਂ ਨੇ ਹੈਰਾਨੀ ਪ੍ਰਗਟ ਕੀਤੀ। ਮੇਅਰ ਨੇ ਜਦ ਇਸ ਮਾਮਲੇ ਵਿਚ ਅਧਿਕਾਰੀਆਂ ਦੀ  ਜ਼ਿੰਮੇਵਾਰੀ ਫਿਕਸ ਕਰਨ ਬਾਰੇ ਫੈਸਲਾ ਲੈਣ ਨੂੰ ਕਿਹਾ ਤਾਂ ਪੂਰੇ ਸਦਨ ਵਿਚ ਇਸ ਬਾਰੇ  ਅਧਿਕਾਰੀਆਂ ਨੂੰ ਵਾਰਨਿੰਗ ਦੇਣ ਦਾ ਫੈਸਲਾ ਲਿਆ।
ਨਿਗਮ ਅਫਸਰਾਂ ਨੇ ਕੌਂਸਲਰ ਹਾਊਸ ਨੂੰ ਦਿਖਾਇਆ ਠੇਂਗਾ
ਨਾ ਬਿਲਡਿੰਗ ਇੰਸਪੈਕਟਰ ਨੂੰ ਚਾਰਜਸ਼ੀਟ ਅਤੇ ਨਾ ਹੀ ਐੱਸ. ਡੀ. ਓ. ਨੂੰ ਨੋਟਿਸ ਜਾਰੀ ਕੀਤੇ
ਨਿਗਮ  ਦੇ ਅਧਿਕਾਰੀ ਕੌਂਸਲਰਾਂ ਤੇ ਕੌਂਸਲਰ ਹਾਊਸ ਨੂੰ ਕਿਵੇਂ ਠੇਂਗਾ ਦਿਖਾਉਂਦੇ ਹਨ ਇਸ ਦੀ  ਮਿਸਾਲ ਅੱਜ ਉਸ ਸਮੇਂ ਮਿਲੀ ਜਦ ਪਿਛਲੇ ਹਾਊਸ ਦੀ ਪ੍ਰੋਸੀਡਿੰਗ ਪੜ੍ਹਦੇ ਸਮੇਂ ਸਾਹਮਣੇ  ਆਇਆ ਕਿ ਹਾਊਸ ਵਲੋਂ ਲਏ ਗਏ ਫੈਸਲੇ ਦੇ ਅਨੁਸਾਰ ਨਾ ਬਿਲਡਿਗ ਇੰਸਪੈਕਟਰ ਨਿਰਮਲ ਜੀਤ ਵਰਮਾ  ਨੂੰ ਚਾਰਜਸ਼ੀਟ ਕੀਤਾ ਗਿਆ ਅਤੇ ਨਾ ਹੀ ਐੱਸ. ਡੀ. ਓ. ਸੌਰਭ ਤੇ ਸ਼ੁਭਮ ਨੂੰ ਕਾਰਨ ਦੱਸੋ  ਨੋਟਿਸ ਹੀ ਜਾਰੀ ਕੀਤੇ ਗਏ। ਮੇਅਰ ਜਗਦੀਸ਼ ਰਾਜਾ ਨੇ ਇਨ੍ਹਾਂ ਗੱਲਾਂ ਦਾ ਗੰਭੀਰ ਨੋਟਿਸ  ਲਿਆ ਅਤੇ ਕਿਹਾ ਕਿ ਹਾਊਸ ਨੂੰ ਗੁੰਮਰਾਹ ਕਰਨਾ ਪਾਪ ਦੇ ਸਾਮਾਨ ਹੈ।
27 ਸਾਲਾਂ ’ਚ ਪਹਿਲੀ ਵਾਰ ਹਾਊਸ ਦੀ ਪੋ੍ਰਸੀਡਿੰਗ ’ਤੇ ਹੋਈ ਖੁੱਲ੍ਹ ਕੇ ਚਰਚਾ
ਕੌਂਸਲਰ  ਹਾਊਸ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਜਦ ਪਿਛਲੀ ਬੈਠਕ ਦੀ ਕਾਰਵਾਈ ਦੀ ਪੁਸ਼ਟੀ ਕਰਨ  ਦਾ ਪ੍ਰਸਤਾਵ ਆਇਆ ਤਾਂ ਮੇਅਰ ਨੇ ਉਸ ’ਤੇ ਇਤਰਾਜ਼ ਪ੍ਰਗਟ ਕੀਤਾ ਕਿ ਪਿਛਲੇ ਹਾਊਸ ਦੀ  ਪ੍ਰੋਸੀਡਿੰਗ ’ਤੇ ਚਰਚਾ ਕੀਤੀ ਜਾਵੇ। ਮੇਅਰ ਦਾ ਕਹਿਣਾ ਸੀ ਕਿ ਨਿਗਮ ਦੇ ਅਧਿਕਾਰੀ ਅਕਸਰ  ਕੌਂਸਲਰ ਹਾਊਸ ਨੂੰ ਹਲਕੇ ਵਿਚ ਲੈਂਦੇ ਹਨ ਅਤੇ ਹਾਊਸ ਵਿਚ ਪਾਸ ਪ੍ਰਸਤਾਵਾਂ ’ਤੇ ਵੀ ਕੋਈ  ਐਕਸ਼ਨ ਨਹੀਂ ਲੈਂਦੇ।1991 ਵਿਚ ਜਲੰਧਰ ਨਗਰ ਨਿਗਮ ਦਾ ਗਠਨ ਹੋਇਆ ਸੀ ਅਤੇ ਪਿਛਲੇ 27  ਸਾਲਾਂ ਦੌਰਾਨ ਹਾਊਸ ਦੀਆਂ ਦਰਜਨਾਂ ਬੈਠਕਾਂ ਹੋ ਚੁੱਕੀਆਂ ਹਨ ਪਰ ਕਦੇ ਵੀ ਪ੍ਰੋਸੀਡਿੰਗ  ’ਤੇ ਇੰਨੀ ਖੁੱਲ੍ਹ ਕੇ ਚਰਚਾ ਨਹੀਂ ਹੋਈ। ਚਰਚਾ  ਦੌਰਾਨ ਮੇਅਰ ਨੇ ਨਗਰ ਨਿਗਮ ਦੇ  ਅਧਿਕਾਰੀਆਂ ਦੀ ਖੂਬ ਕਲਾਸ ਲਗਾਈ ਅਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਹੁਣ ਅੱਗੇ ਤੋਂ  ਕੌਂਸਲਰ ਹਾਊਸ ਵਿਚ ਪਾਸ ਹੋਏ ਪ੍ਰਸਤਾਵਾਂ ’ਤੇ ਜ਼ਰੂਰ ਐਕਸ਼ਨ ਕੀਤਾ ਜਾਵੇ ਨਹੀਂ ਤਾਂ  ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਸ ਚਰਚਾ ਦੌਰਾਨ ਕੌਂਸਲਰ ਰੇਰੂ ਨੇ ਕਿਹਾ ਕਿ  ਉਨ੍ਹਾਂ ਦੇ ਵਾਰਡ ਵਿਚ ਨਵੇਂ ਟਿਊਬਵੈੱਲ ਨੂੰ 10 ਦਿਨ ਵਿਚ ਲਾਉਣ ਦਾ ਵਾਅਦਾ ਹੋਇਆ ਸੀ  ਪਰ ਕੰਮ ਮਹੀਨੇ ਬਾਅਦ ਵੀ ਸ਼ੁਰੂ ਨਹੀਂ ਹੋਇਆ। ਜੈਤੇਵਾਲੀ ਤੋਂ ਸੀਵਰ ਲਾਈਨ ਜੋੜੀ ਜਾਣੀ  ਸੀ। ਉਸ ਮਾਮਲੇ ਵਿਚ ਵੀ ਕੁਝ ਨਹੀਂ ਕੀਤਾ ਗਿਆ। ਨਿਗਮ ਵਲੋਂ ਪਾਸ ਹੋਈ ਕਾਲੋਨੀ ਤੋਂ ਕਿਸ਼ਤ  ਲੈਣ ਦਾ ਵੀ ਯਤਨ ਨਹੀਂ ਕੀਤਾ ਗਿਆ। ਮੇਅਰ ਨੇ ਇਸ ਦੇ ਲਈ ਅਧਿਕਾਰੀਆਂ ਦੀ ਖੂਬ ਖਿਚਾਈ  ਕੀਤੀ। ਕੌਂਸਲਰ ਸੁਸ਼ੀਲ ਕਾਲੀਆ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਸਟ੍ਰੀਟ ਲਾਈਟ ਦਾ ਕੋਈ  ਪੈਟ੍ਰੋਲਰ ਨਹੀਂ ਜਾਂਦਾ ਅਤੇ ਨਾ ਹੀ ਖਰਾਬ ਟਿਊਬਵੈੱਲਾਂ ਨੂੰ ਜਲਦੀ ਠੀਕ ਕਰਨ ਲਈ  ਸਟੈਂਡਬਾਈ ਮੋਟਰ ਦਾ ਪ੍ਰਬੰੰਧ ਕੀਤਾ ਜਾਂਦਾ ਹੈ। ਡਾ. ਜਸਲੀਨ ਸੇਠੀ ਦਾ ਕਹਿਣਾ ਸੀ ਕਿ  ਉਨ੍ਹਾਂ ਦਾ ਵਾਰਡ ਅਜੇ ਵੀ 3 ਜ਼ੋਨਾਂ ਵਿਚ ਵੰਡਿਆ ਹੋਇਆ ਹੈ। ਪਿਛਲੇ ਹਾਊਸ ਵਿਚ ਮਾਮਲਾ  ਉਠਾਇਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਪ੍ਰਭਦਿਆਲ ਭਗਤ ਨੇ ਕਿਹਾ ਕਿ ਨਾ ਉਨ੍ਹਾਂ ਦੇ  ਵਾਰਡ ਦੇ ਸੀਵਰਾਂ ਤੋਂ ਗਾਰ ਨਿਕਲੀ ਅਤੇ ਨਾ ਹੀ ਗੜ੍ਹਾ ਦੇ ਸਰਕਾਰੀ ਸਕੂਲ ਦੀ ਜ਼ਮੀਨ ’ਤੇ  ਹੋਏ ਕਬਜ਼ਿਆਂ ’ਤੇ ਕੋਈ ਕਾਰਵਾਈ ਹੋਈ। ਹਾਊਸ ਵਿਚ ਮਾਮਲਾ ਉਠਣ ਦੇ ਬਾਵਜੂਦ ਨਾਜਾਇਜ਼  ਬਿਲਡਿੰਗ ਬਣਦੀ ਰਹੀ ਅਤੇ ਇੰਸਪੈਕਟਰ ਸੁਸ਼ਮਾ ਦੁੱਗਲ ਨੇ ਕੋਈ ਕਾਰਵਾਈ ਨਹੀਂ ਕੀਤੀ।  
ਇਨ੍ਹਾਂ ਦੋਸ਼ਾਂ ’ਤੇ ਵੀ ਅਧਿਕਾਰੀ ਚੁੱਪ ਰਹੇ ਪਰ ਬਾਅਦ ਵਿਚ ਏ. ਟੀ. ਪੀ. ਲਖਬੀਰ ਸਿੰਘ  ਨੇ ਸਰਵੇ ਕਰਨ ਦਾ ਕਹਿ ਕੇ ਮਾਮਲੇ ਨੂੰ ਸ਼ਾਂਤ ਕੀਤਾ। ਕੌਂਸਲਰ ਸੁਸ਼ੀਲ ਕਾਲੀਆ ਦਾ ਕਹਿਣਾ  ਸੀ ਕਿ ਉਨ੍ਹਾਂ ਦੇ ਵਾਰਡ ਵਿਚ ਅਜੇ ਤਕ ਪੈਚਵਰਕ ਨਹੀਂ ਹੋਏ ਅਤੇ ਨਾ ਹੀ ਟਾਵਰ ਦੀ ਆਗਿਆ ਬਾਰੇ ਕੋਈ ਕਾਰਵਾਈ ਕੀਤੀ ਗਈ। ਕੌਂਸਲਰ ਮਿੰਟੂ ਜੁਨੇਜਾ ਨੇ ਕਿਹਾ ਕਿ ਗੜ੍ਹਾ ਤੇ ਨਾਲ  ਲੱਗਦੇ ਤਿੰਨ ਵਾਰਡਾਂ ਦੇ 9 ਸੀਵਰਮੈਨ ਨਿਗਮ ਨੇ ਅਲਾਟ ਕਰਨੇ ਸੀ, ਜੋ ਅਜੇ ਤਕ ਨਹੀਂ ਹੋਏ।  ਸਟ੍ਰੀਟ ਲਾਈਟਾਂ ਵੀ ਠੀਕ ਨਹੀਂ ਹੋ ਰਹੀਆਂ ਅਤੇ ਤਿੰਨ ਮਹੀਨੇ ਤੋਂ ਲੇਬਰ ਕਾਲੋਨੀ ਦੀ  ਸਮੱਸਿਆ ਦੂਰ ਨਹੀਂ ਹੋ ਰਹੀ। ਕੌਂਸਲਰ ਨੀਰਜਾ ਜੈਨ ਨੇ ਕਿਹਾ ਕਿ ਪੈਟਰੋਲ ਪੰਪ ਕੋਲ ਮਲਬੇ  ਨੂੰ ਨਹੀਂ ਹਟਾਇਆ ਜਾ ਰਿਹਾ ਹੈ ਅਤੇ ਡਿੱਚ ਨਾ ਹੋਣ ਦਾ ਬਹਾਨਾ ਲਾਇਆ ਜਾ ਰਿਹਾ ਹੈ। ਕੌਂਸਲਰ  ਸ਼ਵੇਤਾ ਧੀਰ ਨੇ ਕਿਹਾ ਕਿ ਕਬੀਰ ਵਿਹਾਰ ਟੈਂਕੀ ਦੇ ਮਾਮਲੇ ਵਿਚ ਵੀ ਕੋਈ ਐਕਸ਼ਨ ਨਹੀਂ  ਲਿਆ  ਗਿਆ ਅਤੇ ਨਾ ਹੀ ਉਥੇ ਕੋਈ ਮੋਟਰ ਲਗਾਈ ਗਈ। ਕੌਂਸਲਰ ਉਮਾ ਬੇਰੀ ਨੇ ਕਿਹਾ ਕਿ ਮਾਸਟਰ  ਤਾਰਾ ਸਿੰਘ ਨਗਰ ਦੀਆਂ ਸਟ੍ਰੀਟ ਲਾਈਟਾਂ ਦੀ ਸ਼ਿਕਾਇਤ ਦੇ ਬਾਵਜੂਦ ਠੇਕੇਦਾਰ ਨੂੰ ਜੁਰਮਾਨਾ  ਨਹੀਂ ਲਾਇਆ ਗਿਆ ਅਤੇ ਨਾ ਹੀ ਪਾਣੀ ਸਪਲਾਈ ਦੇ ਸਮੇਂ ਬਿਜਲੀ ਚਲੇ ਜਾਣ ਦੀ ਸ਼ਿਕਾਇਤ ’ਤੇ  ਸਖਤ ਕਾਰਵਾਈ ਕੀਤੀ ਗਈ। ਭਾਜਪਾ ਕੌਂਸਲਰ ਚੰਦਰਜੀਤ ਕੌਰ ਸੰਧਾ ਨੇ ਕਿਹਾ ਕਿ ਕੱਚਾ ਕੋਟ  ਵਿਚ ਗਲਤ ਲੈਵਲ ਵਾਲਾ ਸੀਵਰ ਪਾਏ ਜਾਣ ਦੇ ਮਾਮਲੇ ਵਿਚ ਵੀ ਸੀਵਰੇਜ ਬੋਰਡ ਨੂੰ ਸਿਰਫ ਪੱਤਰ  ਲਿਖਿਆ ਗਿਆ, ਕਾਰਵਾਈ ਕੋਈ ਨਹੀਂ ਹੋਈ। ਵਾਰਡ ਦੇ ਪਾਰਕ ਦਾ ਨਾਂ ਰੱਖਣ ਦੇ ਪ੍ਰਸਤਾਵ ’ਤੇ  ਵੀ ਐਕਸ਼ਨ ਨਹੀਂ ਹੋਇਆ ਅਤੇ ਨਾ ਹੀ ਜਿਸ ਟੈਂਕੀ ਨੂੰ ਤੋੜਿਆ ਜਾਣਾ ਸੀ, ਉਸ ’ਤੇ ਕੋਈ  ਕਾਰਵਾਈ ਹੋਈ। 
ਕੌਂਸਲਰ ਜਸਪਾਲ ਕੌਰ ਭਾਟੀਆ ਨੇ ਕਿਹਾ ਕਿ 120 ਫੁੱਟ ਰੋਡ ’ਤੇ ਨਵਾਂ ਡੰਪ  ਨਾ ਬਣਾਏ ਜਾਣ ਦੇ ਕਾਰਨ ਸਮੱਸਿਆ ਕਾਫੀ ਗੰਭੀਰ ਹੈ ਅਤੇ ਉਹ ਖੇਤਰ ਮਿੰਨੀ ਵਰਿਆਣਾ ਬਣਦਾ  ਜਾ ਰਿਹਾ ਹੈ। ਕੌਂਸਲਰ ਨਿਰਮਲਜੀਤ ਨਿੰਮਾ ਨੇ ਕਿਹਾ ਕਿ ਟਾਵਰ ਦੇ ਮਾਮਲੇ ਵਿਚ ਪਿਛਲੇ  ਹਾਊਸ ਵਿਚ ਮਾਮਲਾ ਉਠਿਆ ਪਰ ਕੋਈ ਕਾਰਵਾਈ ਨਹੀਂ ਹੋਈ। ਕੀ ਨਿਗਮ ਵਲੋਂ ਸਪਲਾਈ ਪਾਣੀ ਨੂੰ ਫਿਲਟਰ ਕਰਨ ਦੀ ਜ਼ਰੂਰਤ ਹੈ, ਇਸ ਦਾ ਵੀ ਜਵਾਬ ਦੇਣਾ ਉਚਿਤ ਨਾ ਸਮਝਿਆ ਗਿਆ।
ਕੌਂਸਲਰ  ਰੋਹਨ ਸਹਿਗਲ ਨੇ ਕਿਹਾ ਕਿ ਉਨ੍ਹਾਂ ਦੇ ਅਤੇ ਨਾਲ ਵਾਲੇ ਵਾਰਡ ਵਿਚ ਪੈਂਦੀ ਸੜਕ ਦਾ ਨਾਂ  ਸ਼ਹੀਦ ਦੇਵਦੱਤ ਖੁੱਲਰ ਹੀ ਰੱਖੇ ਜਾਣ ਦੇ ਮਾਮਲੇ ਵਿਚ ਵੀ ਅਧਿਕਾਰੀਆਂ ਵਲੋਂ ਕੋਈ ਕਾਰਵਾਈ  ਨਹੀਂ ਹੋਈ। ਮਨਦੀਪ ਜੱਸਲ ਨੇ ਕਿਹਾ ਕਿ ਧੰਨੋਵਾਲੀ ਦੇ ਸੀਵਰ ਦੀ ਨਿਕਾਸੀ ਦਾ ਅਜੇ ਤਕ ਕੋਈ  ਹੱਲ ਨਹੀਂ ਹੋਇਆ ਅਤੇ 15-15 ਦਿਨ ਕੂੜਾ ਨਹੀਂ ਉਠਦਾ। ਪਿਛਲੇ 10 ਸਾਲਾਂ ਦੌਰਾਨ ਖੇਤਰ  ਵਿਚ ਕੱਟੀਆਂ ਗਈਆਂ ਨਾਜਾਇਜ਼  ਕਾਲੋਨੀਅਾਂ ਦੀ ਰਿਪੋਰਟ ਨਹੀਂ ਦਿੱਤੀ ਗਈ ਅਤੇ ਨਾ ਹੀ ਜਿਨ੍ਹਾਂ  ਸ਼ੋਅਰੂਮਾਂ ਨੇ ਪਾਰਕਿੰਗ ਵਾਲੀ ਜਗ੍ਹਾ ’ਤੇ ਦੁਕਾਨਾਂ ਖੋਲ੍ਹ ਰੱਖੀਆਂ ਹਨ, ਉਨ੍ਹਾਂ ’ਤੇ ਕੋਈ  ਕਾਰਵਾਈ ਹੋਈ। 
ਕੌਂਸਲਰ ਮਨਮੋਹਨ ਰਾਜੂ ਨੇ ਕਿਹਾ ਕਿ ਖਾਲੀ ਪਲਾਟਾਂ ਵਿਚ ਪਏ ਕੂੜੇ ਕਾਰਨ  ਕੋਈ ਚਲਾਨ ਨਹੀਂ ਹੋਇਆ ਅਤੇ ਨਾ ਹੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਕੌਂਸਲਰ ਵੀਰੇਸ਼  ਮਿੰਟੂ ਨੇ ਕਿਹਾ ਕਿ ਟਿਊਬਵੈੱਲ ਦੇ ਵਾਰ-ਵਾਰ ਸੜ ਜਾਣ ਅਤੇ ਸਟੈਂਡਬਾਈ ਮੋਟਰ ਦਾ ਕੋਈ  ਹੱਲ ਨਾ ਕੱਢਿਆ ਗਿਆ ਅਤੇ ਨਾ ਹੀ ਟਿਊਬਵੈੱਲਾਂ ਨੂੰ ਲਿੰਕ ਕੀਤਾ ਗਿਆ। ਡੰਪ ਮਾਮਲੇ ਦਾ ਵੀ  ਹੱਲ ਨਹੀਂ ਹੋਇਆ। ਮੇਅਰ ਨੇ ਟਿਊਬਵੈੱਲ ਮੇਨਟੀਨੈਂਸ ਦੇ ਠੇਕੇਦਾਰਾਂ ਨੂੰ ਜੁਰਮਾਨਾ ਲਗਾਏ  ਜਾਣ ਦੇ ਨਿਰਦੇਸ਼ ਜਾਰੀ ਕੀਤੇ। ਕੌਂਸਲਰ ਬੰਟੀ ਨੀਲਕੰਠ ਨੇ ਕਿਹਾ ਕਿ ਪੁਰਾਣੀ ਸਬਜ਼ੀ ਮੰਡੀ  ਚੌਕ ਤੋਂ ਕਪੂਰਥਲਾ ਚੌਕ ਤਕ ਕੋਈ ਸਟ੍ਰੀਟ ਲਾਈਟ ਪੁਆਇੰਟ ਨਹੀਂ ਲਾਇਆ ਗਿਆ ਅਤੇ ਨਾ ਹੀ  ਇਸ ਸੜਕ ’ਤੇ ਪੈਂਦੇ ਡੰਪ ਨੂੰ ਵੱਡਾ ਕੀਤਾ ਗਿਆ। ਤਿਕੋਣੀ ਪਾਰਕ ਨੂੰ ਵੀ ਨਹੀਂ ਹਟਾਇਆ  ਗਿਆ ਅਤੇ ਨਾ ਹੀ ਸਰਸਵਤੀ ਵਿਹਾਰ ਨੂੰ ਪੱਕਾ ਕਰਮਚਾਰੀ ਦਿੱਤਾ ਗਿਆ। ਸੰਗਤ ਸਿੰਘ ਨਗਰ  ਦੀਆਂ ਜ਼ਮੀਨਾਂ ਦੇ ਮਾਮਲੇ ਵਿਚ ਵੀ ਕੌਂਸਲਰ ਹਾਊਸ ਵਿਚ ਮਾਮਲਾ ਉਠਿਆ ਪਰ ਕੋਈ ਕਾਰਵਾਈ  ਨਹੀਂ ਹੋਈ।
 


Related News