ਸਿਹਤ ਮਹਿਕਮੇ ਦਾ ਕਾਰਨਾਮਾ, ਕੌਂਸਲਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਪਰ ਮੈਸੇਜ ਨੈਗੇਟਿਵ ਦਾ ਭੇਜਿਆ
Friday, Mar 19, 2021 - 10:45 AM (IST)
ਜਲੰਧਰ (ਖੁਰਾਣਾ)– ਕੋਰੋਨਾ ਕਾਲ ਨੂੰ ਸ਼ੁਰੂ ਹੋਇਆਂ ਲਗਭਗ ਇਕ ਸਾਲ ਹੋ ਚੁੱਕਾ ਹੈ ਪਰ ਇਸ ਕਾਰਜਕਾਲ ਦੌਰਾਨ ਸੂਬੇ ਦੇ ਸਿਹਤ ਮਹਿਕਮੇ ਨੇ ਅਣਗਿਣਤ ਮਾਮਲੇ ਵਿਚ ਇੰਨੀਆਂ ਵੱਡੀਆਂ ਲਾਪਰਵਾਹੀਆਂ ਕੀਤੀਆਂ ਹਨ, ਜਿਸ ਨਾਲ ਕਈ ਲੋਕਾਂ ਦੀ ਜਾਨ ’ਤੇ ਬਣ ਗਈ ਹੈ। ਸਿਹਤ ਮਹਿਕਮੇ ਦੀ ਅਜਿਹੀ ਹੀ ਇਕ ਨਾਲਾਇਕੀ ਅਤੇ ਲਾਪਰਵਾਹੀ ਦਾ ਨਮੂਨਾ ਉਸ ਸਮੇਂ ਨਜ਼ਰ ਆਇਆ, ਜਦੋਂ ਨਗਰ ਨਿਗਮ ਦੇ ਕਾਂਗਰਸੀ ਕੌਂਸਲਰ ਬਲਰਾਜ ਠਾਕੁਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਵਜੂਦ ਸਿਹਤ ਮਹਿਕਮੇ ਨੇ ਉਨ੍ਹਾਂ ਨੂੰ ਨੈਗੇਟਿਵ ਹੋਣ ਦਾ ਮੈਸੇਜ ਭੇਜ ਦਿੱਤਾ, ਜਿਸ ਕਾਰਨ ਕੋਰੋਨਾ ਇਨਫੈਕਟਿਡ ਹੋਣ ਦੇ ਬਾਵਜੂਦ ਕੌਂਸਲਰ ਬਲਰਾਜ ਲਗਾਤਾਰ 2 ਦਿਨ ਆਮ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਰਹੇ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ’ਚ ਹੋਲੇ-ਮਹੱਲੇ ਮੌਕੇ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਇਹ ਹੁਕਮ
ਪ੍ਰਾਪਤ ਜਾਣਕਾਰੀ ਅਨੁਸਾਰ ਕੌਂਸਲਰ ਬਲਰਾਜ ਠਾਕੁਰ ਦੀ ਪਿਛਲੇ ਹਫਤੇ ਤੋਂ ਤਬੀਅਤ ਕੁਝ ਖਰਾਬ ਚੱਲ ਰਹੀ ਸੀ, ਜਿਸ ਕਾਰਨ ਉਨ੍ਹਾਂ ਅਹਿਤਿਆਤ ਵਜੋਂ ਇਸ ਹਫਤੇ ਸੋਮਵਾਰ ਨੂੰ ਆਪਣਾ ਕੋਰੋਨਾ ਵਾਇਰਸ ਦਾ ਟੈਸਟ ਸਿਵਲ ਹਸਪਤਾਲ ਜਾ ਕੇ ਕਰਵਾਇਆ। ਉਨ੍ਹਾਂ ਨੂੰ ਮੰਗਲਵਾਰ ਤੱਕ ਕੋਰੋਨਾ ਰਿਪੋਰਟ ਦੇਣ ਦੀ ਗੱਲ ਕਹੀ ਗਈ। ਮੰਗਲਵਾਰ ਸ਼ਾਮੀਂ ਸਿਹਤ ਮਹਿਕਮੇ ਵੱਲੋਂ ਇਕ ਮੈਸੇਜ ਕੌਂਸਲਰ ਬਲਰਾਜ ਠਾਕੁਰ ਨੂੰ ਫੋਨ ’ਤੇ ਰਿਸੀਵ ਹੋਇਆ, ਜਿਸ ਵਿਚ ਸਾਫ ਲਿਖਿਆ ਸੀ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।
ਇਹ ਵੀ ਪੜ੍ਹੋ :ਅੰਧ ਵਿਸ਼ਵਾਸ ਨੇ ਟੱਪੀਆਂ ਹੱਦਾਂ, ਜਲੰਧਰ ’ਚ ਮੰਗਲੀਕ ਅਧਿਆਪਕਾ ਨੇ ਰਚਾਇਆ 13 ਸਾਲਾ ਮੁੰਡੇ ਨਾਲ ਵਿਆਹ
ਇਸ ਮਾਮਲੇ ਵਿਚ ਬੇਫਿਕਰ ਹੋ ਚੁੱਕੇ ਬਲਰਾਜ ਠਾਕੁਰ ਨੇ ਮੰਗਲਵਾਰ ਅਤੇ ਬੁੱਧਵਾਰ ਆਮ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਰਹਿਣ ਦਾ ਸਿਲਸਿਲਾ ਜਾਰੀ ਰੱਖਿਆ ਕਿਉਂਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਸਿਹਤ ਮਹਿਕਮੇ ਵੱਲੋਂ ਆਇਆ ਮੈਸੇਜ ਸਹੀ ਹੀ ਹੋਵੇਗਾ। ਕੌਂਸਲਰ ਬਲਰਾਜ ਦੀ ਹੈਰਾਨੀ ਦੀ ਉਸ ਸਮੇਂ ਕੋਈ ਹੱਦ ਨਾ ਰਹੀ, ਜਦੋਂ ਵੀਰਵਾਰ ਉਨ੍ਹਾਂ ਨੂੰ ਮੀਡੀਆ ਜ਼ਰੀਏ ਪਤਾ ਲੱਗਾ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਤਾਂ ਪਾਜ਼ੇਟਿਵ ਆਈ ਹੈ।
ਇਸ ’ਤੇ ਕੌਂਸਲਰ ਬਲਰਾਜ ਠਾਕੁਰ ਨੇ ਸਿਵਲ ਹਸਪਤਾਲ ਦੇ ਇਕ ਰਿਟਾਇਰਡ ਡਾਕਟਰ ਨੂੰ ਫੋਨ ਕੀਤਾ, ਜਿਨ੍ਹਾਂ ਆਪਣੇ ਪੱਧਰ ’ਤੇ ਕੋਸ਼ਿਸ਼ ਕਰਕੇ ਰਿਕਾਰਡ ਵਿਚ ਕੌਂਸਲਰ ਬਲਰਾਜ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਤਾ ਕੀਤੀ। ਉਸ ਡਾਕਟਰ ਨੇ ਕੌਂਸਲਰ ਬਲਰਾਜ ਦੇ ਵ੍ਹਟਸਐਪ ’ਤੇ ਜਿਹੜੀ ਕੋਰੋਨਾ ਰਿਪੋਰਟ ਫਾਰਵਰਡ ਕੀਤੀ, ਉਸ ਵਿਚ ਕੌਂਸਲਰ ਬਲਰਾਜ ਠਾਕੁਰ ਨੂੰ ਪਾਜ਼ੇਟਿਵ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ : ਕੈਪਟਨ ਵੱਲੋਂ ਖੇਤਰੀਕਰਨ ਦੀ ਨੀਤੀ ਦਾ ਸਖ਼ਤ ਵਿਰੋਧ, ਕਿਹਾ-‘ਅਮਰਿੰਦਰ ਭਾਰਤੀਆਂ ਦੇ ਹੱਕ ’ਚ ਖੜ੍ਹਾ’
ਖਾਸ ਗੱਲ ਇਹ ਹੈ ਕਿ ਰਿਪੋਰਟ ਅਤੇ ਮੈਸੇਜ ਇਕ ਹੀ ਸੈਂਪਲ ਦੇ ਹਨ। ਹੁਣ ਇਸ ਮਾਮਲੇ ਵਿਚ ਸਿਹਤ ਮਹਿਕਮੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਕਿਸ ਆਧਾਰ ’ਤੇ ਕੌਂਸਲਰ ਨੂੰ ਪਹਿਲਾਂ ਨੈਗੇਟਿਵ ਹੋਣ ਦਾ ਮੈਸੇਜ ਭੇਜਿਆ ਗਿਆ ਅਤੇ 2 ਦਿਨ ਬਾਅਦ ਜਦੋਂ ਉਨ੍ਹਾਂ ਆਪਣੀ ਰਿਪੋਰਟ ਪਤਾ ਕਰਵਾਈ ਤਾਂ ਉਹ ਪਾਜ਼ੇਟਿਵ ਨਿਕਲੀ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ